ਪੰਜਾਬ

ਸੈਲਾਂ ਖੁਰਦ ਵਿੱਚ ਦਿਨ ਦਿਹਾੜੇ ਕਬਾੜ ਦਾ ਕੰਮ ਕਰਦੇ ਵਿਆਕਤੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ

By Jasmeet Singh -- August 10, 2022 8:34 pm

ਜੁਰਮ, 10 ਅਗਸਤ: ਹੁਸ਼ਿਆਰਪੁਰ ਤੋਂ ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਸੈਲਾਂ ਖੁਰਦ ਵਿੱਚ ਅੱਜ ਉਦੋਂ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲੁਟੇਰਿਆਂ ਨੇ ਦਿਨ ਦਿਹਾੜੇ ਕਬਾੜ ਦਾ ਕੰਮ ਕਰਦੇ ਬਜ਼ੁਰਗ ਦੁਕਾਨਦਾਰ ਦਾ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਸਗੋਂ ਕਤਲ ਕਰਕੇ ਪੱਚੀ ਹਜ਼ਾਰ ਰੁਪਏ ਦੀ ਨਗਦੀ ਵੀ ਲੁੱਟ ਕੇ ਲੈ ਗਏ।


ਲੁਟੇਰਿਆਂ ਨੇ ਕਬਾੜੀਏ ਦੀ ਦੁਕਾਨ ਅੰਦਰ ਦਾਖਲ ਹੋ ਕੇ ਘਟਨਾਂ ਨੂੰ ਅੰਜਾਮ ਦਿੱਤਾ ਅਤੇ ਇਸ ਉਪਰੰਤ ਪੱਚੀ ਹਜ਼ਾਰ ਦੀ ਨਗਦੀ ਤੇ ਮਹਿੰਗਾ ਮੋਬਾਈਲ ਵੀ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਮ੍ਰਿਤਕ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਪਿਉ ਪੁੱਤਰ ਲੰਬੇ ਸਮੇਂ ਤੋਂ ਸ਼ਹਿਰ ਅੰਦਰ ਕਬਾੜ ਦਾ ਕੰਮ ਕਰਦੇ ਹਨ ਅਤੇ ਅੱਜ ਜਦੋਂ ਗੱਤਾ ਖ਼ਰੀਦਣ ਲਈ ਬਜ਼ਾਰ ਗਿਆ ਸੀ ਤਾਂ ਵਾਪਿਸ ਆ ਕੇ ਦੇਖਿਆ ਕਿ ਉਸ ਦੇ ਪਿਤਾ ਦੇ ਸਿਰ ਵਿੱਚ ਸੱਟਾਂ ਮਾਰਕੇ ਉਸਦਾ ਦਾ ਕਤਲ ਕਰ ਦਿੱਤਾ ਗਿਆ।

ਬਲਜੀਤ ਨੇ ਅੱਗੇ ਦੱਸਿਆ ਕਿ ਦੁਕਾਨ ਵਿੱਚੋ ਪੱਚੀ ਹਜ਼ਾਰ ਦੀ ਨਗਦੀ ਅਤੇ ਮੋਬਾਈਲ ਫੋਨ ਵੀ ਗਾਇਬ ਸਨ। ਉਸ ਦੇ ਅਨੁਸਾਰ ਲੁਟੇਰਿਆਂ ਨੇ ਲੁੱਟ ਖੋਹ ਦੇ ਇਰਾਦੇ ਨਾਲ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਇਸ ਖਿੱਚ ਧੂਹ ਵਿਚ ਵੇਖਿਆ ਕਿ ਪਿਤਾ ਦੀ ਕਮੀਜ਼ ਦੇ ਬਟਨ ਵੀ ਟੁੱਟੇ ਹੋਏ ਸਨ।

ਉਸ ਅਨੁਸਾਰ ਇਸ ਤੋਂ ਪਹਿਲਾਂ ਵੀ ਉਸਦਾ ਪਿਤਾ ਦੁਕਾਨ ਤੋਂ ਵਾਪਿਸ ਪਿੰਡ ਨੂੰ ਜਾਂਦਿਆਂ ਦੋ ਵਾਰ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋ ਚੁੱਕਾ ਸੀ। ਘਟਨਾਂ ਦੀ ਸੂਚਨਾ ਮਿਲਦਿਆਂ ਡੀਐਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ, ਐਸਐਚਓ ਮਾਹਿਲਪੁਰ ਜਸਵੰਤ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।


-PTC News

  • Share