ਮੁੱਖ ਖਬਰਾਂ

ਪਾਣੀ ਵਿਚੋਂ ਲੰਘ ਕੇ ਜਾਂਦੇ ਸਰਕਾਰੀ ਸਕੂਲ ਦੇ ਛੋਟੇ ਛੋਟੇ ਬੱਚੇ, ਕਦੇ ਵੀ ਵਾਪਰ ਸਕਦਾ ਵੱਡਾ ਹਾਦਸਾ

By Jasmeet Singh -- August 04, 2022 12:40 pm

ਮਾਨਸਾ, 4 ਅਗਸਤ: ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਕੰਧਵਾਲਾ ਅਮਰਕੋਟ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਛੋਟੇ ਛੋਟੇ ਬੱਚਿਆ ਨੂੰ ਸਕੂਲ ਆਉਣ ਜਾਣ ਲਈ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇ ਸੜਕ ਤੇ ਖੜੇ ਬਦਬੂ ਮਾਰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ। ਇਸਨੂੰ ਲੈ ਕੇ ਪਿੰਡ ਦੇ ਇੱਕ ਜਾਗਰੂਕ ਨਾਗਰਿਕ ਵੱਲੋਂ ਪਾਣੀ ਵਿਚੋਂ ਲੰਘਦੇ ਬੱਚਿਆਂ ਦੀ ਵੀਡਿਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ, ਜਿਸਤੋਂ ਬਾਅਦ ਅਸੀਂ ਵੀ ਇਸਦਾ ਸੱਚ ਜਾਨਣ ਲਈ ਪਿੰਡ ਕੰਧਵਾਲਾ ਅਮਰਕੋਟ ਦੇ ਇਸੇ ਸਕੂਲ ਦੇ ਬਾਹਰ ਪਹੁੰਚਦੇ ਹਾਂ ਜਿੱਥੋਂ ਦੀ ਵੀਡਿਓ ਵਾਇਰਲ ਹੁੰਦੀ ਹੈ।


ਪ੍ਰਾਇਮਰੀ ਸਕੂਲ ਦੇ ਨਾਲ ਹੀ ਹਾਈ ਸਕੂਲ ਬਣਿਆ ਹੋਇਆ ਹੈ। ਮਹਿੰਦਰ ਰਾਮ ਸਕੂਲ ਦੇ ਹੈਡ ਟੀਚਰ ਹਨ। ਸਕੂਲ ਦੇ ਸਾਹਮਣਿਓਂ ਲੰਘਦੀ ਸੜਕ ਕਈ ਪਿੰਡਾਂ ਦੀ ਸੰਪਰਕ ਸੜਕ ਹੈ ਤੇ ਆਵਾਜਾਈ ਵੀ ਕਾਫੀ ਰਹਿੰਦੀ ਹੈ। ਲੋਕਾਂ ਨੂੰ ਪਾਣੀ ਨਾਲ ਭਰੀ ਸੜਕ ਵਿਚੋਂ ਲੰਘਣਾ ਬੇਹੱਦ ਔਖਾ ਹੁੰਦਾ ਹੈ ਤੇ ਕਈ ਵਾਰੀ ਹਾਦਸੇ ਵਾਪਰੇ ਹਨ। ਲੋਕਾਂ ਦਾ ਪਿੰਡ ਦੀ ਪੰਚਾਇਤ ਅਤੇ ਸੜਕ ਬਣਾਉਣ ਲਈ ਟੈਂਡਰ ਚੁੱਕਣ ਵਾਲੇ ਠੇਕੇਦਾਰ ਖਿਲਾਫ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਚਾਇਤ ਤੇ ਠੇਕੇਦਾਰ ਦੀ ਲਾਪਰਵਾਹੀ ਦਾ ਖ਼ਮਿਆਜਾ ਆਮ ਲੋਕਾਂ, ਸਕੂਲ ਆਉਂਦੇ ਛੋਟੇ ਛੋਟੇ ਬੱਚਿਆਂ ਨੂੰ ਭੁਗਤਨਾ ਪੈ ਰਿਹਾ ਹੈ।

ਉਧਰ ਇਸ ਮਾਮਲੇ ਤੇ ਪਿੰਡ ਦੀ ਸਰਪੰਚ ਇੰਦਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਸੜਕ ਬਣਵਾਉਣ ਲਈ ਕੋਸ਼ਿਸ਼ ਕਰ ਰਹੀ ਹੈ ਪਰ ਠੇਕੇਦਾਰ ਦੀ ਆਨਾ ਕਨੀ ਕਰਕੇ ਕੰਮ ਅਧ ਵਿਚਕਾਰ ਪਿਆ ਹੈ। ਉਨ੍ਹਾਂ ਪਿੰਡ ਦੇ ਕੁਛ ਲੋਕਾਂ ਤੇ ਵੀ ਕੰਮ ਵਿਚ ਰੁਕਾਵਟ ਦਾ ਦੋਸ਼ ਲਾਇਆ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਹੈਡ ਟੀਚਰ ਮਹਿੰਦਰ ਰਾਮ ਨੇ ਦੱਸਿਆ ਕਿ ਬੱਚਿਆਂ ਤੇ ਸਟਾਫ਼ ਨੂੰ ਬੜਾ ਔਖਾ ਹੁੰਦਾ ਹੈ। ਸਕੂਲ ਨੇ ਆਪਣੇ ਪੱਧਰ ਤੇ ਰੋੜੀ ਪਵਾਈ ਹੈ ਤਾਂ ਜੋ ਆਉਣ ਜਾਣ ਵਿੱਚ ਮੁਸ਼ਕਿਲ ਨਾ ਹੋਵੇ ਪਰ ਸੜਕ ਦਾ ਕੰਮ ਰੁਕੇ ਹੋਣ ਕਰਕੇ ਸਾਰਿਆ ਨੂੰ ਪਰੇਸ਼ਾਨੀ ਹੋ ਰਹੀ ਹੈ।


-PTC News

  • Share