ਇਟਲੀ ‘ਚ ਖੁੱਲ੍ਹੇਗਾ ਲੌਕਡਾਊਨ , 3 ਜੂਨ ਤੋਂ ਵਿਦੇਸ਼ ਯਾਤਰਾ ਵਾਸਤੇ ਮਿਲੇਗੀ ਇਜ਼ਾਜਤ

https://www.ptcnews.tv/wp-content/uploads/2020/05/WhatsApp-Image-2020-05-16-at-3.41.51-PM.jpeg

ਇਟਲੀ- ਇਟਲੀ ‘ਚ ਖੁੱਲ੍ਹੇਗਾ ਲੌਕਡਾਊਨ , 3 ਜੂਨ ਤੋਂ ਵਿਦੇਸ਼ ਯਾਤਰਾ ਵਾਸਤੇ ਮਿਲੇਗੀ ਇਜ਼ਾਜਤ: ਇਟਲੀ , ਜਿੱਥੇ ਕਿ ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਦੁਨੀਆ ‘ਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ , ਉਥੋਂ ਦੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਹੁਕਮਨਾਮੇ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਅਨੁਸਾਰ 3 ਜੂਨ ਤੋਂ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਮਿਲ ਸਕੇਗੀ । ਕਿਹਾ ਜਾ ਰਿਹਾ ਹੈ ਕਿ ਇਟਲੀ 3 ਜੂਨ ਤੋਂ ਯੂਰਪੀਅਨ ਯੂਨੀਅਨ ਦੇ ਸਾਰੇ ਦੇਸ਼ਾਂ ਅਤੇ ਸ਼ੈਂਗੇਨ (Schengen) ਖੇਤਰ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ, ਇਹ ਟੂਰਿਜ਼ਮ ਖੇਤਰ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਇਟਲੀ ‘ਚ 3 ਜੂਨ ਤੋਂ ਵਿਦੇਸ਼ ਯਾਤਰਾ ‘ਤੇ ਜਾਣ ਤੇ ਉੱਥੋਂ ਆਉਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਵੱਧ ਰਹੀਆਂ ਮੌਤਾਂ ਦੀ ਗਿਣਤੀ ਨੂੰ ਵੇਖਦੇ ਜਿਥੇ ਪਹਿਲਾਂ ਇਟਲੀ ਵਲੋਂ ਮੁਕੰਮਲ ਲੌਕਡਾਊਨ ਲਾਗੂ ਕੀਤਾ ਗਿਆ ਸੀ , ਉੱਥੇ 3 ਜੂਨ ਤੋਂ ਦੇਸ਼ ਭਰ ‘ਚ ਇਟਲੀ ਤਕਰੀਬਨ ਸਾਰੀਆਂ ਪਾਬੰਦੀਆਂ ਹਟਾਉਣ ਲਈ ਤਿਆਰ-ਬਰ-ਤਿਆਰ ਹੈ । ਨਿਊਜ਼ ਏਜੰਸੀ ਰਾਇਟਰਸ ਵੱਲੋਂ ਦੇਖੇ ਖਰੜੇ ਅਨੁਸਾਰ ਸਰਕਾਰ ਕੋਰੋਨਾ ਵਾਇਰਸ ਲਾਕਡਾਊਨ ਤੋਂ ਆਪਣੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਦੱਸ ਦੇਈਏ ਕਿ ਇਟਲੀ ‘ਚ ਵੱਖ-ਵੱਖ ਖੇਤਰਾਂ ਅੰਦਰ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ 18 ਮਈ ਤੋਂ ਮਨਜ਼ੂਰੀ ਦਿੱਤੀ ਜਾਵੇਗੀ।

ਇਟਲੀ ਦੇ ਪ੍ਰਧਾਨ ਮੰਤਰੀ ਜਿਉਸੇਪ ਕੌਂਟੇ ( Giuseppe Conte) ਨੇ ਕੋਵਿਡ -19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਮਾਰਚ ਦੇ ਆਰੰਭ ਵਿਚ ਤਾਲਾਬੰਦੀ ਨੂੰ ਲਾਗੂ ਕੀਤਾ ਸੀ, ਹੁਣ ਹੌਲੀ-ਹੌਲੀ ਲਾਕਡਾਊਨ ਤੋਂ ਪਾਬੰਦੀ ਹਟਾਉਣ ਬਾਰੇ ਲੱਗੀ ਹੋਈ ਹੈ । ਦੁਨੀਆਂ ‘ਚ ਬ੍ਰਿਟੇਨ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਦੇ ਅੰਕੜੇ ਵਾਲਾ ਦੇਸ਼ ਬਣ ਚੁੱਕਾ ਹੈ ਇਟਲੀ , ਜਿੱਥੇ ਹੁਣ ਤੱਕ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਭੇਟ ਚੜ੍ਹ ਚੁੱਕੇ ਹਨ ।

ਬੀਤੀ 4 ਮਈ ਨੂੰ ਨਿਯਮਾਂ ਸਮੇਤ ਲੋਕਾਂ ਨੂੰ ਕਈ ਕੰਮ ਕਰਨ ਦੀ ਮਨਜ਼ੂਰੀ ਮਿਲੀ ਸੀ ਅਤੇ ਕਾਰਖਾਨੇ ਅਤੇ ਪਾਰਕਾਂ ਨੂੰ ਵੀ ਖੋਲਣ ਦੀ ਆਗਿਆ ਦਿੱਤੀ ਗਈ ਸੀ । ਹੁਣ ਕਿਹਾ ਜਾ ਰਿਹਾ ਹੈ ਕਿ 18 ਮਈ ਨੂੰ ਦੁਕਾਨਾਂ ਵੀ ਖੁੱਲ ਜਾਣਗੀਆਂ ਅਤੇ ਵੱਖ-ਵੱਖ ਖੇਤਰਾਂ ‘ਚ ਗਤੀਵਿਧੀਆਂ ਵੀ ਸ਼ੁਰੂ ਹੋ ਸਕਣਗੀਆਂ ਭਾਵ ਲੋਕ ਇੱਕ ਦੂਸਰੇ ਨਾਲ ਰਾਬਤਾ ਰੱਖ ਸਕਣਗੇ ।

ਜਿੱਥੇ ਇਟਲੀ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਬਹਾਲ ਕਰਨ ਵਾਸਤੇ ਜੁਟਿਆ ਹੋਇਆ ਹੈ ਉਥੇ ਹੀ ਵੱਡੇ ਇੱਕਠ ‘ਤੇ ਮਨਾਹੀ ਰਹੇਗੀ ਅਤੇ ਕਿੱਤਿਆਂ ਨੂੰ ਸ਼ੁਰੂ ਕਰਨ ਵਾਲੇ ਸਾਰੇ ਹੀ ਖੇਤਰਾਂ ‘ਚ ਸੋਸ਼ਲ ਡਿਸਟੈਂਸਿੰਗ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਜ਼ਿਕਰਯੋਗ ਹੈ ਕਿ ਇਟਲੀ ‘ਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਸੰਖਿਆ 223,885 ਹੈ ਅਤੇ ਮੌਤਾਂ 31,610 ਦਰਜ ਕੀਤੀਆਂ ਗਈਆਂ ਹਨ ਜਦਕਿ 120,205 ਲੋਕ ਸਿਹਤਯਾਬ ਵੀ ਹੋਏ ਹਨ ।