Fri, Apr 19, 2024
Whatsapp

ਕਲਾਕਾਰਾਂ ਲਈ ਹੈ ਮੁਕੱਦਸ ਸਥਾਨ - ਪੰਜਾਬ ਨਾਟਸ਼ਾਲਾ

Written by  Joshi -- June 25th 2018 07:00 AM -- Updated: June 25th 2018 11:10 AM
ਕਲਾਕਾਰਾਂ ਲਈ ਹੈ ਮੁਕੱਦਸ ਸਥਾਨ - ਪੰਜਾਬ ਨਾਟਸ਼ਾਲਾ

ਕਲਾਕਾਰਾਂ ਲਈ ਹੈ ਮੁਕੱਦਸ ਸਥਾਨ - ਪੰਜਾਬ ਨਾਟਸ਼ਾਲਾ

ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬਿਆਂ ਤੋਂ ਕੋਈ ਕਹਾਣੀ ਸਿਰਜ ਲੈਣੀ 'ਤੇ ਕਹਾਣੀ ਦਾ ਨਾਟਕੀ ਰੂਪਾਂਤਰ ਕਰਕੇ ਉਸਨੂੰ ਕਲਾਕਾਰਾਂ ਦੀ ਕਲਾਕਾਰੀ ਜ਼ਰੀਏ ਸਟੇਜ 'ਤੇ ਪਾਤਰਾਂ ਸੰਗ ਦਰਸ਼ਕਾਂ ਦੇ ਰੂਬਰੂ ਉਤਾਰ ਦੇਣ ਦੀ ਕਲਾ ਜਿਸ ਇਨਸਾਨ 'ਚ ਹੁੰਦੀ ਹੈ ਉਹੀ ਸਖਸ਼ ਕਲਾਕਾਰਾਂ ਲਈ ਮੰਚ ਪ੍ਰਦਾਨ ਕਰਨ ਦਾ ਜ਼ਰੀਆ ਬਣ ਸਕਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਿਰਸੁਆਰਥ ਬਿਰਤੀ ਦੇ ਮਾਲਕ ਸ੍ਰੀ ਜਤਿੰਦਰ ਬਰਾੜ ਜੀ ਦੀ ! ਜਿਨ੍ਹਾਂ ਦੀ ਬਦੌਲਤ ਪੰਜਾਬ ਨਾਟਸ਼ਾਲਾ ਹੋਂਦ ਵਿੱਚ ਆਈ ।ਪੰਜਾਬ ਨਾਟਸ਼ਾਲਾ  ਅੰਮ੍ਰਿਤਸਰ ਜਾਂ ਪੰਜਾਬ ਦੇ ਕਲਾਕਾਰਾਂ ਲਈ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਕਲਾਕਾਰਾਂ ਲਈ ਇੱਕ ਮੁਕੱਦਸ ਸਥਾਨ ਹੈ ਜਿੱਥੇ ਸਮੁੱਚੇ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦਰਸ਼ਕਾਂ ਦੇ ਸਨਮੁੱਖ ਪ੍ਰਸਤੁਤ ਕਰਦੇ ਹਨ । ਪੰਜਾਬ ਨਾਟਸ਼ਾਲਾ ਨੇ ਬੀਤੇ ਵਿਸ਼ਵ ਰੰਗਮੰਚ ਦਿਵਸ 'ਤੇ ਆਪਣੇ ਵੀਹ ਸਾਲ ਪੂਰੇ ਕਰ ਲਏ ਹਨ । ਇਸ ਮੁਕੱਦਸ ਸਥਾਨ ਦੀ ਗੱਲ ਕਰਦੇ ਤੁਹਾਨੂੰ ਇਹ ਦੱਸ ਦੇਣਾ ਵੀ ਜ਼ਰੂਰੀ ਸਮਝਦੇ ਹਾਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਅਤੇ ਜੀ.ਟੀ ਰੋਡ 'ਤੇ  ਸਥਿੱਤ ਪੰਜਾਬ ਨਾਟਸ਼ਾਲਾ ਦਾ ਮੰਤਵ ਰੰਗਮੰਚ ਕਲਾ ਨੂੰ ਪ੍ਰਫੁਲਿਤ ਕਰਨਾ ਹੈ। 