ਬਿਹਾਰ ਦੀ ਜਯੋਤੀ ਦੀਆਂ ਵਿਦੇਸ਼ ਤੱਕ ਧੁੰਮਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ‘Ivanka Trump’ ਨੇ ਕੀਤੀ ਤਾਰੀਫ਼

https://www.ptcnews.tv/wp-content/uploads/2020/05/WhatsApp-Image-2020-05-23-at-1.43.39-PM.jpeg

ਬਿਹਾਰ ਦੀ ਜਯੋਤੀ ਦੀਆਂ ਵਿਦੇਸ਼ ਤੱਕ ਧੁੰਮਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ‘Ivanka Trump’ ਨੇ ਕੀਤੀ ਤਾਰੀਫ਼: ਕੁਝ ਕਹਾਣੀਆਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਅੰਦਰ ਬਹਾਦਰੀ ਦਾ ਜਜ਼ਬਾ ਭਰ ਦਿੰਦੀਆਂ ਹਨ । ਬਿਹਾਰ ਦੀ ਜਯੋਤੀ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ , ਜਿਸਨੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਤੱਕ ਉਸਦੀ ਬਹਾਦਰੀ, ਪਿਤਾ ਮੋਹ ਅਤੇ ਉਸ ਵੱਲੋਂ ਧੀ ਹੋਣ ਦੇ ਤਨਦੇਹੀ ਨਾਲ ਨਿਭਾਏ ਫਰਜ਼ ਦੀਆਂ ਧੁੰਮਾਂ ਪਾਈਆਂ ਹਨ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਨੇ ਬਿਹਾਰ ਦੀ ਜਯੋਤੀ ਦੀ ਤਾਰੀਫ਼ ਕੀਤੀ ਹੈ ਅਤੇ ਬਕਾਇਦਾ ਟਵੀਟ ‘ਚ ਆਪਣੇ ਅਲਫ਼ਾਜ਼ਾਂ ਜ਼ਰੀਏ ਜਯੋਤੀ ਦੀ ਬਹਾਦਰੀ ਨੂੰ ਬਿਆਨ ਕੀਤਾ ਹੈ।

ਡੋਨਾਲਡ ਟਰੰਪ ਦੀ ਧੀ ਇਵੰਕਾ ਟਰੰਪ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਨੇ ਸ਼ੁੱਕਰਵਾਰ ਨੂੰ 15 ਸਾਲਾ ਭਾਰਤੀ ਲੜਕੀ ਦੀ ਬਹਾਦਰੀ ਦੀ ਕਹਾਣੀ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨੇ ਹਰਿਆਣਾ ਦੇ ਗੁੜਗਾਉਂ ਤੋਂ ਆਪਣੇ ਜੱਦੀ ਪਿੰਡ ਤੱਕ ਸੱਤ ਦਿਨਾਂ ਵਿਚ 1,200 ਕਿਲੋਮੀਟਰ ਸਾਈਕਲ ‘ਤੇ ਸਫ਼ਰ ਤਹਿ ਕੀਤਾ । ਇਸ ਬਹਾਦਰ ਲੜਕੀ ਨੇ ਲਾਕਡਾਉਨ ਦੌਰਾਨ ਆਪਣੇ ਬੀਮਾਰ ਪਿਤਾ ਨੂੰ ਆਪਣੀ ਸਾਈਕਲ ਦੀ ਪਿਛਲੀ ਸੀਟ ‘ਤੇ ਬਿਠਾ ਕੇ ਆਪਣੇ ਘਰ ਪਹੁੰਚਾਇਆ ।

