ਮੁੱਖ ਖਬਰਾਂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਿਰਕਤ

By Jagroop Kaur -- March 18, 2021 9:44 pm -- Updated:March 18, 2021 9:44 pm

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਥੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਫ਼ਲਸਫੇ ਤੋਂ ਸੰਗਤ ਨੂੰ ਜਾਣੂ ਕਰਵਾਇਆ, ਉਥੇ ਹੀ ਸਮੇਂ ਸਮੇਂ ਹਕੂਮਤਾਂ ਵੱਲੋਂ ਘਟਗਿਣਤੀਆਂ ਨੂੰ ਦਬਾਉਣ ਲਈ ਚਲੀਆਂ ਜਾਂਦੀਆਂ ਚਾਲਾਂ ਨੂੰ ਦੇਸ਼ ਲਈ ਘਾਤਕ ਦੱਸਿਆ।

400 ਸਾਲਾ ਪ੍ਰਕਾਸ਼ ਪੁਰਬ

READ MORE : ਸੰਗਰੂਰ :  ਭਵਾਨੀਗੜ੍ਹ ‘ਚ ਨੌਜਵਾਨ ਦੀ ਨੰਗਾ ਕਰਕੇ ਕੀਤੀ ਕੁੱਟਮਾਰ , ਪੀੜਤ ਨੂੰ ਹਸਪਤਾਲ…

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਪ੍ਰੇਰਣਾ ਸਰੋਤ ਅਤੇ ਉਨ੍ਹਾਂ ਦੀ ਸ਼ਹਾਦਤ ਸੰਸਾਰ ਅੰਦਰ ਵਿਲੱਖਣ ਅਤੇ ਅਦੁੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਜੀ ਦੀ ਪਾਵਨ ਸ਼ਹਾਦਤ ਹੋਈ ਉਸ ਸਮੇਂ ਔਰੰਗਜ਼ੇਬ ਖਾਸ ਨੀਤੀ ਤਹਿਤ ਗੈਰ ਮੁਸਲਮਾਨਾਂ ਨੂੰ ਦਬਾ ਰਿਹਾ ਸੀ। ਇਸੇ ਜਬਰੀ ਧਰਮ ਪ੍ਰਵਰਤਨ ਦੀ ਨੌਵੇਂ ਪਾਤਸ਼ਾਹ ਨੇ ਸਖ਼ਤ ਵਿਰੋਧਤਾ ਕੀਤੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੇ ਹਾਲਾਤ ਅਜਿਹਾ ਹੀ ਦ੍ਰਿਸ਼ ਪੇਸ਼ ਕਰ ਰਹੇ ਹਨ। ਅੱਜ ਦੇ ਹਾਕਮ ਇਕ ਧਰਮ ਦਾ ਰਾਸ਼ਟਰ ਬਣਾਉਣ ਦੀ ਨੀਤੀ ’ਤੇ ਹੀ ਕੰਮ ਕਰ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਉਨ੍ਹਾਂ ਕਿਹਾ ਕਿ ਅਜਿਹੀ ਨੀਤੀ ਦੇਸ਼ ਲਈ ਹਮੇਸ਼ਾ ਨੁਕਸਾਨਦੇਹ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਵੱਖ-ਵੱਖ ਧਰਮਾਂ, ਰੀਤੀ ਰਿਵਾਜਾਂ ਅਤੇ ਫਿਰਕਿਆਂ ਦੇ ਲੋਕ ਵੱਸਦੇ ਹਨ, ਜਿਨ੍ਹਾਂ ਦੀ ਧਾਰਮਿਕ ਅਜ਼ਾਦੀ ਅਤੇ ਹੱਕ ਹਕੂਕ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਅਨੁਸਾਰ ਸੁਰੱਖਿਅਤ ਰਹਿਣੇ ਚਾਹੀਦੇ ਹਨ।Gurmat Sammelan at Baba Bakala Sahib । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400  ਸਾਲਾ ਪ੍ਰਕਾਸ਼ ਪੁਰਬ

