News Ticker

ਲਾਸਾਨੀ ਸ਼ਹੀਦ: ਬਾਬਾ ਬੰਦਾ ਸਿੰਘ ਬਹਾਦਰ

By Jasmeet Singh -- June 24, 2022 6:00 am -- Updated:June 23, 2022 11:02 pm

ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਅਠਾਰ੍ਹਵੀਂ ਸਦੀ ਵਿੱਚ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਸੰਘਰਸ਼ ਵਿੱਢਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਦੇ ਨਗਾਰੇ ਨਾਲ ਖਾਲਸਾਈ ਨਿਸ਼ਾਨ ਝੁਲਾਉਂਦਿਆਂ ਸਿੱਖ ਰਾਜ ਦੀ ਨੀਂਹ ਰੱਖੀ । ਸਿੰਘਾਂ ਦੀ ਇਸ ਜੇਤੂ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈਭੀਤ ਕਰ ਦਿੱਤਾ । ਹਰ ਪਾਸਿਓਂ ਸਿੰਘਾਂ ਦੀ ਜੇਤੂ ਮੁਹਿੰਮ ਨੇ ਮਾਨੋ ਮੁਗਲੀਆ ਸਲਤਨਤ ਦੇ ਥੰਮ ਥਿੜਕਾ ਦਿੱਤੇ । ਇਸ ਦਾ ਅਸਰ ਇਹ ਹੋਇਆ ਕਿ ਆਖ਼ਰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਪੰਜਾਬ ਵੱਲ ਕੂਚ ਕੀਤਾ । ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਾਥੀ ਸਿੰਘਾਂ ਅਤੇ ਖਾਲਸਾਈ ਫੌਜ ਸਮੇਤ ਲੋਹਗੜ੍ਹ ਕਿਲ੍ਹੇ ਵਿੱਚ ਟਿਕਾਣਾ ਕੀਤਾ ਅਤੇ ਪਹਾੜੀ ਰਾਜਿਆਂ ਵਿਰੁੱਧ ਫਤਿਹ ਦੀ ਮੁਹਿੰਮ ਵਿੱਢੀ ।

ਇਸ ਦੌਰਾਨ ਕਹਿਲੂਰ ਦੇ ਪਹਾੜੀ ਰਾਜੇ ਦੀ ਰਾਜਧਾਨੀ ਬਿਲਾਸਪੁਰ ਨੂੰ ਜਿੱਤਣ ਤੋਂ ਬਾਅਦ ਕੁੱਲੂ, ਨਾਹਨ ਅਤੇ ਹੋਰ ਪਹਾੜੀ ਰਾਜੇ ਸਿੱਖ ਫ਼ੌਜ ਦੀ ਸ਼ਰਨ ਹੇਠ ਆ ਗਏ । ਜਿਸ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਜੇਤੂ ਮੁਹਿੰਮ ਸਰ ਕਰਦਿਆਂ ਚੰਬੇ ਦੇ ਆਸ ਪਾਸ ਖ਼ੇਤਰ ਨੂੰ ਆਪਣੇ ਪੜਾਅ ਵਜੋਂ ਚੁਣਿਆ । ਦੂਸਰੇ ਪਾਸੇ 18 ਫਰਵਰੀ 1712 ਈ ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ । ਤਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਰਸਤਿਆਂ ਰਾਹੀਂ ਜੰਮੂ ਤੋਂ ਪੰਜਾਬ ਵੱਲ ਆਉਣ ਦਾ ਨਿਸਚਾ ਕੀਤਾ । ਅਨੇਕਾਂ ਇਲਾਕਿਆਂ ਨੂੰ ਫਤਿਹ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਟਾਲਾ ਅਤੇ ਕਲਾਨੌਰ 'ਤੇ ਆਪਣਾ ਕਬਜ਼ਾ ਜਮਾਂ ਲਿਆ ਅਤੇ ਫਰੁਖਸੀਅਰ ਨਾਲ ਦੋ ਹੱਥ ਕਰਨ ਦੀ ਤਿਆਰੀ ਵਿੱਢੀ ।

