ਜੇਕਰ ਮੇਰਾ ਅਸਤੀਫ਼ਾ ਸਵੀਕਾਰ ਨਾ ਹੋਇਆ ਤਾਂ ਕਰਾਂਗਾ ਸੁਪਰੀਮ ਕੋਰਟ ਦਾ ਰੁਖ਼: ਫੂਲਕਾ

ਜੇਕਰ ਮੇਰਾ ਅਸਤੀਫ਼ਾ ਸਵੀਕਾਰ ਨਾ ਹੋਇਆ ਤਾਂ ਕਰਾਂਗਾ ਸੁਪਰੀਮ ਕੋਰਟ ਦਾ ਰੁਖ਼: ਫੂਲਕਾ,ਚੰਡੀਗੜ੍ਹ: ਦਾਖਾ ਤੋਂ ਵਿਧਾਇਕ ਐਚ ਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਚਿੱਠੀ ਲਿਖ ਕੇ ਅਸਤੀਫਾ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ। ਫੂਲਕਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਜੇਕਰ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਮੇਰੇ ਅਸਤੀਫ਼ੇ ਨੂੰ ਦੂਜੇ ਵਿਧਾਇਕਾਂ ਦੇ ਕੇਸਾਂ ਨਾਲ ਨਾ ਵਿਚਾਰਿਆ ਜਾਵੇ।

ਫੂਲਕਾ ਨੇ ਪੱਤਰ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਅਕਤੂਬਰ 2018 ਨੂੰ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਜੋ ਕਿ ਕਈ ਮਹੀਨੇ ਲੰਘਣ ਤੋਂ ਬਾਅਦ ਵੀ ਮਨਜ਼ੂਰ ਨਹੀਂ ਹੋਇਆ ਹੈ।

ਸਪੀਕਰ ਨੂੰ ਲਿਖੇ ਪੱਤਰ ਵਿਚ ਫੂਲਕਾ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨ ਦੇ ਨਾਲ-ਨਾਲ ਹਲਕਾ ਦਾਖਾ ਦੀ ਜ਼ਿਮਨੀ ਚੋਣ ਜਲਾਲਾਬਾਦ ਅਤੇ ਫਗਵਾੜਾ ਦੀ ਜ਼ਿਮਨੀ ਚੋਣ ਦੇ ਨਾਲ ਹੀ ਕਰਵਾਈ ਜਾਵੇ।

ਹੁਣ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇੱਕ ਵਿਧਾਇਕ ਖੁਦ ਆਪਣਾ ਅਸਤੀਫ਼ਾ ਦੇਣ ਨੂੰ ਤਿਆਰ ਹੈ, ਪਰ ਸਪੀਕਰ ਵੱਲੋਂ ਉਸ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ। ਇਸ ਤੋਂ ਬਾਅਦ ਹੁਣ ਸਪੀਕਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਸਵਾਲ ਖੜੇ ਕਰ ਰਹੀਆਂ ਹਨ।

ਹੋਰ ਪੜ੍ਹੋ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਹੋਈ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਲੱਗੀ ਮੁਹਰ

ਜੇਕਰ ਫੂਲਕਾ ਦਾ ਅਸਤੀਫਾ ਸਵੀਕਾਰ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਲਈ ਇਹ ਕਿਸੇ ਇੱਕ ਵੱਡੇ ਸਿਆਸੀ ਘਾਟੇ ਤੋਂ ਘੱਟ ਨਹੀਂ ਹੋਵੇਗਾ, ਕਿਉਂਕਿ ਆਮ ਆਦਮੀ ਪਾਰਟੀ ਦੀ ਜਿਥੇ ਸਿਆਸੀ ਧਰਾਤਲ ਪੂਰੀ ਤਰ੍ਹਾਂ ਹਿੱਲੀ ਹੋਈ ਹੈ, ਉਥੇ ਹੀ ਵਿਧਾਨ ਸਭਾ ਵਿੱਚ ਵੀ ਮੈਬਰਾਂ ਦੀ ਗਿਣਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਡਾ ਦਬਾਅ ਝੱਲ ਰਹੀ ਹੈ।

ਦੱਸ ਦਈਏ ਕਿ ਆਮ ਆਦਮੀ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਚੁਕੇ ਹਨ। ਭਾਵੇਂ ਕਿ ਉਹ ਅਜੇ ਵੀ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਵਾਲੇ ਪਾਸੇ ਬੈਠਦੇ ਹਨ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਗਏ ਪ੍ਰਸਤਾਵ ਦੇ ਹੱਕ ‘ਚ ਨਹੀਂ ਬੋਲਣਗੇ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ‘ਚ ਵਿਰੋਧੀ ਧਿਰ ‘ਚ ਬੈਠਣ ਵਾਲੀ ਆਮ ਆਦਮੀ ਪਾਰਟੀ ਇਜਲਾਸ ਦੌਰਾਨ ਕਈ ਧੜਿਆਂ ‘ਚ ਵੰਡੀ ਹੋਈ ਦਿਖਾਈ ਦੇ ਰਹੀ ਹੈ। ਇੱਕ ਧੜੇ ਦੀ ਅਗਵਾਈ ਖਰੜ ਤੋਂ ਵਿਧਾਇਕ ਕੁੰਵਰ ਸੰਧੂ ਕਰ ਰਹੇ ਹਨ ਤੇ ਦੂਜੇ ਧੜੇ ਦੀ ਅਗਵਾਈ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਕਰ ਰਹੇ ਹਨ, ਜਿਨ੍ਹਾਂ ਨੇ ਵਿਧਾਇਕੀ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ।

ਉਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਅਮਨ ਅਰੋੜਾ ‘ਚ ਵੀ ਆਪਸੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੀ ਹਾਲਤ ਕਾਫੀ ਨਾਜ਼ੁਕ ਹੋ ਚੁੱਕੀ ਹੈ, ਫੂਲਕਾ ਦਾ ਅਸਤੀਫਾ ਪ੍ਰਵਾਨ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੀਆਂ ਜੜਾਂ ਖਤਮ ਹੋ ਜਾਣਗੀਆਂ।

ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਆਪਣਾ ਅਕਸ ਬਚਾ ਸਕੇਗੀ। ਕੀ ਆਮ ਆਦਮੀ ਪਾਰਟੀ ਆਉਣ ਵਾਲੇ ਬਜਟ ਇਜਲਾਸ ‘ਚ ਵਿਰੋਧੀ ਧਿਰ ਰਹਿ ਸਕੇਗੀ ?

-PTC News