ਮੁੱਖ ਖਬਰਾਂ

ਹਰਸਿਮਰਤ ਕੌਰ ਬਾਦਲ ਨੇ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਪਾਈ ਝਾੜ

By Jashan A -- July 03, 2019 6:07 pm -- Updated:Feb 15, 2021

ਹਰਸਿਮਰਤ ਕੌਰ ਬਾਦਲ ਨੇ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਪਾਈ ਝਾੜ,ਚੰਡੀਗੜ੍ਹ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਇਸ ਵੱਲੋਂ ਜ਼ੋਰ ਸ਼ੋਰ ਨਾਲ ਪ੍ਰਚਾਰੀ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਸਖ਼ਤ ਝਾੜ ਪਾਈ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਪੀਐਮਜੇਏਵਾਈ) ਨੂੰ ਇਹ ਕਹਿੰਦਿਆਂ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਕੇਂਦਰੀ ਬੀਮਾ ਸਕੀਮ ਦੀ ਥਾਂ ਆਪਣੀ ਅਖੌਤੀ ਸਰਬਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰੇਗੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਹਰਸਿਮਰਤ ਬਾਦਲ ਨੇ ਕਿਹਾ ਕਿ ਇੱਕ ਜੁਲਾਈ 2019 ਤੋਂ ਸੁਬਾਈ ਸਿਹਤ ਬੀਮਾ ਯੋਜਨਾ ਲਾਗੂ ਕਰਨ ਦਾ ਝੂਠਾ ਲਾਰਾ ਲਾ ਕੇ ਲੋਕਾਂ ਨੂੰ ਠੱਗਣ ਲਈ ਪੰਜਾਬ ਦੇ ਸਿਹਤ ਮੰਤਰੀ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਝੂਠੇ ਵਾਅਦੇ ਕਰਨਾ ਅਤੇ ਉਹਨਾਂ ਤੋਂ ਮੁਕਰ ਜਾਣਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਮੁੱਖ ਲੱਛਣ ਬਣ ਚੁੱਕਿਆ ਹੈ।

ਉਹ ਕਦੇ ਆਪਣੀ ਕਹੀ ਗੱਲ ਪੂਰੀ ਨਹੀਂ ਕਰਦੇ। ਪੰਜਾਬੀਆਂ ਨੂੰ ਹੁਣ ਇਹਨਾਂ ਕਾਂਗਰਸੀ ਮੰਤਰੀਆਂ ਉੱਤੇ ਹੋਰ ਭਰੋਸਾ ਨਹੀਂ ਕਰਨਾ ਚਾਹੀਦਾ।ਸਿਹਤ ਬੀਮਾ ਯੋਜਨਾ ਦੇ ਮੁੱਦੇ ਉੱਤੇ ਕਾਂਗਰਸ ਸਰਕਾਰ ਦੇ ਦੋਗਲੇ ਰਵੱਈਏ ਬਾਰੇ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਜਦੋਂ ਪੀਐਮਜੇਏਵਾਈ ਅਤੇ ਆਯੂਸ਼ਮਾਨ ਭਾਰਤ ਦੇ ਨਾਂ ਨਾਲ ਜਾਣੀ ਜਾਂਦੀ ਕੇਂਦਰ ਦੀ ਸਿਹਤ ਬੀਮਾ ਯੋਜਨਾ ਨੂੰ ਪੂਰੇ ਭਾਰਤ ਵਿਚ ਲਾਗੂ ਕੀਤਾ ਗਿਆ ਸੀ ਤਾਂ ਕਾਂਗਰਸ ਸਰਕਾਰ ਨੇ ਇਸ ਨੂੰ ਪੰਜਾਬ ਵਿਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਹੋਰ ਪੜ੍ਹੋ:ਭਾਰਤੀ ਖਿਡਾਰੀਆਂ ਨੂੰ ਬੋਰਡਿੰਗ ਲਈ ਮਨ੍ਹਾਂ ਕਰਨ 'ਤੇ ਏਅਰ ਇੰਡੀਆ ਨੇ ਮੰਗੀ ਮੁਆਫ਼ੀ

