
ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਸੰਸਦ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਐਮਪੀਜ਼ ਨੂੰ ਆਖਿਆ ਕਿ ਉਹ ਪਹਿਲਾਂ ਆਪੋ ਆਪਣੇ ਸੂਬਿਆਂ ਵਿਚ ਪੈਟਰੋਲ ਅਤੇ ਡੀਜ਼ਲ ’ਤੇ ਸੁਬੇ ਦੇ ਟੈਕਸਾਂ ਵਿਚ ਕਟੌਤੀ ਕਰਨ ਵਾਸਤੇ ਆਖਣ ਤੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ’ਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਵੈਟ ਪੰਜਾਬ ਵਿਚ ਹੈ।

ਸਿਫਰ ਕਾਲ ਦੌਰਾਨ ਦਖਲ ਦਿੰਦਿਆਂ ਬਠਿੰਡਾ ਦੇ ਐਮ.ਪੀ ਨੇ ਕਿਹਾ ਕਿ ਕਾਂਗਰਸ ਦੇ ਐਮ.ਪੀਜ਼ ਨੂੰ ਦੋਗਲਾਪਨ ਨਹੀਂ ਵਿਖਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ’ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘੱਟ ਕਰਨ ਲਈ ਦਬਾਅ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਸਮੇਤ ਆਪਣੇ ਰਾਜਾਂ ਵਿਚ ਕਾਂਗਰਸੀ ਸਰਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਤੁਰੰਤ ਘਟਾਉਣ ਲਈ ਰਾਜ਼ੀ ਕਰਨਾ ਚਾਹੀਦਾ ਹੈ।

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਜਦੋਂ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੁਣ ਤੱਕ ਦੀਆਂ ਸਭ ਤੋਂ ਘੱਟ ਹਨ ਤਾਂ ਫਿਰ ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕਟੌਤੀ ਕਿਉਂ ਨਹੀਂ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਬਠਿੰਡਾ ਦੀ ਐਮ ਪੀ ਨੇ ਸਪੀਕਰ ਨੂੰ ਬੈਨਤੀ ਕੀਤੀ ਕਿ ਜਨਤਕ ਅਹਿਮੀਅਤ ਦੇ ਮਸਲੇ ’ਤੇ ਚਰਚਾ ਲਈ ਸਮਾਂ ਦਿੱਤਾ ਜਾਵੇ।

ਇਸ ਮਸਲੇ ਨੂੰ ਕੌਮਾਂਤਰੀ ਮਹਿਲਾ ਦਿਵਸ ਨਾਲ ਜੋੜਦਿਆਂ ਉਹਨਾਂ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਇਸ ਵੇਲੇ ਸਸ਼ੋਪੰਜ ਵਿਚ ਹਨ ਕਿ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਨਾਲ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਚੋਖੇ ਵਾਧੇ ਨੂੰ ਵੇਖਦਿਆਂ ਘਰ ਕਿਵੇਂ ਚਲਾਇਆ ਜਾਵੇ। ਉਹਨਾਂ ਬੇਨਤੀ ਕੀਤੀ ਕਿ ਮਹਿਲਾਵਾਂ ਨਾਲ ਸਬੰਧਤ ਮਾਮਲਿਆਂ ਲਈ ਵੱਖਰਾ ਸਮਾਂ ਦਿੱਤਾ ਜਾਵੇ ਤੇ ਰਸੋਈ ਗੈਸ ਕੀਮਤਾਂ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦੇ ਤਰੀਕਿਆਂ ’ਤੇ ਵੀ ਚਰਚਾ ਕਰਵਾਈ ਜਾਵੇ।
-PTCNews