Sat, Apr 20, 2024
Whatsapp

ਜਗਮੀਤ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ : ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ

Written by  Joshi -- April 19th 2019 03:17 PM -- Updated: April 19th 2019 03:19 PM
ਜਗਮੀਤ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ : ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ

ਜਗਮੀਤ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ : ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ

ਪੰਜਾਬ ਦੇ ਘਾਗ ਆਗੂ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਸ਼ੁੱਕਰਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਉਨਾਂ ਨੇ ਪਾਰਟੀ 'ਚ ਸ਼ਮੂਲੀਅਤ ਕੀਤੀ। ਸਿਆਸਤ ਦੀ ਗੁੜਤੀ ਜਗਮੀਤ ਸਿੰਘ ਬਰਾੜ ਨੂੰ ਆਪਣੇ ਪਿਤਾ ਸਰਦਾਰ ਗੁਰਮੀਤ ਸਿੰਘ ਬਰਾੜ ਤੋਂ ਮਿਲੀ। ਉਨਾਂ ਦੇ ਪਿਤਾ ਵੀ ਅਕਾਲੀ ਦਲ ਦਾ ਹਿੱਸਾ ਸਨ ਤੇ ਉਹ ਅਕਾਲੀ ਦਲ ਵੀ ਵਜਾਰਤ ਵਿੱਚ ਮੰਤਰੀ ਰਹੇ। ਜਗਮੀਤ ਸਿੰਘ ਬਰਾੜ ਨੇ ਸਿਆਸਤ ਦੀ ਸ਼ੁਰੂਆਤ ਵਿਦਿਆਰਥੀ ਜੀਵਨ ਤੋਂ ਕੀਤੀ। ਸਿਆਸਤ ਦੀ ਪਹਿਲੀ ਪੌੜੀ ਉਨਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦੇ ਰੂਪ ਵਿੱਚ ਚੜ੍ਹੀ। ਮੁਕਤਸਰ ਦੇ ਸਰਕਾਰੀ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿੱਚ ਜਾਣ ਦਾ ਪੱਕਾ ਮਨ ਬਣਾ ਲਿਆ। ਐਮਰਜੈਂਸੀ ਦੌਰਾਨ 1975 ਤੋਂ ਲੈਕੇ 1977 ਤੱਕ ਉਹ ਜੇਲ ਵਿੱਚ ਬੰਦ ਰਹੇ। ਕਿਸਾਨ ਅੰਦੋਲਨ ਦਾ ਹਿੱਸਾ ਬਣੇ ਜਗਮੀਤ ਸਿੰਘ ਬਰਾੜ ਇੱਕ ਵਾਰ ਫਿਰ 1979 ਤੋਂ ਲੈ ਕੇ 1980 ਤੱਕ ਬਠਿੰਡਾ ਜੇਲ੍ਹ ਵਿੱਚ ਬੰਦ ਰਹੇ ਤੇ ਉਨ੍ਹਾਂ ਖਿਲਾਫ ਫਰੀਦਕੋਟ ਦੀ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। [caption