15 ਅਗਸਤ ਨੂੰ ਨਿਊਯਾਰਕ ਦੇ ਟਾਈਮਜ਼ ਸਕਵਾਇਰ ‘ਤੇ ਪਹਿਲੀ ਵਾਰ ਲਹਿਰਾਇਆ ਜਾਵੇਗਾ ਤਿਰੰਗਾ

Indian tricolour to be hoisted at iconic Times Square in New York

ਨਿਊਯਾਰਕ –15 ਅਗਸਤ ਨੂੰ ਨਿਊਯਾਰਕ ਦੇ ਟਾਈਮਜ਼ ਸਕਵਾਇਰ ‘ਤੇ ਪਹਿਲੀ ਵਾਰ ਲਹਿਰਾਇਆ ਜਾਵੇਗਾ ਤਿਰੰਗਾ: ਅਮਰੀਕਾ ਦੇ ਇੱਕ ਗਰੁੱਪ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਨਿਊਯਾਰਕ ਦੇ ਟਾਈਮਜ਼ ਸਕਵਾਇਰ ‘ਤੇ ਭਾਰਤ ਦਾ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਘੋਸ਼ਣਾ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋਵੇਗਾ , ਜਦੋਂ ਨਿਊਯਾਰਕ ਸ਼ਹਿਰ ਦੇ ਇਸ ਖਾਸ ਸਥਾਨ ‘ਤੇ ਤਿਰੰਗਾ ਲਹਿਰਾਇਆ ਜਾਵੇਗਾ।

ਦੱਸ ਦੇਈਏ ਕਿ ਤਿੰਨ ਰਾਜਾਂ ਨਿਊਯਾਰਕ , ਨਿਊਜਰਸੀ ਅਤੇ ਕਨੇਕਟੀਕਟ ( connecticut) ਦੇ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ ) ਨੇ ਇੱਕ ਬਿਆਨ ‘ਚ ਕਿਹਾ ਕਿ ਟਾਈਮਜ਼ ਸਕਵਾਇਰ ‘ਤੇ ਪਹਿਲੀ ਵਾਰ ਤਿਰੰਗਾ ਲਹਿਰਾ ਕੇ 15 ਅਗਸਤ 2020 ਨੂੰ ਇਤਿਹਾਸ ਰਚਿਆ ਜਾਵੇਗਾ ।

ਮਿਲੀ ਜਾਣਕਾਰੀ ਮੁਤਾਬਿਕ ਇਸ ਮੌਕੇ ਨਿਊਯਾਰਕ ‘ਚ ਭਾਰਤ ਦੇ ਭਾਰਤ ਦੇ ਕਾਊਂਸਲੇਟ ਜਨਰਲ ਰਣਧੀਰ ਜਾਇਸਵਾਲ(Consulate General of India in New York ) ਸਮਾਗਮ ਦੇ ਦੌਰਾਨ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹਿਣਗੇ । ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫਆਈਏ) ਦੇ ਦੱਸਣ ਅਨੁਸਾਰ, ਇਸ ਸਾਲ ਟਾਇਮਜ਼ ਸਕਵਾਇਰ ‘ਤੇ ਤਿਰੰਗਾ ਲਹਿਰਾਏ ਜਾਣ ਦੇ ਨਾਲ ਹੀ ਹਰ ਸਾਲ ਵਾਂਗ 14 ਅਗਸਤ ਨੂੰ ਐਂਪਰਾਇਰ ਸਟੇਟ ਬਿਲਡਿੰਗ ਨੂੰ ਸੰਤਰੀ, ਸਫ਼ੈਦ ਤੇ ਹਰੇ ਰੰਗ (ਤਿਰੰਗੇ ਦੇ ਤਿੰਨੋਂ ਰੰਗਾਂ ) ਦੀਆਂ ਲਾਈਟਾਂ ਨਾਲ ਰੋਸ਼ਨ ਕੀਤਾ ਜਾਵੇਗਾ। ਭਾਰਤ ਦੀ ਆਜ਼ਾਦੀ ਦੇ ਦਿਵਸ ‘ਤੇ ਜਸ਼ਨ ਵਜੋਂ ਟਾਇਮਜ਼ ਸਕਵਾਇਰ ‘ਤੇ ਤਿਰੰਗਾ ਝੰਡਾ ਲਹਿਰਾਉਣਾ ਭਾਰਤੀ-ਅਮਰੀਕੀ ਭਾਈਚਾਰੇ ਦੀ ਵੱਧਦੀ ਦੇਸ਼ ਭਗਤੀ ਦਾ ਪ੍ਰਤੀਕ ਹੈ।

ਦੱਸ ਦੇਈਏ ਕਿ ਫ਼ੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਇਸ ਸਾਲ ਆਪਣੀ ਗੋਲਡਨ ਜੁਬਲੀ ਮਨਾ ਰਹੀ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨਾਂ ‘ਚੋਂ ਇਕ ਮੰਨੇ ਜਾਂਦੇ ਸੰਗਠਨ ਐੱਫਆਈਏ ਦੀ ਸਥਾਪਨਾ 1970 ‘ਚ ਹੋਈ ਸੀ । ਗ਼ੌਰਤਲਬ ਹੈ ਕਿ ਉੱਘੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੁਖੀ ਰਮੇਸ਼ ਪਟੇਲ, ਜੋ ਕੋਰੋਨਵਾਇਰਸ ਦੀ ਚਪੇਟ ‘ਚ ਆਉਣ ਤੋਂ ਬਾਅਦ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ , ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਜੁਲਾਈ ਵਿਚ, ਅੰਕੁਰ ਵੈਦਿਆ ਨੂੰ ਐਫਆਈਏ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ।

ਰਾਮ ਮੰਦਿਰ ਦੇ ਭੂਮੀ-ਪੂਜਨ ‘ਤੇ ਵੀ ਕੀਤੀਆਂ ਸਨ ਤਸਵੀਰਾਂ ਪ੍ਰਦਰਸ਼ਿਤ :-

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੀ ਪੰਜ ਅਗਸਤ ਨੂੰ ਰਾਮ ਮੰਦਿਰ ਦੇ ਭੂਮੀ-ਪੂਜਨ ਦੇ ਦਿਨ ਵੀ ਨਿਊਯਾਰਕ ਦੇ ਟਾਈਮਜ਼ ਸਕਵਾਇਰ ‘ਤੇ ਵਿਸ਼ਾਲ ਬਿਲਬੋਰਡ ‘ਤੇ ਭਗਵਾਨ ਰਾਮ ਅਤੇ ਪਾਵਨ ਰਾਮ ਮੰਦਿਰ ਦੀਆਂ ਥ੍ਰੀ ਡੀ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ, ਜਿਸਨੂੰ ਵੇਖ ਕੇ ਲੋਕ ਬੇਹੱਦ ਖੁਸ਼ ਹੋਏ ਸਨ । ਦਰਅਸਲ , ਟਾਈਮਜ਼ ਸਕਵਾਇਰ ਉੱਪਰ ਲੱਗੇ ਬਿਲਬੋਰਡ ਦੁਨੀਆਂ ਦੇ ਸਭ ਤੋਂ ਵੱਡੇ ਆਕਰਸ਼ਕ ਬਿਲਬੋਰਡ ‘ਚੋਂ ਇੱਕ ਹੈ ਅਤੇ ਸੈਲਾਨੀ ਇਸ ਨੂੰ ਕਾਫ਼ੀ ਪਸੰਦ ਕਰਦੇ ਹਨ।