ਪੇਟ ਦੀ ਗੈਸ ਦੀ ਸਮੱਸਿਆ ਲਈ ਸੰਜੀਵਨੀ ਬੂਟੀ ਵਾਂਗ ਕੰਮ ਕਰਦੀ ਹੈ ‘ਅਦਰਕ ਦੀ ਕੜ੍ਹੀ’, ਆਓ ਜਾਣੀਏ ਇਸਦੇ ਹੋਰ ਫ਼ਾਇਦੇ

Health Benefits of Ginger Curry
ਪੇਟ ਦੀ ਗੈਸ ਦੀ ਸਮੱਸਿਆ ਕਰਦੀ ਹੱਲ, ‘ਅਦਰਕ ਦੀ ਕੜ੍ਹੀ’, ਆਓ ਜਾਣੀਏ ਇਸਦੇ ਹੋਰ ਫ਼ਾਇਦੇ: ਗੇਟ ਹਕੀਮਾਂ ਕੋਲੇ ਸੀਤਲਾ ਨਾਮਕ ਇੱਕ ਬਜ਼ੁਰਗ ਬੀਬੀ ਨੇ ਆਪਣੇ ਬੂਹੇ ਦੇ ਥੜੇ ‘ਤੇ ਬਹਿ ਕੇ ਅਦਰਕ ਦੀਆਂ ਟੁਕੜੀਆਂ ਚਬਾਈ ਜਾਣੀਆਂ। ਉਹ ਗਲੀ ਬੰਦ ਹੋਣ ਕਾਰਨ ਅਸੀਂ ਉੱਥੇ ਖੇਡਦੇ ਹੁੰਦੇ ਸੀ, ਤੇ ਉਨ੍ਹੇ ਆਵਾਜ਼ ਮਾਰ ਕੇ ਆਖਣਾ ਤਕੜੇ ਹੋ ਕੇ ਖੇਡਣਾ ਤਾਂ ਅਦਰਕ ਖਾਇਆ ਕਰੋ , ਤਕੜੇ ਬਣੋਗੇ ਰੋਗ ਦੂਰ ਹੋਣਗੇ। ਤਲਿਆ ਘੱਟ ਖਾਇਆ ਕਰੋ, ਅਦਰਕ ਦੀ ਕੜ੍ਹੀ ਖਾਇਆ ਕਰੋ , ਨਾਲ ਭੋਰਾ ਲਸਣ ਵੀ ਸੁੱਟ ਦਿਓ ਕੜ੍ਹੀ ‘ਚ , ਸਭ ਵਾਈ ਵੂਈ ਦੂਰ ਹੋਜੂ, ਤਕੜੇ ਬਣੋਗੇ ਤਕੜੇ। ਓਦੋਂ ਤਾਂ ਭਾਵੇਂ ਸੀਤਲਾ ਬੀਬੀ ਦੀ ਗੱਲ ਬਹੁਤੀ ਸਮਝ ਨਹੀਂ ਸੀ ਪੈਂਦੀ, ਪਰ ਅੱਜ ਸਮਝ ਲੱਗ ਗਈ ਕਿ ‘ਅਦਰਕ ਦੀ ਕੜ੍ਹੀ’ ਕਿੰਨੀ ਗੁਣਕਾਰੀ ਹੁੰਦੀ ਆ। ਆਓ ਜਾਣੀਏ ਅਦਰਕ ਦੀ ਕੜ੍ਹੀ ਕਿੰਝ ਬਣਾਈਦੀ ਤੇ ਇਸਦੇ ਫ਼ਾਇਦੇ ਕੀ ਹਨ।
Health Benefits of Ginger Curry
