ਮੁੱਖ ਖਬਰਾਂ

ਟੋਰਾਂਟੋ ਦੇ ਸਵਾਮੀਨਾਰਾਇਣ ਮੰਦਿਰ ਦੀਆਂ ਕੰਧਾਂ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ, ਭਾਰਤ ਨੇ ਕੀਤਾ ਸਖ਼ਤ ਇਤਰਾਜ਼

By Pardeep Singh -- September 15, 2022 11:06 am

 ਕੈਨੇਡਾ: ਕੈਨੇਡਾ ਵਿੱਚ ਕੁਝ ਭਾਰਤ ਵਿਰੋਧੀ ਤੱਤਾਂ ਨੇ ਟੋਰਾਂਟੋ ਦੇ ਪ੍ਰਸਿੱਧ ਸਵਾਮੀ ਨਾਰਾਇਣ ਮੰਦਿਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ। ਮੰਦਿਰ ਪ੍ਰਸ਼ਾਸਨ ਨੇ ਸਥਾਨਕ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਦਿਰ ਦੀ ਕੰਧ 'ਤੇ 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਭਾਰਤ ਮੁਰਦਾਬਾਦ' ਦੇ ਨਾਅਰੇ ਲਿਖੇ ਹੋਏ ਹਨ। ਭਾਰਤ ਸਰਕਾਰ ਨੇ ਵੀ ਇਸ ਘਟਨਾ 'ਤੇ ਸਖ਼ਤ ਇਤਰਾਜ਼ ਕੀਤਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਪ੍ਰਸਿੱਧ ਸਵਾਮੀਨਾਰਾਇਣ ਮੰਦਿਰ ਵਿਖੇ ਲਿਖੀ ਖਾਲਿਸਤਾਨ ਜ਼ਿੰਦਾਬਾਦ ਦੀ ਵੀਡੀਓ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਇਨ ਇੰਡੀਆ ਵੱਲੋਂ ਜਾਰੀ ਕੀਤੀ ਗਈ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਖਾਲਿਸਤਾਨ ਪੱਖੀ ਕੈਨੇਡੀਅਨ ਅਤੇ ਅਮਰੀਕਾ ਸਥਿਤ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਲਈ ਹੈ।

ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਉਂਦੇ ਹੋਏ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਹੈ ਕਿ ਅਸੀਂ ਟੋਰਾਂਟੋ ਸਥਿਤ ਸਵਾਮੀ ਨਰਾਇਣ ਮੰਦਰ ਦੀ ਕੰਧ ਉੱਤੇ  ਭਾਰਤ ਵਿਰੋਧੀ ਗੱਲਾਂ ਲਿਖਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ।

ਬਰੈਂਪਟਨ ਸਾਊਥ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਵੀ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਉਸਨੇ ਟਵੀਟ ਕੀਤਾ ਹੈ ਕਿ ਮੈਂ ਟੋਰਾਂਟੋ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਦੀ ਬੇਅਦਬੀ ਦੀ ਕਾਰਵਾਈ ਤੋਂ ਬਹੁਤ ਦੁਖੀ ਹਾਂ। ਅਸੀਂ ਇੱਕ ਬਹੁ-ਸੱਭਿਆਚਾਰਕ ਅਤੇ ਬਹੁ-ਵਿਸ਼ਵਾਸੀ ਭਾਈਚਾਰੇ ਵਿੱਚ ਰਹਿੰਦੇ ਹਾਂ, ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ। ਇਸ ਘਟਨਾ ਲਈ ਜਿੰਮੇਵਾਰਾਂ ਦੀ ਸ਼ਨਾਖਤ ਕੀਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਸਕੇ।

ਇਹ ਵੀ ਪੜ੍ਹੋ:ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਵਿੱਚ ਪਿਕਨਿਕ ਮਨਾਉਣ ਗਏ: ਰਾਜ ਕੁਮਾਰ ਵੇਰਕਾ

-PTC News

  • Share