ਪਾਚਨ ਤੰਤਰ ਨੂੰ ਰੱਖੇ ਤੰਦਰੁਸਤ , ਫਲਾਂ ਦਾ ਰਾਜਾ ਅੰਬ , ਜਾਣੋ ਹੋਰ ਫ਼ਾਇਦੇ

ਪਾਚਨ ਤੰਤਰ ਨੂੰ ਰੱਖੇ ਤੰਦਰੁਸਤ , ਫਲਾਂ ਦਾ ਰਾਜਾ ਅੰਬ , ਜਾਣੋ ਹੋਰ ਫ਼ਾਇਦੇ

ਪਾਚਨ ਤੰਤਰ ਨੂੰ ਰੱਖੇ ਤੰਦਰੁਸਤ , ਫਲਾਂ ਦਾ ਰਾਜਾ ਅੰਬ , ਜਾਣੋ ਹੋਰ ਫ਼ਾਇਦੇ : ਸਾਡੇ ਨਾਨਕੇ ਪਰਿਵਾਰ ਵਾਲੇ ਅੰਬਾਂ ਦੇ ਬਹੁਤ ਸ਼ੁਕੀਨ ਰਹੇ ਹਨ , ਇੱਕ ਵੇਲਾ ਸੀ ਗਰਮੀਆਂ ਨੂੰ ਸਾਰੇ ਇੱਕਠੇ ਹੋ ਕੇ ਛੱਤ ‘ਤੇ ਬਹਿ ਜਾਣਾ ਤੇ ਢੇਰਾਂ ਦੇ ਢੇਰ ਅੰਬ ਚੂਪਣੇ , ਕਿਹੜੇ ਕਿਤੇ ਖਰੀਦਣੇ ਹੁੰਦੇ ਸਨ , ਨਾਨਕੇ ਪਿੰਡ ਅੰਬ ਦਾ ਰੁੱਖ ਲੱਗਾ ਸੀ , ਜੋ ਗਰਮੀਆਂ ‘ਚ ਠੰਡੀ ਛਾਂ ਤਾਂ ਦਿੰਦਾ ਈ ਸੀ ਨਾਲ ਹੀ ਸੁਆਦਲੇ ਅੰਬਾਂ ਦਾ ਰਸੀਲਾ ਜ਼ਾਇਕਾ ਵੀ ਮਾਨਣ ਨੂੰ ਮਿਲਦਾ ਸੀ। ਨਾਨਕੇ ਜਲੰਧਰ ਤੋਂ ਸਨ , ਇਸ ਲਈ ਜਦੋਂ ਮਾਮੀ ਨੇ ਨਰਾਜ਼ ਹੋ ਕੇ ਆਖਣਾ, “ਮੈਂ ਪੇਕੇ ਚਲੇ ਜਾਣਾ” ਤੇ ਮਾਮੇ ਨੇ ਹਾਸੇ-ਠੱਠੇ ਕਰਦੇ ਆਖਣਾ “ਅੰਬੀਆਂ ਨੂੰ ਤਰਸੇਗੀਂ, ਛੱਡ ਕੇ ਦੇਸ ਦੁਆਬਾ” ਤੇ ਸਾਰਿਆਂ ਨੇ ਖਿੜ-ਖਿੜ ਹੱਸ ਪੈਣਾ ! ਨਾਨੀ ਜੀ ਕੋਲ ਬੈਠਣਾ ‘ਤੇ ਉਹਨਾਂ ਸਿਆਣਿਆਂ ਵਾਂਙ ਅੰਬ ਖਾਣ ਦੇ ਫ਼ਾਇਦੇ ਵੀ ਦੱਸਣੇ ! ਉਨ੍ਹਾਂ ਦੱਸਣਾ ਕਿ ਸਾਉਣ ਦੇ ਮਹੀਨੇ ‘ਚ ਸੰਧਾਰੇ ਦੇ ਰੂਪ ‘ਚ ਪੁਰਾਣੇ ਲੋਕ ਧੀਆਂ ਨੂੰ ਜਿਹੜਾ ਸਮਾਨ ਦਿੰਦੇ ਸਨ , ਉਸ ‘ਚ ਵਿਸ਼ੇਸ਼ ਰੂਪ ‘ਚ ਅੰਬ ਵੀ ਸ਼ਾਮਲ ਕਰਦੇ ਸਨ। ਅੰਬ ਨੂੰ ਫ਼ਲਾਂ ਦਾ ਰਾਜਾ ਆਖਿਆ ਜਾਂਦਾ ਹੈ।

