ਸਾਵਧਾਨ ! ਇੱਕ ਤੋਂ ਵੱਧ ਪੈਨ ਕਾਰਡ ਰੱਖਣ 'ਤੇ ਪੈ ਸਕਦਾ ਹੈ ਭਾਰੀ ਜੁਰਮਾਨਾ

By Kaveri Joshi - August 20, 2020 5:08 pm

ਨਵੀਂ ਦਿੱਲੀ- ਸਾਵਧਾਨ ! ਇੱਕ ਤੋਂ ਵੱਧ ਪੈਨ ਕਾਰਡ ਰੱਖਣ 'ਤੇ ਪੈ ਸਕਦਾ ਹੈ ਭਾਰੀ ਜੁਰਮਾਨਾ: ਪੈਨ ਕਾਰਡ ਭਾਰਤ ਵਿਚ ਸਭ ਤੋਂ ਮਹੱਤਵਪੂਰਨ ਵਿੱਤੀ ਪਛਾਣ ਦਸਤਾਵੇਜ਼ ਹੈ। ਪੈਨ ਜਾਂ ਸਥਾਈ ਖਾਤਾ ਨੰਬਰ ਆਮਦਨ ਟੈਕਸ ਵਿਭਾਗ ਦੁਆਰਾ ਅਲਾਟ ਕੀਤਾ ਗਿਆ 10-ਅੰਕਾਂ ਵਾਲਾ ਵਿਲੱਖਣ ਨੰਬਰ ਹੈ। ਇਕ ਇਨਕਮ ਟੈਕਸਦਾਤਾ ਲਈ ਪੈਨ ਕਾਰਡ ਹੋਣਾ ਲਾਜ਼ਮੀ ਹੈ। ਦੇਸ਼ ਵਿਚ ਅਜਿਹੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ,ਜਿੱਥੇ ਲੋਕਾਂ ਦੇ ਮਲਟੀਪਲ ਪੈਨ ਕਾਰਡ ਪਾਏ ਗਏ ਸਨ। ਹਾਲਾਂਕਿ, ਇਨਕਮ ਟੈਕਸ ਵਿਭਾਗ ਦੇ ਨਿਯਮਾਂ ਦੇ ਅਨੁਸਾਰ, ਕਿਸੇ ਨੂੰ ਵੀ ਇੱਕ ਤੋਂ ਵੱਧ ਪੈਨ ਨੰਬਰ ਰੱਖਣ ਦੀ ਆਗਿਆ ਨਹੀਂ ਹੈ।

ਕੁਝ ਲੋਕ, ਜਿਹਨਾਂ ਦਾ ਕ੍ਰੈਡਿਟ ਇਤਿਹਾਸ ਯਾਨੀ ਕਿ (Credit Information Bureau (India) Limited) ( ਸੀਆਈਬੀਆਈਐੱਲ ) ਖਰਾਬ ਹੈ , ਨਵੇਂ ਪੈਨ ਦੀ ਅਰਜ਼ੀ ਦੇ ਦਿੰਦੇ ਹਨ । ਕੁਝ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਆਪਣੀ ਟੈਕਸ ਭੁਗਤਾਨ ਨੂੰ ਘਟਾਉਣ ਲਈ ਨਵਾਂ ਪੈਨ ਕਾਰਡ ਬਣਾ ਲੈਂਦੇ ਹਨ । ਪਰ, ਇਨਕਮ ਟੈਕਸ ਐਕਟ ਦੀ ਧਾਰਾ 272 ਬੀ ਦੇ ਤਹਿਤ, ਜੇ ਕਿਸੇ ਕੋਲ ਦੋ ਪੈਨ ਕਾਰਡ ਹਨ, ਤਾਂ ਉਹਨਾਂ ਨੂੰ 10,000 ਰੁਪਏ ਤੱਕ ਦਾ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ ।

ਗ਼ੌਰਤਲਬ ਹੈ ਕਿ ਕਈ ਵਾਰ ਕੁਝ ਲੋਕ ਜਾਣੇ -ਅਣਜਾਣੇ 'ਚ ਇੱਕ ਤੋਂ ਵੱਧ ਪੈਨ ਕਾਰਡਾਂ ਨੂੰ ਆਪਣੇ ਕੋਲ ਰੱਖੀ ਰੱਖਦੇ ਹਨ । ਉਦਾਹਰਣ ਵਜੋਂ , ਇੱਕ ਓਦੋਂ, ਜਦੋਂ ਉਹ ਆਪਣਾ ਪਹਿਲਾ ਪੈਨ ਕਾਰਡ ਗਵਾ ਬੈਠਦੇ ਹਨ ਅਤੇ ਉਹ ਡੁਬਲੀਕੇਟ ਪੈਨ ਕਾਰਡ ਲਈ ਬੇਨਤੀ ਕਰਨ ਦੀ ਬਜਾਏ ਇੱਕ ਹੋਰ ਨਵੇਂ ਪੈਨ ਕਾਰਡ ਬਣਾਉਣ ਦੀ ਅਰਜ਼ੀ ਦਿੰਦੇ ਹਨ, ਜਿਸ ਨਾਲ ਉਹਨਾਂ ਕੋਲ ਨਵੇਂ ਪੈਨ ਨੰਬਰ ਵਾਲਾ ਕਾਰਡ ਬਣ ਕੇ ਆ ਜਾਂਦਾ ਹੈ ਅਤੇ ਪੁਰਾਣਾ ਵੀ ਸਿਸਟਮ 'ਚ ਮੌਜੂਦ ਰਹਿੰਦਾ ਹੈ । ਅਜਿਹੇ ਕੇਸਾਂ 'ਚ ਜ਼ਿਆਦਾਤਰ ਔਰਤਾਂ ਕੋਲੋਂ ਕੁਤਾਹੀ ਹੁੰਦੀ ਹੈ, ਜਦੋਂ ਵਿਆਹੇ ਜਾਣ ਉਪਰੰਤ ਉਹਨਾਂ ਵੱਲੋਂ ਆਪਣੇ ਅਸਲ ਕਾਰਡ ਵਿੱਚ ਖੁਦ ਹੀ ਅਪਡੇਟ ਦੀ ਬੇਨਤੀ ਕਰਨ ਦੀ ਬਜਾਏ ਆਪਣਾ ਪਹਿਲਾ ਨਾਮ ਬਦਲਣ ਲਈ ਨਵੇਂ ਪੈਨ ਕਾਰਡ ਲਈ ਅਰਜ਼ੀ ਦੇ ਦਿੱਤੀ ਜਾਂਦੀ ਹੈ ।