ਸਰਕਾਰ ਦੀ ਦਲੀਲ ਇਹ ਸੀ ਕਿ ਇਹ ਆਪਣੀ ਇਸ ਤੋਂ ਵੀ ਵੱਡੇ ਦਾਇਰੇ ਵਾਲੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰੇਗੀ, ਕਿਉਂਕਿ ਆਪਣੇ ਚੋਣ ਮਨੋਰਥ-ਪੱਤਰ ਵਿਚ ਇਸ ਨੇ ਸਰਬੱਤ ਸਿਹਤ ਸਕੀਮ ਤਹਿਤ ਸਾਰਿਆਂ ਦਾ ਬੀਮਾ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਪਰ ਉਹ ਦਿਨ ਕਦੇ ਨਹੀਂ ਆਇਆ। ਪਿਛਲੇ ਦੋ ਸਾਲ ਤੋਂ ਕਾਂਗਰਸ ਸਰਕਾਰ ਦੇ ਮੰਤਰੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ। ਝੂਠੇ ਵਾਅਦਿਆਂ ਦੇ ਇਸ ਹਥਕੰਡੇ ਨੂੰ ਕਾਂਗਰਸ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਰੱਜ ਕੇ ਇਸਤੇਮਾਲ ਕੀਤਾ ਸੀ।

ਇਹ ਟਿੱਪਣੀ ਕਰਦਿਆਂ ਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਪੰਜਾਬ ਅੰਦਰ ਕਲਿਆਣਕਾਰੀ ਰਾਜ ਦੀ ਧਾਰਨਾ ਹੀ ਖ਼æਤਮ ਹੋ ਗਈ ਹੈ, ਬੀਬਾ ਬਾਦਲ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਕਾਂਗਰਸ ਸਰਕਾਰ ਵੱਲੋਂ ਜਾਂ ਤਾਂ ਬੰਦ ਕੀਤਾ ਜਾ ਚੁੱਕਿਆ ਹੈ ਜਾਂ ਫਿਰ ਉਹਨਾਂ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ।

ਉਹਨਾਂ ਕਿਹਾ ਕਿ ਜਦੋਂ ਵੀ ਦੱਬੇ ਕੁਚਲਿਆਂ ਅਤੇ ਗਰੀਬਾਂ ਲਈ ਲੋਕ ਭਲਾਈ ਸਕੀਮਾਂ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਸਰਕਾਰ ਦੇ ਖਜ਼ਾਨੇ ਖਾਲੀ ਹੋ ਜਾਂਦੇ ਹਨ। ਇਸ ਨੇ ਉਹੀ ਪੁਰਾਣੇ 'ਫੰਡਾਂ ਦੀ ਕਮੀ' ਦੇ ਬਹਾਨੇ ਦੀ ਆੜ ਵਿਚ ਆਟਾ ਦਾਲ ਤੋਂ ਲੈ ਕੇ ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਤਕ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਦੀ ਬੀਮਾ ਸਕੀਮ ਦਾ ਭਾਰ ਵੰਡਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਾਸਤੇ ਇਸ ਨੂੰ ਸਿਰਫ 65 ਕਰੋੜ ਰੁਪਏ ਦੀ ਰਾਸ਼ੀ ਦੇਣੀ ਪੈਣੀ ਸੀ।

ਇਸ ਦੀ ਬਜਾਇ ਕਾਂਗਰਸ ਸਰਕਾਰ ਨੇ ਆਪਣੀ 220 ਕਰੋੜ ਰੁਪਏ ਦੇ ਖਰਚ ਵਾਲੀ ਸਿਹਤ ਬੀਮਾ ਸਕੀਮ ਲਿਆਉਣ ਦਾ ਫੈਸਲਾ ਲੈ ਲਿਆ। ਉਹਨਾਂ ਕਿਹਾ ਕਿ ਹੁਣ ਸਾਫ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਦੀ ਮੁਫਤ ਸਿਹਤ ਬੀਮਾ ਦੇਣ ਦੀ ਨਾ ਨੀਅਤ ਸੀ ਅਤੇ ਨਾ ਹੀ ਇਸ ਕੋਲ ਪੈਸਾ ਸੀ। ਇਸ ਨੂੰ ਅਜਿਹਾ ਵਾਅਦਾ ਕਰਕੇ ਲੋਕਾਂ ਨਾਲ ਕੋਝਾ ਮਜ਼ਾਕ ਨਹੀਂ ਸੀ ਕਰਨਾ ਚਾਹੀਦਾ।

-PTC News

  • Share