id="attachment_284784" align="aligncenter" width="300"]ਜਗਮੀਤ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ : ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ ਜਗਮੀਤ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ : ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ[/caption] ਜਗਮੀਤ ਸਿੰਘ ਬਰਾੜ ਨੇ ਪਹਿਲੀ ਚੋਣ 1980 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਗਿੱਦੜਬਾਹਾ ਤੋਂ ਲੜੀ। ਬੇਸ਼ੱਕ ਇਸ ਚੋਣ ਵਿੱਚ ਜਗਮੀਤ ਬਰਾੜ ਦੇ ਹੱਥ ਨਿਰਾਸ਼ਾ ਲੱਗੀ ਪਰ ਇਸ ਚੋਣ ਨੇ ਉਨਾਂ ਦਾ ਕੱਦ ਸਿਆਸੀ ਧਰਾਤਲ 'ਤੇ ਮਜ਼ਬੂਤ ਕਰ ਦਿੱਤਾ। 1992 ਵਿੱਚ ਜਗਮੀਤ ਸਿੰਘ ਬਰਾੜ ਪਹਿਲੀ ਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਸੰਸਦ ਪਹੁੰਚੇ। ਉਨ੍ਹਾਂ ਨੇ ਸੰਸਦ ਵਿੱਚ ਪੰਜਾਬ ਦੇ ਮੁੱਦੇ ਬਾਖੂਬੀ ਉਠਾਏ ਤੇ ਜਿਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਨਵਾਂ ਨਾਮ ਮਿਲਿਆ, "ਆਵਾਜ਼-ਏ-ਪੰਜਾਬ"। ਸੰਸਦ ਵਿੱਚ ਉਠਾਏ ਮੁੱਦਿਆਂ ਤੇ ਮੰਚ ਦੇ ਸੰਬੋਧਨਾਂ ਨੇ ਉਨਾਂ ਨੂੰ ਹਾਈਕਮਾਨ ਦੇ ਨੇੜੇ ਕਰ ਦਿੱਤਾ, ਜਿਸ ਤੋਂ ਬਾਅਦ ਹਾਈਕਮਾਨ ਨੇ ਉਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਪਾਰਟੀ 'ਚ ਉਨਾਂ ਦਾ ਕੱਦ ਹੋਰ ਵਧਾ ਦਿੱਤਾ। 1996 ਵਿੱਚ ਜਗਮੀਤ ਬਰਾੜ ਨੇ ਪੰਜਾਬ ਦੀ ਸਿਆਸਤ ਦੇ ਦੋ ਵੱਡੇ ਘਰਾਣਿਆਂ ਅਤੇ ਮੁੱਖ ਮੰਤਰੀ ਬਣ ਚੁੱਕੇ ਪਰਿਵਾਰਾਂ ਖਿਲਾਫ ਫਰੀਦਕੋਟ ਤੋਂ ਫਿਰ ਚੋਣ ਲੜੀ। ਇਸ ਤੋਂ ਬਾਅਦ ਇੱਕ ਵਾਰ ਫਿਰ ਜਗਮੀਤ ਸਿੰਘ ਬਰਾੜ ਕਾਂਗਰਸ ਦੀ ਟਿਕਟ 'ਤੇ ਫਰੀਦਕੋਟ ਤੋਂ ਚੋਣ ਲੜੇ। ਸਾਲ 1998 ਵਿੱਚ ਜਗਮੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਨੇੜਲਾ ਮੁਕਾਬਲਾ ਹੋਇਆ ਤੇ ਸੁਖਬੀਰ ਸਿੰਘ ਬਾਦਲ ਚੋਣ ਜਿੱਤ ਗਏ। ਪਰ ਕੇਂਦਰ ਵਿੱਚ ਬਹੁਮਤ ਨਾ ਮਿਲਣ ਤੇ ਵਾਜਪਾਈ ਸਰਕਾਰ ਟੁੱਟ ਗਈ ਅਤੇ ਮੁੜ ਸਾਲ 1999 ਵਿੱਚ ਦੇਸ਼ ਵਿੱਚ ਆਮ ਚੋਣਾਂ ਹੋਈਆਂ । ਇਸ ਚੋਣ ਵਿੱਚ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਹਰਾ ਕੇ ਵੱਡਾ ਉਲਟ ਫੇਰ ਕਰ ਦਿੱਤਾ। ਇਸ ਉਲਟਫੇਰ ਤੋਂ ਬਾਅਦ ਜਗਮੀਤ ਬਰਾੜ ਪੰਜਾਬ ਕਾਂਗਰਸ ਦੇ ਵੱਡੇ ਆਗੂ ਜਾਣੇ ਜਾਣ ਲੱਗੇ। ਇਸ ਤੋਂ ਬਰਾੜ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਵੇਖਿਆ ਜਾਣ ਲੱਗਾ। ਪਰ ਉਧਰ ਸਾਲ 2002 ਦੌਰਾਨ ਪੰਜਾਬ ਦੀ ਸੱਤਾ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਆਈ। ਜਿਸ ਤੋਂ ਬਾਅਦ ਬਰਾੜ ਅਤੇ ਕੈਪਟਨ ਪੰਜਾਬ ਕਾਂਗਰਸ ਵਿੱਚ ਇੱਕ ਦੂਜੇ ਦੇ ਕੱਟੜ ਵਿਰੋਧੀ ਬਣ ਗਏ। ਜਗਮੀਤ ਬਰਾੜ ਸਾਲ 2007 'ਚ ਆਪਣੇ ਛੋਟੇ ਭਰਾ ਰਿਪਜੀਤ ਬਰਾੜ ਨੂੰ ਕੋਟਕਪੂਰਾ ਤੋਂ ਟਿਕਟ ਦਿਵਾਉਣ ਵਿੱਚ ਕਾਮਯਾਬ ਰਹੇ। ਇਨਾਂ ਚੋਣਾਂ ਦੌਰਾਨ ਰਿਪਜੀਤ ਬਰਾੜ ਵਿਧਾਨ ਸਭਾ ਤਾਂ ਪਹੁੰਚੇ ਪਰ ਪੰਜਾਬ ਦੇ ਲੋਕਾਂ ਨੇ ਫਤਵਾ ਅਕਾਲੀ ਦਲ ਨੂੰ ਦਿੱਤਾ। 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਲਾ ਪੰਜ ਸਾਲ ਦਾ ਵਕਫਾ ਕੈਪਟਨ ਅਮਰਿੰਦਰ ਸਿੰਘ ਅਤੇ ਜਗਮੀਤ ਬਰਾੜ ਵਿਚਕਾਰ ਵੱਡੀ ਦਰਾਰ ਲੈ ਕੇ ਆਇਆ। ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਕਾਂਗਰਸ ਦੀ ਡੋਰ ਆਈ ਤਾਂ ਸੰਗਠਨ ਵਿੱਚ ਤਾਲਮੇਲ ਦੇ ਮਾਮਲੇ ਨੂੰ ਲੈਕੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਹਰ ਦਿਨ ਜਾਰੀ ਰਹੀ। ਜਿਸ ਦਾ ਖਾਮਿਆਜ਼ਾ ਕਾਂਗਰਸ ਨੂੰ 2012 ਵਿੱਚ ਇਕ ਵਾਰ ਫਿਰ ਹਾਰ ਦੇ ਨਾਲ ਭੁਗਤਣਾ ਪਿਆ। ਉਧਰ ਅਕਾਲੀ ਦਲ ਨੇ ਪੰਜਾਬ ਦਾ ਸਿਆਸੀ ਇਤਿਹਾਸ ਸਿਰਜਦਿਆਂ ਲਗਾਤਾਰ ਦੂਜੀ ਵਾਰ ਪੰਜਾਬ ਦੀ ਸੱਤਾ ਸੰਭਾਲੀ। ਪਰ ਇਸ ਵਾਰ ਮਾਲਵੇ ਵਿੱਚ ਬਰਾੜ ਧੜਾ ਅਤੇ ਕੈਪਟਨ ਧੜਾ ਖੂਬ ਇੱਕ ਦੂਜੇ ਖਿਲਾਫ ਭੁਗਤੇ। Read More : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਕਰਮਦੀਪ ਕੌਰ ਢਿੱਲੋਂ ਜ਼ਿਲ੍ਹਾ ਫਾਜ਼ਿਲਕਾ ਦੀ ਪ੍ਰਧਾਨ ਨਿਯੁਕਤ ਬਰਾੜ ਦੇ ਸਿਆਸੀ ਕਦਮਾਂ ਨੂੰ ਰੋਕਣ ਲਈ ਉਨਾਂ ਦੇ ਭਰਾ ਰਿਪਜੀਤ ਵਿਰੁੱਧ ਕੈਪਟਨ ਧੜੇ ਨਾਲ ਸਬੰਧਿਤ ਉਪਿੰਦਰ ਸ਼ਰਮਾ ਚੋਣ ਲੜੇ ਤਾਂ ਮੋਗਾ ਅਤੇ ਬਾਘਾਪੁਰਾਣਾ ਵਿੱਚ ਬਰਾੜ ਧੜੇ ਦੇ ਉਮੀਦਵਾਰ ਮੈਦਾਨ ਵਿੱਚ ਡਟੇ। ਇਸ ਅੰਦਰੂਨੀ ਖਿਚੋਤਾਣ ਦੀ ਵਜਾ ਨਾਲ ਕਾਂਗਰਸ ਦੇ ਹੱਥ ਵੱਡੀ ਹਾਰ ਲੱਗੀ। ਪਰ ਬਰਾੜ ਅਤੇ ਕੈਪਟਨ ਵਿਚਕਾਰ ਸ਼ਬਦੀਜੰਗ ਜਾਰੀ ਹੈ। ਵਿਧਾਇਕਾਂ ਦੀ ਸ਼ਿਕਾਇਤ 'ਤੇ ਜਗਮੀਤ ਬਰਾੜ ਨੂੰ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ। ਪਰ ਜਗਮੀਤ ਬਰਾੜ ਨੇ ਦਿੱਲੀ 'ਚ ਆਪਣੇ ਮਜ਼ਬੂਤ ਸਿੱਕੇ ਦੇ ਚਲਦੇ ਜਲਦੀ ਵਾਪਸੀ ਕਰਵਾ ਲਈ। ਪਰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਜਗਮੀਤ ਬਰਾੜ ਨੇ ਸਿੱਧੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ 'ਤੇ ਸਵਾਲ ਖੜੇ ਕਰ ਦਿੱਤੇ। ਤੇ ਉਨਾਂ ਨੂੰ ਅਹੁਦਿਆਂ ਤੋਂ ਮੁਕਤ ਹੋਣ ਦੀ ਸਲਾਹ ਤੱਕ ਦੇ ਦਿੱਤੀ। ਤੇ ਇਹੀ ਬੋਲ ਜਗਮੀਤ ਬਰਾੜ ਦੇ ਕਾਂਗਰਸ ਵਿੱਚ ਆਖਰੀ ਬੋਲ ਸਾਬਿਤ ਹੋਏ। ਜਗਮੀਤ ਬਰਾੜ ਨੂੰ ਕਾਂਗਰਸ ਨੇ ਅਨੁਸ਼ਾਸਨਹੀਨਤਾ ਦੇ ਚਲਦੇ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਅਜਿਹਾ ਸਮਾਂ ਵੀ ਆਇਆ ਜਦੋਂ ਜਗਮੀਤ ਬਰਾੜ ਦੀ ਵਾਪਸੀ ਦੇ ਰਾਹ ਖੁੱਲੇ ਪਰ ਪੰਜਾਬ ਦੇ ਕਾਂਗਰਸੀ ਲੀਡਰਾਂ ਦੇ ਸਾਹਮਣੇ ਹਾਈਕਮਾਨ ਝੁਕ ਗਈ ਤੇ ਜਗਮੀਤ ਬਰਾੜ ਲਈ ਘਰ ਵਾਪਸੀ ਦੇ ਰਸਤੇ ਸਦਾ ਲਈ ਬੰਦ ਹੋ ਗਏ। jagmeet brar joins shiromani akali dal lok sabha electionsਇਸ ਤੋਂ ਜਗਮੀਤ ਬਰਾੜ ਨੇ ਚੱਪੜਚਿੜੀ ਦੀ ਧਰਤੀ ਤੇ ਆਪਣੀ ਸਿਆਸੀ ਤਾਕਤ ਵੀ ਦਿਖਾਈ ਪਰ ਇਹ ਸ਼ਕਤੀ ਪ੍ਰਦਰਸ਼ਨ ਉਸ ਵੇਲੇ ਕੀਤਾ ਗਿਆ ਜਦੋਂ ਨਾ ਤਾਂ ਵਿਧਾਨ ਸਭਾ ਚੋਣਾਂ ਨਜਦੀਕ ਸਨ ਅਤੇ ਨਾ ਹੀ ਲੋਕ ਸਭਾ ਚੋਣਾਂ। ਜਿਸ ਦੇ ਚਲਦੇ ਸ਼ਕਤੀ ਪ੍ਰਦਰਸ਼ਨ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਜ਼ਿਆਦਾ ਅਸਰ ਨਾ ਪਾ ਸਕਿਆ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਗਮੀਤ ਬਰਾੜ ਨੇ ਆਪਣੇ ਸਿਆਸੀ ਸਫਰ ਨੂੰ ਜਾਰੀ ਰੱਖਣ ਲਈ "ਆਪ" 'ਚ ਸ਼ਾਮਲ ਹੋਣ ਦੇ ਚਰਚਿਆਂ ਵਿਚਕਾਰ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜਿਆ, ਪਰ ਇਸ 'ਚ ਵੀ ਬਹੁਤਾ ਚਿਰ ਉਹਨਾਂ ਦੀ ਦਾਲ ਨਹੀਂ ਗਲੀ। ਆਖਰਕਾਰ, ਜਗਮੀਤ ਸਿੰਘ ਬਰਾੜ ਨੇ ਲੋਕ ਹਿੱਤ ਮੁਹਿੰਮ ਸ਼ੁਰੂ ਕਰਕੇ ਆਪਣਾ ਸਿਆਸੀ ਪੈਂਤੜਾ ਜਾਰੀ ਰੱਖਿਆ ਪਰ ਦਿਨੋ ਦਿਨ ਘੱਟਦੇ ਸਮਰਥਕਾਂ ਨਾਲ ਜਗਮੀਤ ਬਰਾੜ ਦੀ ਚਿੰਤਾ ਵਧਣੀ ਲਾਜ਼ਮੀ ਸੀ। ਬੀਤੇ ਇੱਕ ਸਾਲ ਤੋਂ ਬਰਾੜ ਚਾਹੇ ਪੰਜਾਬ ਦੀ ਸਿਆਸੀ ਧਰਾਤਲ ਤੋਂ ਦੂਰੀ ਬਣਾ ਕੇ ਬੈਠੇ ਸਨ, ਪਰ ਇਸ ਸਮੇਂ ਉਹਨਾਂ ਨੇ ਦਿੱਲੀ ਡੇਰੇ ਲਾਈ ਰੱਖੇ। [caption id="attachment_284782" align="aligncenter" width="300"]jagmeet brar joins shiromani akali dal ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ[/caption] ਸਿਆਸਤ ਦੇ ਦਾਅ ਪੇਚਾਂ 'ਚ ਮੁਹਾਰਤ ਰੱਖਣ ਵਾਲੇ ਜਗਮੀਤ ਬਰਾੜ ਨੂੰ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਸੀ ਕਿ "ਖੜ੍ਹਿਆ ਪਾਣੀ ਬਹੁਤਾ ਚਿਰ ਖੁਸ਼ਬੋ ਸਮੋ ਕੇ ਨਹੀਂ ਰੱਖ ਸਕਦਾ ਤੇ ਅਖੀਰ ਬੋਅ ਮਾਰਨ ਹੀ ਲੱਗਦਾ ਹੈ", ਜਿਸ ਤੋਂ ਬਾਅਦ ਉਹਨਾਂ ਆਪਣੀ ਸਿਆਸੀ ਬੇੜੀ ਦੇ ਚੱਪੂ ਨੂੰ ਹੁਣ ਹੋਰ ਦਿਸ਼ਾ 'ਚ ਚਲਾਉਣਾ ਬਿਹਤਰ ਸਮਝਿਆ। ਜਿਸਦਾ ਅਸਰ ਅਸੀਂ ਕੱਲ੍ਹ ਉਹਨਾਂ ਦੇ ਟਵੀਟ ਤੋਂ ਦੇਖਿਆ ਜਿਸ 'ਚ ਕੀਤੇ ਇੱਕ ਐਲਾਨ ਨੇ ਪੰਜਾਬ ਦੀ ਸਿਆਸਤ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਗਰਮਾ ਦਿੱਤੀ। ਇਸ ਐਲਾਨ ਨੂੰ ਅੱਜ ਉਸ ਸਮੇਂ ਅਮਲੀਜਾਮਾ ਪਹਿਨਾਇਆ ਗਿਆ, ਜਦੋਂ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਦੀ ਹਾਜਰੀ 'ਚ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ ਅਤੇ ਪੰਜਾਬ ਦੀ ਸਿਆਸਤ ਨੂੰ ਇੱਕ ਨਵਾਂ ਮੋੜ ਦੇ ਦਿੱਤਾ। —ਰਮਨਦੀਪ ਕੁਮਾਰ —PTC News


Top News view more...

Latest News view more...