ਮੁੱਖ ਖਬਰਾਂ

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਵਾਪਰਿਆ ਵੱਡਾ ਸੜਕ ਹਾਦਸਾ, ਕਈ ਯਾਤਰੀ ਜ਼ਖ਼ਮੀ

By Riya Bawa -- August 21, 2021 4:12 pm -- Updated:August 21, 2021 4:15 pm

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਵੱਡਾ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਸੋਲਨ ਦੇ ਬੱਦੀ ਵਿੱਚ ਪੱਟਾ-ਬਰੋਟੀਵਾਲਾ ਰੋਡ 'ਤੇ ਇੱਕ ਐਚਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਬੱਸ ਵਿੱਚ 32 ਲੋਕ ਸਵਾਰ ਸੀ ਅਤੇ ਇਨ੍ਹਾਂ 'ਚੋਂ ਬਹੁਤ ਸਾਰੇ ਹੁਣ ਜ਼ਖਮੀ ਹੋਏ ਹਨ। ਦੱਸਿਆ ਗਿਆ ਕਿ ਇਹ ਬੱਸ ਜੋਹਡਜੀ ਸਾਹਿਬ ਤੋਂ ਨਾਲਾਗੜ੍ਹ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਸ ਖਾਈ ਵਿੱਚ ਡਿੱਗ ਗਈ।

 

ਇਹ ਵੀ ਪੜ੍ਹੋ: ਕਾਬੁਲ ਹਵਾਈ ਅੱਡੇ ਦੇ ਬਾਹਰੋਂ 150 ਲੋਕਾਂ ਦੇ ਅਗਵਾ ਕੀਤੇ ਜਾਣ ਦੀ ਖ਼ਬਰ ਦਾ ਤਾਲਿਬਾਨ ਨੇ ਕੀਤਾ ਖੰਡਨ

ਖ਼ਬਰਾਂ ਮੁਤਾਬਕ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਆਸਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਬਚਾਇਆ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਇਹ ਭਿਆਨਕ ਹਾਦਸਾ ਵਾਪਰਨ ਦੀ ਵੀ ਸੰਭਾਵਨਾ ਹੈ। ਬੀਐਮਓ ਨਾਲਾਗੜ੍ਹ ਅਜੈ ਪਾਠਕ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਰੋਟੀਵਾਲਾ ਦੇ ਥੇਡਪੁਰਾ ਨੇੜੇ ਵਾਪਰਿਆ ਹੈ।

ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ ਕੁੱਲ 32 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਚੋਂ 29 ਦਾ ਨਾਲਾਗੜ੍ਹ ਹਸਪਤਾਲ ਵਿੱਚ ਇਲਾਜ ਵੀ ਚੱਲ ਰਿਹਾ ਹੈ, ਜਦੋਂ ਕਿ ਦੋ ਜ਼ਖ਼ਮੀਆਂ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਬਾਰੇ ਬੀਐਮਓ ਨਾਲਾਗੜ੍ਹ ਅਜੈ ਪਾਠਕ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਸਿਡਨੀ ’ਚ ਮੁੜ ਕੋਰੋਨਾ ਦਾ ਕਹਿਰ, ਸਤੰਬਰ ਤੱਕ ਲੱਗਾ ਲੌਕਡਾਊਨ

-PTCNews

  • Share