ਪੰਜਾਬ

ਗੜ੍ਹਸ਼ੰਕਰ ਪੁਲਿਸ ਵੱਲੋਂ ਪਿਸਤੌਲ ਤੇ ਕਾਰਤੂਸਾਂ ਸਮੇਤ 2 ਨੌਜਵਾਨ ਕਾਬੂ

By Jasmeet Singh -- August 31, 2022 10:20 pm -- Updated:August 31, 2022 10:21 pm

ਗੜ੍ਹਸ਼ੰਕਰ, 31 ਅਗਸਤ: ਗੜ੍ਹਸ਼ੰਕਰ ਪੁਲਿਸ ਨੇ ਪਿਸਤੌਲ ਅਤੇ ਕਾਰਤੂਸਾਂ ਸਮੇਤ 2 ਲੋਕਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਜਰਨੈਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁੱਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਕਾਰਵਾਈ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸਬ ਡਵੀਜਨ ਗੜ੍ਹਸ਼ੰਕਰ ਉਪ ਕਪਤਾਨ ਦਲਜੀਤ ਸਿੰਘ ਖੱਖ ਦੀ ਹਦਾਇਤ ਅਨੁਸਾਰ ਅਤੇ ਮੇਰੀ ਨਿਗਰਾਨੀ ਹੇਠ ਨਾਕਾਬੰਦੀ ਲਾਈ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਏ.ਐਸ.ਆਈ ਹਰਭਜਨ ਸਿੰਘ ਨੇ ਪੁਲਿਸ ਪਾਰਟੀ ਨਾਲ ਟੀ-ਪੁਆਇੰਟ ਭੱਜਲਾਂ 'ਤੇ ਨਾਕੇਬੰਦੀ ਦੌਰਾਨ ਇੱਕ ਕਾਰ ਦੀ ਚੈਕਿੰਗ ਦੌਰਾਨ ਇਹ ਸਫ਼ਲਤਾ ਹਾਸਿਲ ਕੀਤੀ।

ਗੱਡੀ ਨੰਬਰ ਪੀਬੀ 07-ਬੀ ਵਾਈ 6463 ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਕਾਰ ਵਿੱਚ ਬੈਠੇ ਨੌਜਵਾਨ ਕਮਲਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਨੰਗਲ ਕਲਾਂ ਤੋਂ ਪੁੱਛਗਿੱਛ ਦੌਰਾਨ ਉਸ ਦੀ ਪੈਂਟ ਦੀ ਡੱਬ ਵਿੱਚੋਂ ਇੱਕ 7.65 ਐਮ.ਐਮ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਹੋਈ ਹੈ।

ਪਿਸਤੌਲ ਨੂੰ ਅਨਲੋਡ ਕਰਨ 'ਤੇ ਪੁਲਿਸ ਨੂੰ ਮੈਗਜ਼ੀਨ ਵਿੱਚੋਂ 05 ਜਿੰਦਾ ਰੌਂਦ ਬਰਾਮਦ ਹੋਏ। ਦੂਜਾ ਨੌਜਵਾਨ ਜਿਸ ਦਾ ਨਾਮ ਸੁਖਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਹਕੂਮਤਪੁਰ ਦੀ ਤਲਾਸ਼ੀ ਕਰਨ 'ਤੇ ਉਸ ਦੀ ਪੈਂਟ ਦੀ ਜੇਬ ਵਿੱਚੋਂ 5 ਜਿੰਦਾ ਰੌਂਦ 32 ਬੋਰ ਬਰਾਮਦ ਹੋਏ।

ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਖਿਲਾਫ ਮੁੱਕਦਮਾ ਨੰਬਰ 154 ਅ/ਧ 25-54-59 ARMS ACT ਥਾਣਾ ਗੜਸ਼ੰਕਰ ਵਿਖੇ ਦਰਜ ਕਰਕੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਈ ਗਈ ਹੈ। ਐਸ.ਐਚ.ਓ ਥਾਣਾ ਗੜ੍ਹਸ਼ੰਕਰ ਕਰਨੈਲ ਸਿੰਘ ਮੁਤਾਬਕ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ।


-PTC News

  • Share