ਜਾਣੋ ਲਸਣ ਦੇ ਲਾਜਵਾਬ ਕਮਾਲ, ਇਸਦੇ ਸੇਵਨ ਨਾਲ ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ

https://www.ptcnews.tv/wp-content/uploads/2020/06/WhatsApp-Image-2020-06-28-at-11.58.57-AM.jpeg

ਸਿਹਤ – ਜਾਣੋ ਲਸਣ ਦੇ ਲਾਜਵਾਬ ਕਮਾਲ, ਇਸਦੇ ਸੇਵਨ ਨਾਲ ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ , ਸਬਜ਼ੀ ਵਾਸਤੇ ਤੜਕਾ ਤਿਆਰ ਕੀਤਾ ਜਾਵੇ ਤੇ ਲਸਣ ਨਾ ਹੋਵੇ, ਤਾਂ ਸੁਆਦ ਫਿੱਕਾ ਜਿਹਾ ਜਾਪਦਾ ਹੈ । ਭੁੰਨੇ ਹੋਏ ਲਸਣ ਦੀ ਖੁਸ਼ਬੂ ਨਾਲ ਮਹਿਕਿਆ ਚੁੱਲ੍ਹਾ-ਚੌਂਕਾ ਭੁੱਖ ਹੋਰ ਦੂਣੀ ਕਰ ਦਿੰਦਾ । ਪੁਰਾਣੇ ਸਮੇਂ ‘ਚ ਬੀਬੀਆਂ ਲਸਣ ਤੋਂ ਬਿਨ੍ਹਾਂ ਕੋਈ ਸਬਜ਼ੀ ਬਣਾਉਂਦੀਆਂ ਹੀ ਨਹੀਂ ਸਨ । ਇਥੋਂ ਤੱਕ ਕਿ ਦੇਸੀ ਹਕੀਮਾਂ ਵੱਲੋਂ ਨਿਰਨੇ ਪੇਟ ਲਸਣ ਖਾਣ ਲਈ ਕਿਹਾ ਜਾਂਦਾ ਸੀ, ਤੇ ਨਾਲ ਹੀ ਇਸਦੇ ਫਾਇਦੇ ਵੀ ਗਿਣਾਏ ਜਾਂਦੇ ਸੀ । ਲਸਣ ‘ਚ ਰੋਗਾਣੂਨਾਸ਼ਕ ਅਤੇ ਐਂਟੀਸੈਪਟਿਕ ਚਿਕਿਤਸਕ ਗੁਣ ਮੌਜੂਦ ਹਨ। ਇਸ ‘ਚ ਫਾਸਫੋਰਸ, ਜ਼ਿੰਕ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਅੰਸ਼ ਸ਼ਾਮਿਲ ਹੁੰਦੇ ਹਨ।

ਲਸਣ ਵਿਚ ਵਿਟਾਮਿਨ ਸੀ, ਕੇ, ਫੋਲੇਟ, ਨਿਆਸੀਨ ਅਤੇ ਥਿਆਮੀਨ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਜੇ ਗੱਲ ਕਰੀਏ ਅਜੋਕੇ ਸਮੇਂ ਦੀ ਤੇ ਹੋਟਲਾਂ ‘ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਪਕਵਾਨਾਂ ਦੇ ਨਾਮ ਲਸਣ ਦੇ ਨਾਮ ‘ਤੇ ਰੱਖੇ ਗਏ ਹਨ । ਗਾਰਲਿਕ ਬਰੈੱਡ , ਗਾਰਲਿਕ ਪਾਸਤਾ , ਗਾਰਲਿਕ ਸਪੈਗੇਟੀ ਆਦਿ ਨਾਮ ‘ਤੇ ਕਈਆਂ ਦੇ ਮੂੰਹ ‘ਤੇ ਚੜ੍ਹ ਗਏ ਹੋਣਗੇ। ਜਿੱਥੇ ਲਸਣ ਸਹਿਤ ਹਰ ਡਿਸ਼/ਪਕਵਾਨ ਸੁਆਦਲੇ ਬਣਦੇ ਹਨ, ਉੱਥੇ ਲਸਣ ਖਾਣ ਦੇ ਹੋਰ ਵੀ ਕਈ ਫ਼ਾਇਦੇ ਹਨ । ਆਓ ਜਾਣੀਏ ਲਸਣ ਦੇ ਸੇਵਨ ਨਾਲ ਕੀ-ਕੀ ਲਾਭ ਹੁੰਦੇ ਹਨ।

