ਸੁਸ਼ਮਾ ਸਵਰਾਜ ਦੇ ਦੇਹਾਂਤ ’ਤੇ ਕ੍ਰਿਕਟ ਖਿਡਾਰੀਆਂ ਨੇ ਪ੍ਰਗਟਾਇਆ ਗਹਿਰਾ ਦੁੱਖ, ਕੀਤੇ ਭਾਵੁਕ ਟਵੀਟ

ਸੁਸ਼ਮਾ ਸਵਰਾਜ ਦੇ ਦੇਹਾਂਤ ’ਤੇ ਕ੍ਰਿਕਟ ਖਿਡਾਰੀਆਂ ਨੇ ਪ੍ਰਗਟਾਇਆ ਗਹਿਰਾ ਦੁੱਖ, ਕੀਤੇ ਭਾਵੁਕ ਟਵੀਟ,ਨਵੀਂ ਦਿੱਲੀ: ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਦੇ ਦੇਹਾਂਤ ‘ਤੇ ਜਿਥੇ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੌੜ ਗਈ, ਉਥੇ ਹੀ ਕ੍ਰਿਕਟ ਜਗਤ ‘ਚ ਮਾਤਮ ਪਸਰ ਗਿਆ ਹੈ। ਉਹਨਾਂ ਦੇ ਦੇਹਾਂਤ ‘ਤੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ।

ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਕੋਹਲੀ ਨੇ ਟਵੀਟ ਕਰ ਲਿਖਿਆ, ”ਸੁਸ਼ਮਾ ਜੀ ਦੇ ਦਿਹਾਂਤ ਦੀ ਖਬਰ ਸੁਣ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”

ਸੁਰੇਸ਼ ਰੈਨਾ ਨੇ ਟਵੀਟ ਕਰਦੇ ਹੋਏ ਲਿਖਿਆ – ਅਜੇ ਵੀ ਇਸ ਖਬਰ ਉੱਤੇ ਭਰੋਸਾ ਨਹੀਂ ਹੋ ਪਾ ਰਿਹਾ। ਇਹ ਕਾਫ਼ੀ ਪ੍ਰੇਸ਼ਾਨ ਕਰਨ ਵਾਲਾ ਹੈ। ਦੇਸ਼ ਲਈ ਇਹ ਇੱਕ ਬਹੁਤ ਨੁਕਸਾਨ ਹੈ।

ਭਾਰਤੀ ਕ੍ਰਿਕਟਰ ਹਰਭਜਨ ਸਿੰਘ, ਵੀਵੀ ਐਸ ਲਕਸ਼ਮਣ ਅਤੇ ਸਚਿਨ ਤੇਂਦੁਲਕਰ ਨੇ ਵੀ ਸਾਬਕਾ ਵਿਦੇਸ਼ ਮੰਤਰੀ ਨੂੰ ਟਵੀਟ ਕਰ ਸ਼ਰਧਾਂਜਲੀ ਦਿੱਤੀ ਹੈ।

ਸਾਬਕਾ ਭਾਰਤੀ ਕ੍ਰਿਕਟਰ ਅਤੇ ਸੰਸਦ ਗੌਤਮ ਗੰਭੀਰ ਨੇ ਆਪਣੇ ਟਵੀਟ ਵਿੱਚ ਲਿਖਿਆ, ਮੈਂ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਦੇਹਾਂਤ ‘ਤੇ ਬਹੁਤ ਦੁਖੀ ਹਾਂ। ਉਹ ਇੱਕ ਉੱਤਮ ਨੇਤਾ ਸਨ, ਉਨ੍ਹਾਂ ਨੂੰ ਸਾਰੇ ਬਹੁਤ ਪ੍ਰੇਮ ਕਰਦੇ ਸਨ। ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਨੇਤਾਵਾਂ ਵਿੱਚ ਸ਼ੁਮਾਰ ਕੀਤਾ ਜਾਵੇਗਾ ਜੋ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਸਨ।

ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 67 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਏਮਜ਼ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਲੋਧੀ ਰੋਡ ਦੇ ਸ਼ਮਸ਼ਾਨ ਘਾਟ ‘ਤੇ ਕੀਤਾ ਜਾਵੇਗਾ।

-PTC News