ਹਰਿੰਦਰਪਾਲ ਚੰਦੂਮਾਜਰਾ ਨੇ ਦੋ ਸੜਕਾਂ ਦੀ ਉਸਾਰੀ ਸੰਬੰਧੀ ਕਾਂਗਰਸ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਖੋਲ੍ਹੀ ਪੋਲ੍ਹ

By PTC NEWS - March 04, 2020 7:03 pm

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਦੋ ਮੁੱਖ ਸੜਕਾਂ ਦੀ ਉਸਾਰੀ ਸੰਬੰਧੀ ਕਾਂਗਰਸ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ੍ਹ ਖੋਲ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਣਬੁੱਝ ਕੇ ਪਟਿਆਲਾ-ਕੁਰਕੂਸ਼ੇਤਰ ਅਤੇ ਬੰਗਾ-ਗੜ੍ਹਸ਼ੰਕਰ ਸੜਕਾਂ ਦੀਆਂ ਮੁਕੰਮਲ ਪ੍ਰਾਜੈਕਟ ਰਿਪੋਰਟਾਂ (ਡੀਪੀਆਰਜ਼) ਨਹੀਂ ਭੇਜੀਆਂ ਹਨ। ਇਹਨਾਂ ਸੜਕਾਂ ਨੂੰ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਰਾਸ਼ਟਰੀ ਸ਼ਾਹਮਾਰਗ ਐਲਾਨਿਆ ਗਿਆ ਸੀ।

ਇਸ ਮੁੱਦੇ ਨੂੰ ਉਠਾਉਂਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਇੱਕ ਰਾਸ਼ਟਰੀ ਸ਼ਾਹ ਮਾਰਗ ਐਲਾਨੇ ਜਾਣ ਤੋਂ ਬਾਅਦ ਉਹਨਾਂ ਪੁੱਛਿਆ ਸੀ ਕਿ ਪਟਿਆਲਾ-ਕੁਰਕੂਸ਼ੇਤਰ ਸੜਕ ਉੱਤੇ ਕੰਮ ਕਦੋਂ ਸ਼ੁਰੂ ਹੋਵੇਗਾ? ਉਹਨਾਂ ਕਿਹਾ ਕਿ ਪੀਡਬਲਿਊਡੀ ਮੰਤਰੀ ਰਜ਼ੀਆ ਸੁਲਤਾਨਾ ਨੇ ਕਬੂਲ ਕੀਤਾ ਸੀ ਕਿ ਇਹ ਸੜਕ ਇਕ ਰਾਸ਼ਟਰੀ ਸ਼ਾਹਮਾਰਗ ਐਲਾਨੀ ਜਾ ਚੁੱਕੀ ਹੈ ਅਤੇ ਵਿਭਾਗ ਵੱਲੋਂ ਇੱਕ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ, ਜਿਹੜੀ 2018-19 ਤਕ ਤਿਆਰ ਹੋ ਜਾਵੇਗੀ ਅਤੇ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

ਚੰਦੂਮਾਜਰਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਉਹੀ ਸਵਾਲ ਇਸ ਸਾਲ 27 ਫਰਵਰੀ ਨੂੰ ਮੌਜੂਦਾ ਪੀਡਬਲਿਊਡੀ ਮੰਤਰੀ ਵਿਜੈ ਇੰਦਰ ਸਿੰਗਲਾ ਪੁੱਛਿਆ ਤਾਂ ਉਹ ਇਹ ਜੁਆਬ ਸੁਣ ਕੇ ਹੈਰਾਨ ਰਹਿ ਗਏ ਕਿ ਇਸ ਸੜਕ ਨੂੰ ਰਾਸ਼ਟਰੀ ਸ਼ਾਹਮਾਰਗ ਨਹੀਂ ਐਲਾਨਿਆ ਗਿਆ ਹੈ।

ਚੰਦੂਮਾਜਰਾ ਨੇ ਕਿਹਾ ਕਿ ਇੱਥੋਂ ਤਕ ਕਿ ਬੰਗਾ-ਗੜ੍ਹਸ਼ੰਕਰ ਸੜਕ ਵੀ ਇੱਕ ਰਾਸ਼ਟਰੀ ਸ਼ਾਹਮਾਰਗ ਐਲਾਨੀ ਜਾ ਚੁੱਕੀ ਹੈ ਪਰ ਇਸ ਦੀ ਡੀਪੀਆਰ ਸਮੇਂ ਸਿਰ ਨਹੀਂ ਭੇਜੀ ਗਈ, ਜਿਸ ਕਰਕੇ ਇਸ ਨੂੰ ਪਹਿਲ ਸੂਚੀ ਤੋਂ ਹਟਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕਾਂਗਰਸ ਸਰਕਾਰ ਨੇ ਜਾਣਬੁੱਝ ਕੇ ਇਹਨਾਂ ਦੋਵੇਂ ਪ੍ਰਾਜੈਕਟਾਂ ਉੱਤੇ ਕੰਮ ਰੋਕ ਦਿੱਤਾ ਹੈ, ਕਿਉਂਕਿ ਇਹਨਾਂ ਦੋਵੇਂ ਪ੍ਰਾਜੈਕਟਾਂ ਨੂੰ ਅਕਾਲੀ-ਭਾਜਪਾ ਸਰਕਾਰ ਵੇਲੇ ਮਨਜ਼ੂਰੀ ਦਿੱਤੀ ਗਈ ਸੀ।

ਅਕਾਲੀ ਵਿਧਾਇਕ ਨੇ ਇੱਕ ਧਿਆਨ ਦਿਵਾਊ ਮਤਾ ਪੇਸ਼ ਕੀਤਾ ਜਿਸ ਦੌਰਾਨ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਉਦਯੋਗਾਂ ਦੀ ਰਹਿੰਦ-ਖੂੰਹਦ ਘੱਗਰ ਦਰਿਆ ਨੂੰ ਪਲੀਤ ਕਰ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਕ ਵਫ਼ਦ ਇਸ ਸੰਬੰਧੀ ਜਲ ਸ਼ਕਤੀ ਮੰਤਰੀ ਨੂੰ ਮਿਲਿਆ ਸੀ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਇਸ ਮੁੱਦੇ ਉੱਤੇ ਇਤਰਾਜ਼ ਪ੍ਰਗਟਾਇਆ ਸੀ।

ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਉਹਨਾਂ ਉਦਯੋਗਿਕ ਇਕਾਈਆਂ ਨੂੰ ਰੋਕਣ ਲਈ ਕੁੱਝ ਨਹੀਂ ਕਰ ਰਹੀ ਹੈ, ਜਿਹਨਾਂ ਵੱਲੋਂ ਉਦਯੋਗਿਕ ਰਹਿੰਦ-ਖੂੰਹਦ ਨੂੰ ਫੈਕਟਰੀਆਂ ਤੋਂ ਛੱਡਣ ਤੋਂ ਪਹਿਲਾਂ ਉਹਨਾਂ ਦੀ ਸਫਾਈ ਲਈ ਈਟੀਪੀਜ਼ ਅਤੇ ਐਸਟੀਪੀਜ਼ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।

-PTC News

adv-img
adv-img