ਗੈਸ ਦੀ ਸਮੱਸਿਆ ਹੁੰਦੀ ਹੈ ਦੂਰ:- ਰੋਜ਼ਾਨਾ ਲਸਣ ਦੇ ਸੇਵਨ ਨਾਲ ਪੇਟ ਦੀ ਗੈਸ ਦੂਰ ਹੁੰਦੀ ਹੈ । ਜੇਕਰ ਤੁਸੀਂ ਖਾਲੀ ਪੇਟ ਲਸਣ ਦੀ ਇਕ ਜਾਂ 2 ਤੁਰੀਆਂ ਪੀਸ ਕੇ ਜਾਂ ਕੱਟ ਕੇ ਕੋਸੇ ਪਾਣੀ ਨਾਲ ਖਾਂਦੇ ਹੋ ਤਾਂ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ । ਸਿਰਫ਼ ਇਹੀ ਨਹੀਂ ਜੇਕਰ ਤੁਸੀਂ ਲਸਣ ਅਦਰਕ ਦੀ ਕੜ੍ਹੀ ਬਣਾ ਕੇ ਹਫ਼ਤੇ ‘ਚ ਇੱਕ ਜਾਂ ਦੋ ਵਾਰ ਸੇਵਨ ਕਰ ਲਓ ਤਾਂ ਇਹ ਹੋਰ ਵੀ ਵਧੇਰੇ ਫ਼ਾਇਦੇਮੰਦ ਹੋਵੇਗੀ ।

ਸਰਦੀ-ਜੁਕਾਮ ਤੋਂ ਮਿਲਦੀ ਹੈ ਨਿਜਾਤ : ਜੇਕਰ ਤੁਸੀਂ ਸਰਦੀ -ਜ਼ੁਕਾਮ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਲਸਣ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ । ਕੋਸ਼ਿਸ਼ ਕਰੋ ਕਿ ਕਾੜ੍ਹਾ ਗਰਮ ਜਾਂ ਕੋਸਾ-ਕੋਸਾ ਪੀਤਾ ਜਾਵੇ , ਇਸਦੀ ਗਰਮਾਹਟ ਨਾਲ ਤੁਸੀਂ ਖੁਦ ਬਿਹਤਰ ਮਹਿਸੂਸ ਕਰੋਗੇ ।

ਭਾਰ ਘਟਾਉਣ ‘ਚ ਸਹਾਇਕ :- ਨਿਰਨੇ ( ਖ਼ਾਲੀ ) ਪੇਟ ਲਸਣ ਦਾ ਸੇਵਨ ਸ਼ੁਰੂ ਕਰੋ , ਇਹ ਜ਼ਰੂਰ ਭਾਰ ਘੱਟ ‘ਚ ਸਹਾਇਕ ਸਿੱਧ ਹੋਵੇਗਾ , ਨਾਲ ਹੀ ਸਰੀਰ ‘ਚ ਚੁਸਤੀ ਫੁਰਤੀ ਵੀ ਆਵੇਗੀ ।