ਅਦਰਕ ਦੀਆਂ 4-5 ਮੋਟੀਆਂ ਗੰਢੀਆਂ ਨੂੰ ਛਿੱਲ ਕੇ ਧੋਣ ਬਾਅਦ ਬਰੀਕ ਬਰੀਕ ਕੁਤਰ ਲਓ ਜਾਂ ਗਰਾਇੰਡਰ ‘ਚ ਗਰਾਇੰਡ ਕਰ ਲਓ। ਪਾਣੀ ਨੂੰ ਚੁੱਲ੍ਹੇ ਜਾਂ ਗੈਸ ‘ਤੇ ਗਰਮ ਕਰੋ। ਇੱਕ ਫਰਾਈਪੈਨ/ਤੜਕੇਦਾਨੀ ‘ਚ 1/2 ਚਮਚਾ ਤੇਲ ਪਾਓ, ਇੱਕ ਪਿਆਜ਼ ਬਰੀਕ ਕੱਟਿਆ ਅਤੇ ਲਸਣ 10-15 ਤੁਰੀਆਂ ਪੀਸ ਕੇ ਤੜ੍ਹਕ ਲਓ, ਫ਼ਿਰ ਅਦਰਕ ਪਾਓ ਚੰਗੀ ਤਰ੍ਹਾਂ ਭੁੰਨੋ, ਫਿਰ ਹਲਦੀ, ਲੂਣ, ਗਰਮ ਮਸਾਲਾ( ਚੁਟਕੀ ਕੁ) ਪਾਓ, ਫਿਰ ਜਿਹੜਾ ਪਾਣੀ ਗਰਮ ਕੀਤਾ 2-3 ਕੌਲੀਆਂ ਪਾਣੀ ਦੀਆਂ ਪਾ ਦਿਓ, ਲੱਗਭੱਗ ਅੱਧਾ ਘੰਟਾ ਇਸ ਸਬਜ਼ੀ ਨੂੰ ਕਾੜ੍ਹਨਾ ਹੈ। ਪੂਰੀ ਕੜ੍ਹ ਜਾਵੇ ਤਾਂ ‘ਅਦਰਕ ਦੀ ਕੜ੍ਹੀ’ ਗਰਮ ਗਰਮ ਪਰੋਸੋ ਤੇ ਛਕੋ। ਪਤਲਾ ਫੁਲਕਾ ਵੀ ਖਾਧਾ ਜਾ ਸਕਦਾ ਇਸ ਕੜ੍ਹੀ ਨਾਲ। ਬਹੁਤ ਫ਼ਾਇਦੇਮੰਦ ਹੈ।
Health Benefits of Ginger Curry
ਨਜ਼ਲਾ-ਜ਼ੁਕਾਮ ਕਰੇ ਦੂਰ:-ਅਦਰਕ ਦੀ ਕੜ੍ਹੀ ਨਾਲ ਨਜ਼ਲੇ ਦੀ ਦਿੱਕਤ ਦੂਰ ਹੁੰਦੀ ਹੈ। ਕੜ੍ਹੀ ਖਾ ਕੇ ਚੱਦਰ/ਕੰਬਲ ਲੈ ਕੇ ਕੁਝ ਦੇਰ ਆਰਾਮ ਕਰੋ ਜ਼ੁਕਾਮ ਦੀ ਤਕਲੀਫ਼ ਤੋਂ ਰਾਹਤ ਮਿਲੇਗੀ।
ਪਾਚਣ ਕਿਰਿਆ ਕਰੇ ਦਰੁਸਤ:-
ਪਾਚਣ ਕਿਰਿਆ ਕਰੇ ਦਰੁਸਤ:-
ਅਦਰਕ ਦੀ ਕੜ੍ਹੀ ਪਾਚਣ ਕਿਰਿਆ ਨੂੰ ਠੀਕ ਰੱਖਦੀ ਹੈ। ਹਫ਼ਤੇ ‘ਚ ਇੱਕ ਵਾਰ ਖਾ ਲੈਣ ਨਾਲ ਸਰੀਰ ਦਰੁਸਤ ਰਹਿੰਦਾ ਹੈ।ਕਈ ਵਾਰ ਸੁੱਤੇ ਪਏ ਮੂੰਹ ‘ਚੋਂ ਪਾਣੀ ਦਾ ਰਿਸਾਵ ਹੋਣ ‘ਤੇ ਵੀ ਪੁਰਾਣੇ ਹਕੀਮ ਅਦਰਕ ਦੀ ਕੜ੍ਹੀ ਖਾਣ ਦੀ ਸਲਾਹ ਦਿੰਦੇ ਰਹੇ ਹਨ।
ਵਾਈ/ਗੈਸ ਤੋਂ ਮਿਲਦਾ ਛੁਟਕਾਰਾ:-
ਵਾਈ / ਪੇਟ ਗੈਸ ਦੀ ਸਮੱਸਿਆ ਤੋਂ ਰਾਹਤ ਦਵਾਉਣ ਲਈ ਅਦਰਕ ਦੀ ਕੜ੍ਹੀ ਬਿਹਤਰ ਮੰਨੀ ਗਈ ਹੈ। ਗੈਸ ਕਾਰਨ ਪੇਟ ਦਾ ਦਰਦ ਹੋਵੇ ਉਹ ਵੀ ਠੀਕ ਕਰਦੀ ਹੈ। ਜੀਅ ਮਚਲੇ ਤਾਂ ਅਦਰਕ ਦੀ ਕੜ੍ਹੀ ਖਾਓ ਜੇਕਰ ਕਦੇ ਬਦਹਜ਼ਮੀ ਦੀ ਸ਼ਿਕਾਇਤ ਮਹਿਸੂਸ ਹੋਵੇ ਤਾਂ ਜੀਅ ਖਰਾਬ ਹੋਵੇ ਤਾਂ ਅਦਰਕ ਦੀ ਕੜ੍ਹੀ ਬਣਾ ਕੇ ਸੂਪ ਦੇ ਰੂਪ ‘ਚ ਪੀਓ। ਯਕੀਨਨ ਰਾਹਤ ਮਿਲੇਗਾ।
ਵਾਈ ਕਾਰਨ ਜੋੜਾਂ ਦੀ ਪੀੜ ਨੂੰ ਕਰਦੀ ਦੂਰ:-
ਕਈ ਵਾਰ ਲੋਕ ਆਖਦੇ ਹਨ ਕਿ ਬਿਨ੍ਹਾਂ ਕਾਰਨ ਲੱਤ ਜਾਂ ਬਾਂਹ ‘ਚ ਦਰਦ ਮਹਿਸੂਸ ਹੋ ਰਿਹਾ ਹੋਵੇ ਤਾਂ ਵੀ ਅਦਰਕ ਦੀ ਕੜ੍ਹੀ ਖਾਣੀ ਚਾਹੀਦੀ ਹੈ, ਇਹ ਅਜਿਹੀ ਪੀੜ ਨੂੰ ਦੂਰ ਕਰਨ ਲਈ ਅਸਰਦਾਰ ਮੰਨੀ ਗਈ ਹੈ।

ਅਦਰਕ ਵੈਸੇ ਵੀ ਹਰੇਕ ਸਬਜ਼ੀ ‘ਚ ਪੈਂਦਾ ਹੈ, ਇਸ ਲਈ ਜੇਕਰ ਅਦਰਕ ਦੀ ਕੜ੍ਹੀ ਦਾ ਮਹੀਨੇ ‘ਚ ਦੋ ਤੋਂ ਤਿੰਨ ਵਾਰ ਸੇਵਨ ਕੀਤਾ ਜਾਵੇ ਤਾਂ ਸਰੀਰ ਨੂੰ ਲਾਭ ਪਹੁੰਚੇਗਾ, ਕਈ ਰੋਗਾਂ ਤੋਂ ਮੁਕਤੀ ਮਿਲੇਗੀ ।