ਮੁੱਖ ਖਬਰਾਂ

ਪੰਜਾਬ ਪੁਲਿਸ ਦਾ ਸ਼ਰਮਨਾਕ ਕਾਰਾ, ਕੈਦੀ ਦੀ ਪਿੱਠ 'ਤੇ ਗਰਮ ਰਾਡ ਨਾਲ ਲਿਖਿਆ 'ਗੈਂਗਸਟਰ'

By Jasmeet Singh -- August 17, 2022 8:52 pm -- Updated:August 17, 2022 11:14 pm

ਜਲੰਧਰ, 17 ਅਗਸਤ: ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦਾ ਅਣਮਨੁੱਖੀ ਚਿਹਰਾ ਜੱਗ ਜ਼ਾਹਿਰ ਹੋ ਗਿਆ। ਇਹ ਉਦੋਂ ਹੋਇਆ ਜਦੋਂ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਕੈਦੀ ਨੇ ਕਪੂਰਥਲਾ ਸੈਸ਼ਨ ਕੋਰਟ 'ਚ ਆਪਣੀ ਕਮੀਜ਼ ਲਾਹ ਦਿੱਤੀ। ਗਰਮ ਰਾਡ ਨਾਲ ਕੈਦੀ ਦੀ ਪਿੱਠ 'ਤੇ ਜ਼ਬਰਦਸਤੀ ਗੈਂਗਸਟਰ ਲਿਖਿਆ ਗਿਆ ਸੀ। ਪੰਜਾਬ ਪੁਲਿਸ ਦੇ ਇਸ ਅਣਮਨੁੱਖੀ ਵਤੀਰੇ ਨੂੰ ਦੇਖ ਕੇ ਜਿੱਥੇ ਜੱਜ ਹੱਕੇ-ਬੱਕੇ ਰਹਿ ਗਏ ਉੱਥੇ ਹੀ ਕੋਰਟ ਰੂਮ 'ਚ ਮੌਜੂਦ ਹਰ ਕੋਈ ਦੰਗ ਰਹਿ ਗਿਆ।

ਜਿਸਤੋਂ ਬਾਅਦ ਕੈਦੀ ਦੀ ਅਪੀਲ ’ਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਥਾਣਾ ਢਿਲਵਾਂ ਵਿਖੇ ਸਾਲ 2017 ਵਿੱਚ ਐਫਆਈਆਰ ਨੰਬਰ 23 ਅਧੀਨ ਸਬੰਧੀ ਮੁਲਜ਼ਮ ਤਰਸੇਮ ਸਿੰਘ ਉਰਫ਼ ਜੋਧਾ ਤੇ ਹੋਰਨਾਂ ਖ਼ਿਲਾਫ਼ ਲੁੱਟ ਦੀ ਯੋਜਨਾ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਮੁਲਜ਼ਮ ਤਰਸੇਮ ਸਿੰਘ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਇਸ ਵੇਲੇ ਫਿਰੋਜ਼ਪੁਰ ਜੇਲ੍ਹ ਵਿੱਚ ਕੈਦ ਹੈ। ਉਕਤ ਮਾਮਲੇ ਵਿੱਚ ਜਦੋਂ ਅੱਜ ਮੁਲਜ਼ਮ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਕੈਦੀ ਨੇ ਪਿੱਠ 'ਤੇ ਪੁਲਿਸ ਦੀ ਬੇਰਹਿਮੀ ਦਾ ਸਬੂਤ ਦਿੱਤਾ ਅਤੇ ਤਸ਼ੱਦਦ ਦਾ ਦਰਦ ਬਿਆਨ ਕੀਤਾ।

ਅਦਾਲਤ ਨੇ ਕੈਦੀ ਨਾਲ ਹੋੇਏ ਅਨਿਆਂ ਨੂੰ ਦੇਖਦਿਆਂ ਉਸਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਮੈਡੀਕਲ ਲਈ ਭੇਜ ਦਿੱਤਾ। ਖ਼ਬਰਾਂ ਮੁਤਾਬਕ 20 ਅਗਸਤ ਨੂੰ ਕੈਦੀ ਦੀ ਮੈਡੀਕਲ ਰਿਪੋਰਟ ਸੌਂਪੀ ਜਾਵੇਗੀ। ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਕ ਮੁੱਢਲੀ ਜਾਂਚ ਵਿੱਚ ਗਰਮ ਰਾਡ ਤੋਂ 'ਗੈਂਗਸਟਰ' ਲਿਖਿਆ ਗਿਆ ਹੈ ਤੇ ਰਿਪੋਰਟ ਤਿਆਰ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅਣਮਿੱਥੇ ਸਮੇਂ ਲਈ ਸਮੂਹਿਕ ਛੁੱਟੀ 'ਤੇ ਜਾਵੇਗਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ


-PTC News

  • Share