Health Benefits of Mangoes

ਵਿਟਾਮਿਨ ਏ ਅਤੇ ਵਿਟਾਮਿਨ ਸੀ ਯੁਕਤ ਅੰਬਾਂ ਨਾਲ ਜਿੱਥੇ ਚਟਨੀ , ਆਚਾਰ, ਜੂਸ, ਜੈਮ ਅਤੇ ਜੈਲੀ ਦਾ ਲੁਤਫ਼ ਉਠਾਇਆ ਜਾਂਦਾ ਹੈ, ਉੱਥੇ ਇਸ ਅੰਦਰ ਮੌਜੂਦਾ ਪੌਸ਼ਟਿਕ ਤੱਤ ਸਿਹਤ ਲਈ ਕਾਫ਼ੀ ਲਾਹੇਵੰਦ ਹੈ। ਫ਼ਲਾਂ ਦਾ ਰਾਜਾ ਅੰਬ ਸਾਰੇ ਭਾਰਤ ਵਿੱਚ ਪੈਦਾ ਹੋਣ ਕਰਕੇ ਵਧੀਆ ਸੁਆਦ, ਵਧੇਰੇ ਪੌਸ਼ਟਿਕਤਾ ਅਤੇ ਉੱਤਮ ਗੁਣਵੱਤਾ ਭਰਪੂਰ ਫ਼ਲ ਹੈ। ਅੰਬ ਦੀ ਵਰਤੋਂ ਵੀ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ, ਅੰਬ ਦੇ ਫਲ ਨੂੰ ਕੱਚੇ ਅਤੇ ਪਕਾ ਕੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਭਾਰਤ ‘ਚ ਲੰਬੇ ਸਮੇਂ ਤੋਂ ਅੰਬ ਦੀ ਖੇਤੀ ਕੀਤੀ ਜਾਂਦੀ ਹੈ। ਗਲੋਬਲ ਪੱਧਰ ‘ਤੇ ਅੰਬ ਦਾ ਉਤਪਾਦਨ 55.4 ਹੈ , ਜਦਕਿ ਭਾਰਤ ‘ਚ
ਇਸਦਾ 21.8 ਉਤਪਾਦਨ ਹੁੰਦਾ ਹੈ । ਜੇਕਰ ਅੰਬ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਦਸਹਿਰੀ, ਲੰਗੜਾ, ਅਲਫੈਂਜੋ ਅਤੇ ਚੂਪਣ ਵਾਲੇ ਅੰਬ (ਜੀ ਐਨ-1, ਜੀ ਐਨ-2, ਜੀ ਐਨ-3, ਜੀ ਐਨ-4, ਜੀ ਐਨ-5, ਜੀ ਐਨ-6, ਜੀ ਐਨ-7 ਅਤੇ ਗੰਗੀਆਂ ਸੰਧੂਰੀ (ਜੀ ਐਨ-19) ਸਾਰੀਆਂ ਹੀ ਕਿਸਮਾਂ ਜੂਸੀ ਅਤੇ ਸੁਆਦਲੀਆਂ ਹੁੰਦੀਆਂ ਹਨ। ਅੰਬ ਖਾਣ ਦੇ ਬਹੁਤਾਤ ‘ਚ ਸਰੀਰ ਨੂੰ ਲਾਭ ਮਿਲਦੇ ਨੇ , ਅੱਜ ਅੰਬ ਦੇ ਸਿਹਤ ਲਾਭਾਂ ਬਾਰੇ ਗੱਲ ਕਰਾਂਗੇ ।

