ਗੁਜਰਾਤ ਦੀ ਅਦਾਲਤ ਨੇ ਨੀਰਵ ਮੋਦੀ ਨੂੰ ਐਲਾਨਿਆ ਭਗੌੜਾ ,15 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ

Gujarat Court Nirav Modi

ਗੁਜਰਾਤ ਦੀ ਅਦਾਲਤ ਨੇ ਨੀਰਵ ਮੋਦੀ ਨੂੰ ਐਲਾਨਿਆ ਭਗੌੜਾ ,15 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ:ਮੁੰਬਈ: ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਗੁਜਰਾਤ ਦੀ ਇੱਕ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ।ਪੰਜਾਬ ਨੈਸ਼ਨਲ ਬੈਂਕ ‘ਚ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਦੋਸ਼ੀ ਨੀਰਵ ਮੋਦੀ ਨੂੰ ਗੁਜਰਾਤ ਦੀ ਇੱਕ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿੱਚ ਭਗੌੜਾ ਐਲਾਨ ਕਰਦਿਆਂ 15 ਨਵੰਬਰ ਤੱਕ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਅਦਾਲਤ ਵਲੋਂ ਕਸਟਮ ਡਿਊਟੀ ਤੋਂ ਬੱਚਣ ਦੇ ਮਾਮਲੇ ਵਿੱਚ ਫ਼ਰਾਰ ਐਲਾਨੇ ਜਾਣ ਤੋਂ ਬਾਅਦ ਨੀਰਵ ਮੋਦੀ ਨੂੰ ਅਗਾਊਂ ਜ਼ਮਾਨਤ ਮਿਲਣ ਵਿੱਚ ਹੋਰ ਜ਼ਿਆਦਾ ਮੁਸ਼ਕਲ ਹੋ ਸਕਦੀ ਹੈ।ਅਖ਼ਬਾਰਾਂ ਵਿੱਚ ਜਾਰੀ ਕੀਤੀ ਗਈ ਇਹ ਨੋਟੀਫ਼ਿਕੇਸ਼ਨ ਸਾਰੇ ਸਰਕਾਰੀ ਅਤੇ ਪੁਲਿਸ ਵਿਭਾਗ ਵਿੱਚ ਭੇਜ ਦਿੱਤੀ ਗਈ ਹੈ।

ਦੱਸ ਦੇਈਏ ਕਿ ਸੂਰਤ ਵਿੱਚ ਮੁੱਖ ਨਿਆਂਇਕ ਮੈਜਿਸਟ੍ਰੈਟ ਨੇ ਅੱਠ ਅਗਸਤ ਨੂੰ ਕਸਟਮ ਵਿਭਾਗ ਵੱਲੋਂ ਦਾਖ਼ਲ ਪਟੀਸ਼ਨ ‘ਤੇ ਫ਼ੈਸਲਾ ਕਰਦਿਆਂ ਨੀਰਵ ਮੋਦੀ ਨੂੰ ਅਗਲੇ ਵੀਰਵਾਰ 15 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਸੂਰਤ ਦੀ ਅਦਾਲਤ ਵਿੱਚ ਕਸਟਮ ਉਪ ਕਮਿਸ਼ਨਰ ਆਰ.ਕੇ. ਤਿਵਾੜੀ ਨੇ ਨੀਰਵ ਮੋਦੀ ਅਤੇ ਉਸ ਦੀਆਂ ਤਿੰਨ ਕੰਪਨੀਆਂ ਵਿਰੁੱਧ ਪਟੀਸ਼ਨ ਦਾਖ਼ਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਸਮੇਤ ਕਈ ਮਾਮਲਿਆਂ ਮੁੱਖ ਮੁਲਜ਼ਮ ਹੈ।
-PTCNews