IIIT (ਸੋਧ) ਬਿਲ ਲੋਕ ਸਭਾ ਵਿੱਚ ਪੇਸ਼

ਨਵੀਂ ਦਿੱਲੀ: ਭਾਰਤ ਦੇ ਸੂਚਨਾ ਤਕਨਾਲੋਜੀ ਨਾਲ ਜੁੜੇ ਪੰਜ ਸਿੱਖਿਅਕ ਅਦਾਰਿਆਂ ਨੂੰ ਰਾਸ਼ਟਰੀ ਮਹੱਤਵ ਦੇ ਅਦਾਰੇ (Institution of National Importance ਜਾਂ INI) ਦਾ ਦਰਜਾ ਦਿਵਾਉਣ ਵਾਲਾ ਬਿਲ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲੋਜੀ (IIITs) ਲਾਅ (ਸੋਧ) ਬਿਲ, 2020 ਬਿਲ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਪੇਸ਼ ਕੀਤਾ।

ਜਿਹੜੀਆਂ ਪੰਜ ਆਈਆਈਆਈਟੀ ਨੂੰ ਰਾਸ਼ਟਰੀ ਮਹੱਤਵ ਦੇ ਅਦਾਰੇ ਦਾ ਦਰਜਾ ਦੇਣ ਦੀ ਤਜਵੀਜ਼ ਹੈ, ਉਨ੍ਹਾਂ ਵਿੱਚ ਗੁਜਰਾਤ ਦੇ ਸ਼ਹਿਰ ਸੂਰਤ, ਮੱਧ ਪ੍ਰਦੇਸ਼ ਦੇ ਭੋਪਾਲ, ਬਿਹਾਰ ਦੇ ਭਾਗਲਪੁਰ, ਤ੍ਰਿਪੁਰਾ ਦੇ ਅਗਰਤਲਾ ਅਤੇ ਕਰਨਾਟਕ ਦੇ ਰਾਏਚੂਰ ਵਿਖੇ ਸਥਿਤ ਆਈਆਈਆਈਟੀ ਦੇ ਨਾਂਅ ਸ਼ਾਮਲ ਹਨ।

ਜਨਤਕ ਨਿੱਜੀ ਭਾਈਵਾਲੀ (Public Private Partnership ਜਾਂ PPP) ਅਧੀਨ ਤਿਆਰ ਇਨ੍ਹਾਂ 5 ਤੋਂ ਇਲਾਵਾ 15 ਹੋਰ ਆਈਆਈਆਈਟੀ ਅਦਾਰੇ, ਹੁਣ ਬੈਚਲਰ ਆਫ਼ ਟੈਕਨੋਲਾਜੀ (B.Tech), ਮਾਸਟਰ ਆਫ਼ ਟੈਕਨੋਲਾਜੀ (M.Tech) ਜਾਂ ਪੀਐਚਡੀ (Ph.D) ਦੀ ਡਿਗਰੀ ਦੇਣ ਦੇ ਯੋਗ ਹੋਣਗੇ।

ਇਸ ਬਿਲ ਨਾਲ ਇਹ ਸੰਸਥਾਵਾਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਖੋਜਾਂ ਵਾਸਤੇ ਦੇਸ਼ ਅੰਦਰ ਇੱਕ ਮਜ਼ਬੂਤ ਅਧਾਰ ਵਿਕਸਤ ਕਰਨ ਲਈ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਦੇ ਵੀ ਯੋਗ ਬਣਨਗੀਆਂ।