ਵੱਡੀ ਖ਼ਬਰ! ਹਿੰਸਕ ਘਟਨਾ ਤੋਂ ਬਾਅਦ ਪਟਿਆਲਾ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਬੰਦ
ਪਟਿਆਲਾ : ਪਟਿਆਲਾ 'ਚ ਵਾਪਰੀ ਹਿੰਸਕ ਝੜਪ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਸਵੇਰੇ 9.30 ਤੋਂ ਸ਼ਾਮ 6 ਵਜੇ 'ਚ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਮਾਮਲੇ ਵਿੱਚ ਆਈਜੀ, ਐਸਐਸਪੀ ਅਤੇ ਏਐਸਪੀ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਦਰਅਸਲ ਹਿੰਦੂ ਸੰਗਠਨਾਂ ਨੇ ਅੱਜ ਪਟਿਆਲਾ ਬੰਦ ਦਾ ਸੱਦਾ ਦਿੱਤਾ ਹੈ। ਹਿੰਦੂ ਸੰਗਠਨ ਕਾਲੀ ਮਾਤਾ ਦੇ ਮੰਦਰ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਹੈ। ਇਸ ਦੇ ਨਾਲ ਹੀ ਪਟਿਆਲਾ 'ਚ ਵਾਪਰੀ ਹਿੰਸਕ ਝੜਪ ਕਰਕੇ ਅੰਬਾਲਾ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਪੁਲਿਸ ਵੱਲੋਂ ਵੱਖ ਵੱਖ ਥਾਂ 'ਤੇ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਪਟਿਆਲਾ ਤੋਂ ਬਾਅਦ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨ ਨੂੰ ਪੱਤਰ ਲਿਖ ਕੇ ਸੁਰੱਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੱਲ਼੍ਹ ਪਟਿਆਲਾ ਵਿਚ ਦੋ ਧੜਿਆਂ ਵਿਚ ਟਕਰਾਅ ਹੋਇਆ ਸੀ, ਜਿਸ ਕਾਰਨ ਅੱਜ 30 ਅਪਰੈਲ ਨੂੰ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਲਈ ਸੁਰਖਿਆ ਦੇ ਲਿਹਾਜ਼ ਨਾਲ ਜਿਲ੍ਹੇ ਵਿਚ ਧਾਰਾ 144 ਲਾਗੂ ਕੀਤੀ ਜਾਵੇ। ਦੱਸ ਦੇਈਏ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਾਂਤੀ ਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਪਟਿਆਲਾ 'ਚ ਨਾਈਟ ਕਰਫਿਊ ਲਗਾ ਦਿੱਤਾ ਸੀ। ਗੌਰਤਲਬ ਹੈ ਕਿ ਕੱਲ੍ਹ ਪਟਿਆਲਾ ’ਚ ਉਸ ਸਮੇਂ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਦੋ ਧੜਿਆਂ ਵਿਚਕਾਰ ਸਿੱਧਾ ਟਕਰਾਅ ਹੋ ਗਿਆ। ਕਾਲੀ ਮਾਤਾ ਮੰਦਰ ਕੋਲ ਟਕਰਾਅ ਰੋਕਣ ਲਈ ਪੁਲਿਸ ਨੂੰ ਹਵਾ ’ਚ ਗੋਲੀਆਂ ਵੀ ਚਲਾਉਣੀਆਂ ਪਈਆਂ। ਇਸ ਪੂਰੀ ਘਟਨਾ 'ਚ ਐੱਸਐੱਚਓ ਜ਼ਖਮੀ ਹੋ ਗਿਆ ਸੀ ਜਦਕਿ ਤਿੰਨ-ਚਾਰ ਜਵਾਨ ਵੀ ਇਸ ਘਟਨਾ 'ਚ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ ਪਟਿਆਲਾ ਵਿੱਚ ਕਰਫਿਊ ਲਗਾ ਦਿੱਤਾ ਗਿਆ ਜੋ ਕਿ ਸ਼ਾਮ 7 ਵਜੇ ਤੋਂ ਭਲਕੇ ਸਵੇਰੇ 6 ਵਜੇ ਤੱਕ ਲਾਗੂ ਰਿਹਾ। ਇਸ ਨਾਲ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। -PTC News