ਲਿਆਉਂਦਾ ਹੈ ਪਾਚਨ ਕਿਰਿਆ ਵਿੱਚ ਸੁਧਾਰ:- ਆਪਣੀ ਖੁਰਾਕ ਵਿੱਚ ਕੱਚਾ ਲਸਣ ਸ਼ਾਮਲ ਕਰਨ ਨਾਲ ਪਾਚਨ ਸਮੱਸਿਆਵਾਂ ਵਿੱਚ ਸੁਧਾਰ ਹੁੰਦਾ ਹੈ ,ਇਸਦਾ ਸੇਵਨ ਅੰਤੜੀਆਂ ਨੂੰ ਲਾਭ ਪਹੁੰਚਾਉਂਦਾ ਹੈ । ਕੱਚਾ ਲਸਣ ਖਾਣ ਨਾਲ ਮਾੜੇ ਬੈਕਟੀਰੀਆ ਨਸ਼ਟ ਹੁੰਦੇ ਹਨ ਅਤੇ ਇਹ ਅੰਤੜੀਆਂ ਵਿਚਲੇ ਚੰਗੇ ਬੈਕਟੀਰੀਆ ਦੀ ਰੱਖਿਆ ਕਰਦਾ ਹੈ ।

ਇਮਿਊਨਿਟੀ ਨੂੰ ਵਧਾਉਂਦਾ ਹੈ:- ਲਸਣ ਬਿਮਾਰੀਆਂ ਨਾਲ ਲੜ੍ਹਨ ਦੀ ਸਮਰੱਥਾ ‘ਚ ਵਾਧਾ ਕਰਦਾ ਹੈ । ਇਸ ‘ਚ ਮੌਜੂਦ ਵਿਟਾਮਿਨ ਸੀ ਲਾਗਾਂ ( ਫਲੂ ) ਨਾਲ ਲੜਨ ਵਿਚ ਮਦਦ ਕਰਦਾ ਹੈ।

ਚਮੜੀ ਅਤੇ ਦਰਦ ਲਈ ਲਾਹੇਵੰਦ :- ਲਸਣ ਮੁਹਾਂਸਿਆਂ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ ਅਤੇ ਮੁਹਾਸੇ ਦੇ ਦਾਗਾਂ ਨੂੰ ਹਲਕਾ ਕਰਦਾ ਹੈ।ਧੱਫੜ , ਛਾਲੇ , ਜ਼ਖਮ ਤੇ ਵੀ ਲੋਕ ਇਸਦੇ ਰਸ ਦਾ ਇਸਤੇਮਾਲ ਕਰਦੇ ਹਨ, ਖ਼ਾਸਕਰ ਪੁਰਾਣੇ ਵੇਲੇ ਲੋਕ ਛੋਟੇ-ਮੋਟੇ ਜ਼ਖਮ ਉੱਤੇ ਲਸਣ ਦਾ ਰਸ ਲਗਾ ਦਿੰਦੇ ਸਨ । ਇਹ ਕੰਨ ਦੀ ਇਨਫੈਕਸ਼ਨ ਵਿਰੁੱਧ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਰੋਗਾਣੂਨਾਸ਼ਕ ਗੁਣ ਮੌਜੂਦ ਹੁੰਦੇ ਹਨ।ਇਥੋਂ ਤੱਕ ਕਿ ਕੰਨ ਪੀੜ ਹੋਣ ਸਮੇਂ ਸਰੋਂ ਦੇ ਤੇਲ ‘ਚ ਲਸਣ ਨੂੰ ਮਿਲਾ ਕੇ ਗਰਮ ਕਰਕੇ ਕੰਨ ‘ਚ ਵੀ ਪਾਇਆ ਜਾਂਦਾ ਸੀ ।

ਪੁਰਾਣੇ ਬਜ਼ੁਰਗਾਂ ਆਖਦੇ ਹਨ ਕਿ ਲਸਣ ਕੁਦਰਤੀ ਵਰਦਾਨ ਹੈ , ਰਸੋਈ ਤੋਂ ਲੈ ਕੇ ਸਰੀਰਕ ਤਕਲੀਫ਼ਾਂ ‘ਚ ਲਾਭ ਪਹੁੰਚਾਉਣ ਵਾਸਤੇ ਬਹੁਤ ਅਸਰਦਾਰ ਹੈ ਲਸਣ ! ਸੋ ਲਸਣ ਖਾਣਾ ਸ਼ੁਰੂ ਕਰੋ ਹਜ਼ੂਰ , ਕਈ ਰੋਗ ਹੋਣਗੇ ਦੂਰ।