ਮਲਟੀਪਲ ਪੈਨ ਕਾਰਡ ਧਾਰਕ ਜਲਦ ਆ ਸਕਦੇ ਹਨ ਪਕੜ 'ਚ :-

ਦੱਸ ਦੇਈਏ ਕਿ ਮਲਟੀਪਲ ਪੈਨ ਕਾਰਡ ਰੱਖਣਾ ਗ਼ੈਰਕਾਨੂੰਨੀ ਹੈ ਅਤੇ ਜੇਕਰ ਤੁਸੀਂ ਆਪਣੇ ਕੋਲ ਇੱਕ ਤੋਂ ਵੱਧ ਪੈਨ ਕਾਰਡ ਰੱਖੇ ਹੋਏ ਹਨ ਤਾਂ ਧਾਰਾ 139 ਏ ਦੇ ਪ੍ਰਬੰਧਾਂ ਦੀ ਪਾਲਣਾ ਕਰਨ ਵਿਚ ਅਸਫ੍ਲ ਰਹਿਣ ਦੀ ਸੂਰਤ 'ਚ ਆਮਦਨ ਕਰ ਵਿਭਾਗ ਤੁਹਾਡੇ 'ਤੇ 10,000 ਰੁਪਏ ਦਾ ਜ਼ੁਰਮਾਨਾ ਲਗਾ ਸਕਦਾ ਹੈ । ਪੈਨ ਕਾਰਡ ਨੂੰ ਆਧਾਰ ਨੰਬਰ ਨਾਲ ਜੋੜਨਾ ਲਾਜ਼ਮੀ ਹੋਣ ਨਾਲ ਸਰਕਾਰ ਲਈ ਮਲਟੀਪਲ ਪੈਨ ਕਾਰਡਾਂ ਦੇ ਮਾਮਲਿਆਂ ਦੀ ਪਛਾਣ ਕਰਨਾ ਸੌਖਾ ਹੋ ਗਿਆ ਹੈ। ਇਸ ਲਈ, ਤੁਹਾਨੂੰ ਨਿਸ਼ਚਤ ਤੌਰ ਤੇ ਮਲਟੀਪਲ ਪੈਨ ਕਾਰਡ ਰੱਖਣ ਤੋਂ ਪਹਿਲਾਂ ਸੁਚੇਤ ਰਹਿਣਾ ਅਤੇ ਇਹਨਾਂ ਪੱਖਾਂ ਤੋਂ ਵਾਕਿਫ਼ ਹੋਣਾ ਬੇਹੱਦ ਲਾਜ਼ਮੀ ਹੈ।

ਜੇ ਤੁਹਾਡੇ ਕੋਲ ਇਕ ਤੋਂ ਵੱਧ ਪੈਨ ਕਾਰਡ ਹਨ ਤਾਂ ਕੀ ਕਰਨਾ ਹੈ?

ਜੇਕਰ ਤੁਹਾਡੇ ਕੋਲ ਬਹੁਤ ਸਾਰੇ ਪੈਨ ਕਾਰਡ ਹਨ, ਤੁਹਾਨੂੰ ਉਹਨਾਂ ਪੈਨ ਕਾਰਡਾਂ ਨੂੰ ਰੱਦ ਕਰਵਾਉਣਾ ਚਾਹੀਦਾ ਹੈ ਜਾਂ ਸਬੰਧਿਤ ਅਧਿਕਾਰੀਆਂ ਨੂੰ ਸਮਰਪਣ ਕਰਨਾ ਚਾਹੀਦਾ ਹੈ ਜਿਹਨਾਂ ਦੀ ਤੁਸੀਂ ਵਰਤੋਂ ਨਹੀਂ ਕਰ ਰਹੇ ਅਤੇ ਵਰਤੋਂ ਵਾਲਾ ਸਿਰਫ ਇੱਕ ਪੈਨ ਕਾਰਡ ਆਪਣੇ ਕੋਲ ਰੱਖੋ। ਪੈਨ ਕਾਰਡ ਨੂੰ ਆੱਨਲਾਈਨ ਅਤੇ ਆਫ਼ਲਾਈਨ ( ਸਬੰਧਿਤ ਕੇਂਦਰ ਵਿਖੇ ਜਾ ਕੇ ) ਦੋਵੇਂ ਹੀ ਢੰਗਾਂ ਨਾਲ ਸਮਰਪਣ ਕੀਤਾ ਜਾ ਸਕਦਾ ਹੈ।

ਸੋ, ਜ਼ੁਰਮਾਨਾ ਨਾ ਲੱਗੇ, ਇਸ ਲਈ ਜ਼ਰੂਰੀ ਹੈ ਕਿ ਆਪਣੇ ਕੋਲ ਇੱਕ ਹੀ ਪੈਨ ਕਾਰਡ ਰੱਖੋ ਅਤੇ ਨਿਸਚਿੰਤ ਰਹੋ।

adv-img
adv-img