
ਜਲੰਧਰ : ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਭਗਵਾਨ ਵਾਲਮੀਕਿ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਕੈਂਟ ਇਲਾਕੇ ਵਿੱਚ ਪਹੁੰਚੇ ਹਨ। ਜਿੱਥੇ ਉਨ੍ਹਾਂ ਭਗਵਾਨ ਵਾਲਮੀਕਿ ਪ੍ਰਕਾਸ਼ ਪੁਰਬ ਮੌਕੇ ਜਲੰਧਰ ਕੈਂਟ ਦੇ ਭਗਵਾਨ ਵਾਲਮੀਕਿ ਮੰਦਿਰ ,ਬਜਰੰਗ ਬਲੀ ਮੰਦਰ ਵਿਖੇ ਦਰਸ਼ਨ ਕੀਤੇ ਹਨ ਅਤੇ ਹਾਜ਼ਰ ਸੰਗਤ ਨਾਲ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਉਤਸਵ ਦੀ ਖੁਸ਼ੀ ਸਾਂਝੀ ਕੀਤੀ ਹੈ।
ਇਸ ਮੌਕੇ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ ਹੈ।ਇਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਕੈਂਟ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਉਮੀਦਵਾਰ ਜਗਬੀਰ ਬਰਾੜ ਵੀ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਸਿੰਘੂ ਸਰਹੱਦ 'ਤੇ ਵਾਪਰੀ ਘਟਨਾ ਕਿਸੇ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ , ਘੱਟ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਾਰੀ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਨਿਹੰਗ ਅਮਨਦੀਪ ਸਿੰਘ ਅਤੇ ਕੇਂਦਰੀ ਮੰਤਰੀ ਵਿਚਾਲੇ ਮੁਲਾਕਾਤ ਦੀ ਫੋਟੋ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਹੈ, ਜਿਸ ਤੋਂ ਸਾਫ਼ ਹੈ ਕਿ ਇਹ ਘਟਨਾ ਦਿੱਲੀ ਵਿੱਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀ ਗਈ ਸੀ।
ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਖ਼ਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਦੀ ਰਹੀ ਪਰ ਰਾਜ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਭਾਰੀ ਮਾਤਰਾ ਵਿੱਚ ਟੈਕਸ ਵਸੂਲ ਰਹੀ ਹੈ। ਜੇ ਇਸਦੇ ਬਾਵਜੂਦ ਖਜ਼ਾਨਾ ਖਾਲੀ ਹੈ ਤਾਂ ਉਹ ਚੀਜ਼ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ -ਬਸਪਾ ਦੀ ਸਰਕਾਰ ਆਉਣ ਦਿਓ, ਅਸੀਂ ਆਪਣੇ ਆਪ ਹੀ ਰਾਜ ਦੇ ਖਜ਼ਾਨੇ ਨੂੰ ਭਰ ਦੇਵਾਂਗੇ। ਅਸੀਂ ਜਾਣਦੇ ਹਾਂ ਕਿ ਖਜ਼ਾਨੇ ਨੂੰ ਕਿਵੇਂ ਭਰਨਾ ਹੈ।
-PTCNews