1998 'ਚ ਸਥਾਪਿਤ ਕੀਤੀ ਗਈ ਪੰਜਾਬ  ਨਾਟਸ਼ਾਲਾ ਆਧੁਨਿਕ ਅਤੇ ਬਹੁ- ਤਕਨਾਲੋਜੀ ਸੁਵਿਧਾਵਾਂ ਨਾਲ ਲੈਸ ਹੈ ਜਿਸ ਵਿੱਚ ਰਿਵੋਲਵਿੰਗ ਸਟੇਜ 'ਤੇ ਨਾਟਕ ਦੀ ਪੇਸ਼ਕਾਰੀ ਅਨੁਸਾਰ ਸਟੇਜ ਘੁਮਾਈ ਵੀ ਜਾ ਸਕਦੀ ਹੈ।ਨਾਟਕ ਵਿੱਚ ਸੁਗੰਧਿਤ ਖਾਣਿਆਂ ਦੀ ਖੁਸ਼ਬੋ ਦਾ ਆਨੰਦ ਵੀ ਦਰਸ਼ਕਾਂ ਨੂੰ ਮਿਲਦਾ ਹੈ ਅਤੇ ਬਾਰਿਸ਼ ਦੇ ਦ੍ਰਿਸ਼ ਵਿੱਚ ਦਰਸ਼ਕ ਬਾਰਿਸ਼ ਦਾ ਅਨੁਭਵ ਵੀ ਮਹਿਸੂਸਦੇ ਹਨ । ਚੰਨ ਤਾਰਿਆਂ ਤੋਂ ਲੈ ਕੇ ਨਾਟਕ ਦੀ ਮੰਗ ਅਨੁਸਾਰ ਹਰ ਪ੍ਰਕਾਰ ਦੀ ਸਹੂਲਤ ਪੰਜਾਬ ਨਾਟਸ਼ਾਲਾ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ।ਸੰਗੀਤ ਦੀ ਧੁਨਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਦਾ, ਕਲਾਕਾਰੀ ਜ਼ਰੀਏ ਕਲਾਕਾਰਾਂ ਅਤੇ ਦਰਸ਼ਕਾਂ ਦੀ ਅੰਤਰ ਆਤਮਾ ਨੂੰ ਛੂੰਹਦਾ, ਕਲਾ ਦੇ ਧਨੀ ਅਦਾਕਾਰਾਂ ਨੂੰ ਆਪਣੇ ਨਿੱਘ 'ਚ ਲੁਕਾਉਂਦਾ ਪੰਜਾਬ ਨਾਟਸ਼ਾਲਾ ਦਾ ਮੰਚ ਕਲਾਕਾਰਾਂ ਲਈ ਸਿਰਫ ਮੰਚ ਹੀ ਨਹੀਂ ਬਲਕਿ ਉਹ ਸਥਾਨ ਹੈ ਜਿੱਥੇ ਜਾ ਕੇ ਉਹ ਖੁਦ ਨੂੰ ਰੂਹਾਨੀਅਤ ਦੇ ਦਾਇਰੇ ਵਿੱਚ ਮਹਿਸੂਸ ਕਰਦੇ ਹਨ। ਪੰਜਾਬ ਨਾਟਸ਼ਾਲਾ ਦੀ ਸਟੇਜ ਦੇ ਦਿੱਗਜ ਲੇਖਕਾਂ ਦੇ ਲਿਖੇ ਅਤੇ ਡਾਇਰੈਕਟਰਾਂ ਦੇ ਡਾਇਰੈਕਟ ਕੀਤੇ ਨਾਟਕ ਅਤੇ ਕਹਾਣੀਆਂ ਨੂੰ ਪ੍ਰਸਤੁਤ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਲੇਖਕ ਡਾਇਰੈਕਟਰ ਅਤੇ ਨਾਟਸ਼ਾਲਾ ਦੇ ਸੰਸਥਾਪਕ ਇੰਜ਼ੀ. ਸ੍ਰੀ ਜਤਿੰਦਰ ਬਰਾੜ ਜੀ ਦੇ ਲਿਖੇ ਹੋਏ ਨਾਟਕ ਵੀ ਸ਼ਾਮਲ ਹਨ ਜੋ ਕਿ ਨਾਟਸ਼ਾਲਾ ਦੀ ਹੋਮ ਪ੍ਰੋਡਕਸ਼ਨ ਵਜੋਂ ਲਗਾਤਾਰ ਚੱਲ ਰਹੇ ਹਨ ਕੁਝ ਪ੍ਰਮੁੱਖ ਅਤੇ ਪ੍ਰਸਿੱਧ ਨਾਟਕਾਂ ਵਿੱਚੋਂ ਕੁਦੇਸਨ, ਮਿਰਚ ਮਸਾਲਾ, ਫਾਸਲੇ, ਪਾਏਦਾਨ ,ਕੂੜੇਦਾਨ ਦੀ ਜਾਈ ਅਤੇ ਹੋਰ ਵੀ ਕਈ ਨਾਟਕਾਂ ਦੀਆਂ ਪੇਸ਼ਕਾਰੀਆਂ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ । ਦਰਸ਼ਕਾਂ ਅਤੇ ਨਾਟਸ਼ਾਲਾ ਦਾ ਆਪਸੀ ਰਿਸ਼ਤਾ ਵੀ ਵਿਲੱਖਣ ਹੈ ਕਿ ਉਹ ਹਰ ਨਾਟਕ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ । ਪੰਜਾਬ ਨਾਟਸ਼ਾਲਾ ਨੂੰ ਸੌਰ ਊਰਜਾ ਨਾਲ ਚੱਲਣ ਵਾਲੇ ਪਹਿਲੇ ਥੀਏਟਰ ਦਾ ਮਾਣ ਹਾਸਲ ਹੈ। ਕਲਾਕਾਰੀ ਦੀਆਂ ਬਰੀਕੀਆਂ ਨੂੰ ਸਿੱਖਦੇ ਅਤੇ ਪ੍ਰਗਟਾਉਂਦੇ ਹੋਏ ਨਾਟਸ਼ਾਲਾ ਤੋਂ ਹੀ ਉਪਜੇ ਕਈ ਕਲਾਕਾਰ ਅੱਜ ਦੁਨੀਆਂ ਦੇ ਦਿਲਾਂ ਦੇ ਰਾਜ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਭਾਰਤੀ ਸਿੰਘ, ਕਪਿਲ ਸ਼ਰਮਾ, ਰਾਜੀਵ ਠਾਕੁਰ , ਰਾਜੀਵ ਢੀਂਗਰਾ ਅਤੇ ਹੋਰ ਵੀ ਕਈ ਕਲਾਕਾਰ  ਫਿਲਮ ਜਗਤ ਦੀ ਦੁਨੀਆਂ ਵਿੱਚ ਬੇਹੱਦ ਮਕਬੂਲ ਹੋਏ ਹਨ ।ਪੰਜਾਬ ਨਾਟਸ਼ਾਲਾ 'ਚ ਵੱਖ –ਵੱਖ ਰਾਜਾਂ ਅਤੇ ਸਥਾਨਾਂ ਤੋਂ ਕਲਾਕਾਰਾਂ ਨੇ ਆ ਕੇ ਆਪਣੀਆਂ ਕਈ ਪੇਸ਼ਕਾਰੀਆਂ ਦਿੱਤੀਆਂ ਹਨ ।ਅਸੀਂ ਕਹਿ ਸਕਦੇ ਹਾਂ ਕਿ "ਪੰਜਾਬ ਨਾਟਸ਼ਾਲਾ" ਇੱਕ ਲੇਖਕ ਸ੍ਰੀ ਜਤਿੰਦਰ ਬਰਾੜ ਜੀ ਦੀਆਂ ਅੱਖਾਂ ਵਿਚਲੇ ਸੁਪਨੇ ਦੀ ਦਹਿਲੀਜ਼ ਦੇ ਉੱਗਿਆ ਉਹ ਬੂਟਾ ਹੈ ਜਿਸਨੂੰ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਉਸ ਰੁੱਖ ਦੀ ਛਾਂ ਵਿੱਚ ਤਬਦੀਲ ਕਰ ਦਿੱਤਾ ਜਿਸ ਦੀ ਛਾਵੇਂ ਸਭ ਕਲਾਕਾਰਾਂ ਨੂੰ ਠੰਡਕ ਮਿਲਦੀ ਹੈ। ਪੰਜਾਬ ਨਾਟਸ਼ਾਲਾ ਕਲਾਕਾਰਾਂ ਲਈ ਪੂਜਾ ਸਥੱਲ ਦੀ ਤਰ੍ਹਾਂ ਹੈ। ਸ੍ਰੀ ਜਤਿੰਦਰ ਬਰਾੜ ਜੀ ਦੇ ਖਾਬ ਅਤੇ ਮਿਹਨਤ ਦੀ ਦੇਣ ਹੈ ਜਿਸਨੂੰ ਹਕੀਕਤ ਦਾ ਰੂਪ ਦੇਣ ਲਈ ਉਹਨਾਂ ਨੇ ਆਪਣੀ ਹਰ ਵਾਹ ਲਗਾ ਦਿੱਤੀ 'ਤੇ ਜਿਸ ਨਿਰਸੁਆਰਥ ਤੇ ਬਾਕਮਾਲ ਇਨਸਾਨ ਦੇ ਸਾਹਾਂ 'ਚ ਰੰਗਮੰਚ ਸਾਹ ਲੈਂਦਾ ਹੋਵੇ ਉਹੀ ਇਹ ਕਾਰਜ ਨੇਪਰੇ ਚਾੜ ਸਕਦਾ ਹੈ। —PTC News


Top News view more...

Latest News view more...