Health Benefits of Mangoes

ਅੱਖਾਂ ਲਈ ਫ਼ਾਇਦੇਮੰਦ:- ਅੰਬ ‘ਚ ਮੌਜੂਦ ਵਿਟਾਮਿਨ ਏ ਭਰਪੂਰ ਮਾਤਰਾ ‘ਚ ਹੋਣ ਦੇ ਕਾਰਨ ਇਹ ਅੱਖਾਂ ਲਈ ਫ਼ਾਇਦੇਮੰਦ ਮੰਨਿਆ ਗਿਆ ਹੈ। ਅੰਬ ਦਾ ਸੇਵਨ ਅੱਖਾਂ ਲਈ ਵਰਦਾਨ ਹੈ।

ਚਮੜੀ ਲਈ ਲਾਹੇਵੰਦ:- ਚਮੜੀ ਲਈ ਅੰਬ ਬਹੁਤ ਲਾਭਕਾਰੀ ਹੈ, ਅੰਬ ਦੇ ਗੁੱਦੇ ਨੂੰ ਪੈਕ ਦੇ ਰੂਪ ‘ਚ ਇਸਤੇਮਾਲ ਕਰਕੇ ਤੁਸੀਂ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾ ਸਕਦੇ ਹੋ। ਵਿਟਾਮਿਨ ਸੀ ਯੁਕਤ ਅੰਬ ਨਾਲ ਚਮੜੀ ‘ਚ ਨਿਖਾਰ ਲਿਆਂਦਾ ਜਾ ਸਕਦਾ ਹੈ।

ਪਾਚਨ ਕਿਰਿਆ ਨੂੰ ਕਰੇ ਦਰੁਸਤ:- ਅੰਬ ‘ਚ ਅਜਿਹੇ ਅੰਜ਼ਾਇਮ ਮੌਜੂਦ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਸਹਾਈ ਹੁੰਦੇ ਹਨ। ਕੁੱਲ ਮਿਲਾ ਕੇ ਕਹੀਏ ਤਾਂ ਅੰਬ ਨਾਲ ਪਾਚਣ ਤੰਤਰ ਮਜਬੂਤ ਬਣਦਾ ਹੈ।

ਗਰਮੀ ਤੋਂ ਬਚਾਅ:- ਗਰਮੀਆਂ ਦੇ ਮੌਸਮ ‘ਚ ਸੁਆਦਲਾ ਅੰਬ ਦਾ ਪੰਨਾ ਤਪਸ਼ ਤੋਂ ਰਾਹਤ ਪ੍ਰਦਾਨ ਕਰਦਾ ਹੈ। ਅੰਬ ਦਾ ਪੰਨੂ ਸਰੀਰ ‘ਚ ਪਾਣੀ ਦੀ ਮਾਤਰਾ ਨੂੰ ਬਣਾ ਕੇ ਰੱਖਦਾ ਹੈ, ਜਿਸ ਨਾਲ ਗਰਮੀ ਜਾਂ ਲੂ ਲੱਗਣ ਤੋਂ ਬਚਿਆ ਜਾ ਸਕਦਾ ਹੈ।

ਮੋਟਾਪਾ ਘਟਾਉਣ ‘ਚ ਸਹਾਈ:- ਮੋਟਾਪਾ ਘੱਟ ਕਰਨ ਲਈ ਅੰਬ ਇੱਕ ਚੰਗਾ ਵਿਕਲਪ ਹੈ। ਅੰਬ ਦੀ ਗੁਠਲੀ ‘ਚ ਮੌਜੂਦ ਰੇਸ਼ੇ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਦੀ ਸਮਰੱਥਾ ਰੱਖਦੇ ਹਨ , ਜਿਸ ਨਾਲ ਮੋਟਾਪਾ ਘੱਟਦਾ ਹੈ ਅਤੇ ਸਰੀਰ ਹਲਕਾ ਫੁਲਕਾ ਅਤੇ ਫੁਰਤੀਲਾ ਬਣਦਾ ਹੈ।

ਅੰਬ ਖਾਣ ਦੇ ਇੱਕ ਦੋ ਨਹੀਂ , ਬਲਕਿ ਕਈ ਲਾਭ ਹਨ, ਇਸ ਲਈ ਗਰਮੀਆਂ ਦੀ ਸੌਗਾਤ ਨੂੰ ਜ਼ਰੂਰ ਚਖੋ, ਸੁਆਦ ਦੇ ਨਾਲ ਫ਼ਾਇਦੇ ਵੀ ਵਸੂਲੋ।