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਉਭਾਰਨਾ ਅਤੇ ਅਪਨਾਉਣਾ ਹੀ ਉਨ੍ਹਾਂ ਪ੍ਰਤੀ ਸੱਚਾ ਸਮਰਪਣ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਸਾਰਾ ਸਾਲ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਪ੍ਰਚਾਰਨ ਲਈ ਜ਼ੋਰਦਾਰ ਪ੍ਰਚਾਰ ਲਹਿਰ ਜਾਰੀ ਰੱਖੀ ਜਾਵੇਗੀ, ਜਿਸ ਤਹਿਤ ਪਿੰਡ ਪੱਧਰ ’ਤੇ ਸਮਾਗਮ ਕੀਤੇ ਜਾਣਗੇ।

ਉਨ੍ਹਾਂ ਇਹ ਵੀ ਕਿਹਾ ਕਿ 20 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਸਜਾਇਆ ਜਾਣ ਵਾਲਾ ਨਗਰ ਕੀਰਤਨ ਅਲੌਕਿਕ ਹੋਵੇਗਾ, ਜੋ ਪੰਜਾਬ, ਹਰਿਆਣਾ 'ਚ ਸਥਿਤ ਨੌਵੇਂ ਪਾਤਸ਼ਾਹ ਦੇ ਅਸਥਾਨਾਂ ਤੋਂ ਹੋ ਕੇ ਜਾਵੇਗਾ ਅਤੇ ਮੁੜ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸੰਪੂਰਨ ਹੋਵੇਗਾ। ਉਨ੍ਹਾਂ ਸਮਾਗਮ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਪੁੱਜਣ ਵਾਲੀਆਂ ਸੰਗਤਾਂ ਲਈ ਰੂਪਨਗਰ ਦੀ ਡਿਪਟੀ ਕਮਿਸ਼ਨਰ ਵੱਲੋਂ 72 ਘੰਟੇ ਪਹਿਲਾਂ ਕੋਰੋਨਾ ਦੀ ਰਿਪੋਰਟ ਲੈ ਕੇ ਆਉਣ ਨੂੰ ਮੰਦਭਾਗ ਕਰਾਰ ਦਿੰਦਿਆਂ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਲੱਖਾਂ ਦੀ ਗਿਣਤੀ 'ਚ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪੁੱਜਣ ਵਾਲੀਆਂ ਸੰਗਤਾਂ ਨੂੰ ਰੋਕਣ ਦੀ ਕੋਝੀ ਚਾਲ ਹੈ। ਇਹ ਸੰਭਵ ਹੀ ਨਹੀਂ ਹੋ ਸਕਦਾ ਕਿ 72 ਘੰਟੇ ਪਹਿਲਾਂ ਏਨੀ ਵੱਡੀ ਗਿਣਤੀ 'ਚ ਸੰਗਤਾਂ ਟੈਸਟ ਕਰਵਾ ਸਕਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਸੰਗਤਾਂ ਨੂੰ ਸਿੱਧੇ ਤੌਰ ’ਤੇ ਰੋਕਣਾ ਚਾਹੁੰਦੀ ਹੈ ਤਾਂ ਉਹ ਖੁਦ ਐਲਾਨ ਕਰੇ। ਪ੍ਰਸ਼ਾਸਨ ਨੂੰ ਮੋਹਰਾਂ ਬਣਾਉਣਾ ਜਾਇਜ਼ ਨਹੀਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼ਰਧਾ ਭੇਟ ਕਰਨਾ ਸੰਗਤ ਦਾ ਅਧਿਕਾਰ ਹੈ ਅਤੇ ਸਰਕਾਰ ਨੂੰ ਅਜਿਹੇ ਫੈਸਲੇ ਨਹੀਂ ਦਵਾਉਣੇ ਚਾਹੀਦੇ। ਉਨ੍ਹਾਂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ।
  • Share