ਮਹਾਂਮਾਰੀ ਨਾਲ ਪ੍ਰਭਾਵਿਤ ਇੱਕ ਭਾਰਤੀ ਪਰਿਵਾਰ ਦੀ ਕਹਾਣੀ ਉੱਤੇ ਚਾਨਣਾ ਪਾਉਂਦਿਆਂ ਇਵਾਨਕਾ ਨੇ ਟਵੀਟ ‘ਚ ਲਿਖਿਆ ਕਿ “15 ਸਾਲਾ ਜੋਤੀ ਕੁਮਾਰੀ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਦੀ ਪਿਛਲੀ ਸੀਟ ਤੇ ਬਿਠਾ ਕੇ 7 ਦਿਨਾਂ ‘ਚ 1,200 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਆਪਣੇ ਪਿੰਡ ਘਰ ਲੈ ਕੇ ਗਈ। ਧੀਰਜ ਅਤੇ ਪਿਆਰ ਦੀ ਇਸ ਕਹਾਣੀ ਨੇ ਭਾਰਤੀ ਲੋਕਾਂ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਗ਼ੌਰਤਲਬ ਹੈ ਕਿ ਦਰਭੰਗਾ ਜ਼ਿਲ੍ਹਾ ਦੇ ਸਿੰਹਵਾੜਾ ਪ੍ਰਖੰਡ ਦੇ ਸਿਰਹੁੱਲੀ ਪਿੰਡ ਦੇ ਨਿਵਾਸੀ , ਮੋਹਨ ਪਾਸਵਾਨ ਗੁਰੂਗ੍ਰਾਮ ‘ਚ ਰਹਿ ਕੇ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ , ਇਸੇ ਦੌਰਾਨ ਉਹ ਕਿਸੇ ਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਜ਼ਖਮੀ ਹਾਲਤ ‘ਚ ਹੋਣ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ , ਜਿਸਦੇ ਚਲਦੇ ਉਹਨਾਂ ਦੀ ਬੇਟੀ ਆਪਣੇ ਪਿਤਾ ਦੀ ਦੇਖਭਾਲ ਕਰਨ ਲਈ ਆਪਣੇ ਪਿਤਾ ਕੋਲ ਆ ਗਈ । ਹਾਦਸੇ ਤੋਂ ਬਾਅਦ ਆਪਣੇ ਪਿਤਾ ਦੀ ਸੇਵਾ ਕਰਨ ਆਈ ਧੀ 15 ਸਾਲਾ ਜਯੋਤੀ ਕੁਮਾਰੀ ਨੂੰ ਕੋਰੋਨਾਵਾਇਰਸ ਕਾਰਨ ਜਾਰੀ ਕੀਤੇ ਗਏ ਲੌਕਡਾਊਨ ਕਾਰਨ ਆਪਣੇ ਪਿਤਾ ਕੋਲ ਰੁਕਣਾ ਪਿਆ । ਪਰ ਆਰਥਿਕ ਤੰਗੀ ਕਾਰਨ ਮਜਬੂਰ ਹੋਈ ਲੜਕੀ ਲਈ ਉੱਥੇ ਜ਼ਿਆਦਾ ਰੁਕਣਾ ਮੁਨਾਸਿਬ ਨਹੀਂ ਸੀ , ਇਸ ਲਈ ਜਯੋਤੀ ਨੇ ਆਪਣੇ ਪਿਤਾ ਨੂੰ ਸਾਈਕਲ ਤੇ ਸੁਰੱਖਿਅਤ ਘਰ ਪਹੁੰਚਾਉਣ ਦੀ ਠਾਨ ਲਈ ।

ਜਯੋਤੀ ਕੁਮਾਰੀ ਦੀ ਬਹਾਦਰੀ ਨੂੰ ਲੋਕ ਸੋਸ਼ਲ ਮੀਡੀਆ ‘ਤੇ ਸਲਾਮਾਂ ਕਰ ਰਹੇ ਹਨ, ਟਵਿੱਟਰ ‘ਤੇ ਜਯੋਤੀ ਦੀ ਹਿੰਮਤ ਦੀ ਦਾਤ ਦਿੰਦਿਆਂ #Jyotikumari ਦੇ ਨਾਮ ਨਾਲ ਟਵੀਟ ਕੀਤੇ ਜਾ ਰਹੇ ਹਨ ।  ਇਵੰਕਾ ਟਰੰਪ ਵੱਲੋਂ ਕੀਤੇ ਟਵੀਟ ਨੂੰ ਵੀ ਟਰੈਂਡ ਕੀਤਾ ਜਾ ਰਿਹਾ ਹੈ। ਕੁਝ ਵੀ ਕਹੋ, ਜਯੋਤੀ ਕੁਮਾਰੀ ਨੇ ਜੋ ਕਰ ਵਿਖਾਇਆ ਉਹ ਇੱਕ ਮਿਸਾਲ ਹੈ, ਪਰ ਇਸਦੇ ਨਾਲ ਹੀ ਸਰਕਾਰਾਂ ਵੱਲੋਂ ਕੀਤੇ ਇੰਤਜ਼ਾਮਾਂ ਉੱਤੇ ਸੁਆਲੀਆ ਚਿੰਨ੍ਹ ਵੀ ਛੱਡਦਾ ਹੈ।

ਫਿਲਹਾਲ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਜਯੋਤੀ ਕੁਮਾਰੀ’ ਸਦਕੇ ਤੇਰੇ ਬੀਬਾ! ਤੇਰੀ ਹਿੰਮਤ ਨੂੰ ਸਿਜਦਾ।