ਦੂਸਰੇ ਪਾਸੇ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਤਖ਼ਤ 'ਤੇ ਬੈਠੇ ਫਰੁਖਸੀਅਰ ਨੇ ਆਪਣੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਨੂੰ ਤਕੜਾ ਘੇਰਾ ਪਾ ਲਿਆ । ਅਨੇਕਾਂ ਮਹੀਨੇ ਘੇਰਾਬੰਦੀ ਚਲਦੀ ਰਹੀ ਅਤੇ ਸਿੰਘ ਫਾਕੇ ਕੱਟਣ 'ਤੇ ਮਜਬੂਰ ਹੋ ਗਏ । ਰਸਦ, ਪਾਣੀ ਅਤੇ ਜੰਗੀ ਸਮਾਨ ਦੀ ਘਾਟ ਹੋ ਗਈ । ਆਖਰ 7 ਦਸੰਬਰ 1715 ਈ. ਨੂੰ ਸ਼ਾਹੀ ਫ਼ੌਜ ਨੇ ਗੜ੍ਹੀ ਪੁਰ ਕਬਜ਼ਾ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਨੂੰ ਕੈਦ ਕਰ ਲਿਆ । ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਭਗ 800 ਸਿੰਘਾਂ ਨੂੰ ਕੈਦ ਕਰ ਜਲੂਸ ਦੀ ਸ਼ਕਲ ਵਿੱਚ ਲਾਹੌਰ ਲਿਆਂਦਾ ਗਿਆ । ਇਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਵਿੱਚ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਹਾਥੀ ਦੇ ਉੱਪਰ ਬਿਠਾ ਕੇ ਦਿੱਲੀ ਦੇ ਰਾਹੇ ਤੋਰਿਆ ਗਿਆ ।

ਇਸ ਦਰਮਿਆਨ ਹਜ਼ਾਰਾਂ ਬੇਦੋਸ਼ੇ ਅਤੇ ਬੇਕਸੂਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਜੋ ਮੁਗਲੀਆ ਹਕੂਮਤ ਦਾ ਡਰ ਲੋਕ ਮਨਾਂ ਵਿੱਚ ਬਗਾਵਤ ਦੀ ਜੁਰਅੱਤ ਨਾ ਪੈਦਾ ਕਰ ਸਕੇ । 9 ਜੂਨ 1716 ਈ. ਨੂੰ ਜਦੋਂ ਸੂਰਜ ਸਿਖ਼ਰ ਉੱਤੇ ਆਪਣੀ ਤਪਸ਼ ਦਾ ਕਹਿਰ ਵਰਤਾ ਰਿਹਾ ਸੀ ਤਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਥੀਆਂ ਸਮੇਤ ਮੀਰ ਆਤਿਸ਼ ਅਤੇ ਸਰਬਰਾਹ ਖਾਨ ਦੀ ਨਿਗਰਾਨੀ ਹੇਠ ਦਿੱਲੀ ਦੇ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ । ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੋਂ ਉਤਾਰ ਕੇ ਜ਼ਮੀਨ ਤੇ ਬਿਠਾਇਆ ਗਿਆ ਅਤੇ ਫ਼ਿਰ ਮੌਤ ਜਾਂ ਇਸਲਾਮ ਦੋਹਾਂ ਵਿੱਚੋਂ ਇੱਕ ਨੂੰ ਚੁਣਨ ਲਈ ਕਿਹਾ । ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿਦਕਦਿਲੀ ਨਾਲ ਧਰਮ ਤਿਆਗਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਦੇ ਮੂੰਹ ਵਿੱਚ ਪੁੱਤਰ ਅਜੈ ਸਿੰਘ ਦਾ ਕਲੇਜਾ ਪਾਇਆ ਗਿਆ । ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕਢ ਕੇ ਸਾਰੇ ਸਰੀਰ ਨੂੰ ਭਖ਼ਦੇ ਜੰਬੂਰਾਂ ਨਾਲ ਨੋਚਦਿਆਂ ਅਸਹਿ ਜ਼ੁਲਮ ਕਰਕੇ ਸ਼ਹੀਦ ਕਰ ਦਿੱਤਾ ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਇਹ ਵਰਤਾਰਾ ਹਮੇਸ਼ਾਂ ਲਈ ਸਿੱਖ ਕੌਮ ਦੇ ਬਾਸ਼ਿੰਦਿਆਂ ਨੂੰ ਸਿਦਕਦਿਲੀ, ਦਲੇਰੀ ਅਤੇ ਗੁਰੂ ਪਿਆਰ ਦੀ ਅਨੋਖੀ ਦਾਸਤਾਨ ਦੇ ਭਾਈਵਾਲ ਬਣਨ ਦੀ ਪ੍ਰੇਰਨਾ ਦਿੰਦਾ ਰਹੇਗਾ । ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ ।

-PTC News

  • Share