ਕਾਂਗਰਸ ਸਰਕਾਰ ਦਲਿਤਾਂ ਨੂੰ ਸਿੱਖਿਆ ਤੋਂ ਵਾਂਝੇ ਕਰ ਰਹੀ ਹੈ: ਸੁਖਬੀਰ ਬਾਦਲ

sad

ਕਾਂਗਰਸ ਸਰਕਾਰ ਦਲਿਤਾਂ ਨੂੰ ਸਿੱਖਿਆ ਤੋਂ ਵਾਂਝੇ ਕਰ ਰਹੀ ਹੈ: ਸੁਖਬੀਰ ਬਾਦਲ,ਜਲੰਧਰ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਦੀ ਕੇਂਦਰ ਤੋਂ ਦਲਿਤ ਵਜ਼ੀਫਿਆਂ ਦੇ ਰੂਪ ਵਿਚ ਹਾਸਲ ਕੀਤੀ 444 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਤੋਂ ਇਨਕਾਰ ਕਰਕੇ ਦਲਿਤ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਲਈ ਸਖ਼ਤ ਝਾੜਝੰਬ ਕੀਤੀ ਹੈ। ਉਹ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਕੋਲੋਂ ਦਲਿਤਾਂ ਨੂੰ ਉਹਨਾਂ ਦਾ ਹੱਕ ਦਵਾਉਣ ਲਈ ਪਾਰਟੀ ਵੱਲੋਂ ਰਾਜ ਪੱਧਰੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਦਲਿਤ ਵਿਦਿਆਰਥੀਆਂ ਵੱਲੋ ਮਾਪਿਆਂ ਸਣੇ ਦਿੱੱਤੇ ਗਏ ਇੱਕ ਵੱਡੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਕਾਂਗਰਸ ਸਰਕਾਰ ਦਲਿਤ ਵਜ਼ੀਫਾ ਸਕੀਮ ਤਹਿਤ ਕੇਂਦਰ ਕੋਲੋਂ ਮਿਲੇ ਹਜ਼ਾਰਾਂ ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕਰ ਚੁੱਕੀ ਹੈ। ਸਰਕਾਰ ਵੱਲੋਂ ਕੀਤੇ ਇਸ ਵੱਡੇ ਵਿਤਕਰੇ ਕਰਕੇ ਇਸ ਸਾਲ ਕਾਲਜਾਂ ਵਿਚ ਇੱਕ ਲੱਖ ਦਲਿਤ ਵਿਦਿਆਰਥੀ ਦਾਖ਼ਲੇ ਨਹੀਂ ਲੈ ਸਕੇ ਹਨ।

ਇਹ ਟਿੱਪਣੀ ਕਰਦਿਆਂ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਸਨ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਵੱਲੋਂ ਢੁੱਕਵੀਂ ਵਰਤੋਂ ਦੇ ਸਰਟੀਫਿਕੇਟ ਲੈਣ ਮਗਰੋਂ ਇਸ ਸਕੀਮ ਤਹਿਤ ਹੋਰ ਫੰਡ ਜਾਰੀ ਕਰਨ ਦੀ ਜਤਾਈ ਇੱਛਾ ਦੇ ਬਾਵਜੂਦ ਮੌਜੂਦਾ ਸਰਕਾਰ ਇਸ ਸਕੀਮ ਅੱਗੇ ਲਾਭਪਾਤਰੀਆਂ ਨੂੰ ਦੇਣ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦੇ ਰਹੀ ਹੈ ਅਤੇ ਇਸ ਸੰਬੰਧੀ ਕੇਂਦਰ ਕੋਲੋਂ ਮਿਲੇ 22 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਤੋਂ ਇਨਕਾਰ ਕਰ ਰਹੀ ਹੈ।

ਇਸ ਧਰਨੇ ਉੱਤੇ ਬੋਲਦਿਆਂ ਦਲਿਤ ਵਿਦਿਆਰਥੀਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਕਾਰਜਕਾਲ ਦੌਰਾਨ ਉਹਨਾਂ ਨੂੰ ਵਜ਼ੀਫਾ ਹਾਸਲ ਕਰਨ ਵਿਚ ਕਦੇ ਕੋਈ ਸਮੱਸਿਆ ਨਹੀਂ ਸੀ ਆਈ। ਉਹਨਾਂ ਕਿਹਾ ਕਿ ਅਗਲੇ ਅਕਾਦਮਿਕ ਵਰ੍ਹੇ ਤੋਂ ਵਜ਼ੀਫਾ ਲੈਣ ਦੀ ਪ੍ਰਕਿਰਿਆ ਹੋਰ ਵੀ ਮੁਸ਼ਕਿਲ ਬਣਾ ਦਿੱਤੀ ਗਈ ਹੈ। ਇੰਝ ਲੱਗਦਾ ਹੈ ਕਿ ਕਾਂਗਰਸ ਸਰਕਾਰ ਦਲਿਤਾਂ ਨੂੰ ਅਨਪੜ੍ਹ ਹੀ ਰੱਖਣਾ ਚਾਹੁੰਦੀ ਹੈ ਤਾਂ ਉਹ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦੇ ਮੁਤਾਬਿਕ ਉਸ ਕੋਲੋਂ ਨੌਕਰੀਆਂ ਨਾ ਮੰਗਣ।

ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਵਿਚ ਲੋਕ ਭਲਾਈ ਦੇ ਕੰਮਾਂ ਦੀ ਸੂਚੀ ਵੇਖੇ ਤਾਂ ਉਸ ਨੂੰ ਪਤਾ ਚੱਲੇਗਾ ਕਿ ਕਿਸਾਨਾਂ, ਦਲਿਤਾਂ, ਬਜ਼ੁਰਗਾਂ ਅਤੇ ਲੜਕੀਆਂ ਲਈ ਸਾਰੀਆਂ ਲੋਕ ਭਲਾਈ ਸਕੀਮਾਂ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਚਾਹੇ ਸ਼ਗਨ ਸਕੀਮ ਹੋਵੇ, ਜਾਂ ਐਸਸੀ ਅਤੇ ਬੀਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ, ਆਟਾ ਦਾਲ ਸਕੀਮ ਹੋਵੇ ਜਾਂ ਬੁਢਾਪਾ ਪੈਨਸ਼ਨ, ਇਹ ਸਾਰੀਆਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੀ ਸ਼ੁਰੂ ਕੀਤੀਆਂ ਗਈਆਂ ਹਨ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਸਿਵਾਇ ਝੂਠ ਤੋਂ ਲੋਕਾਂ ਨੂੰ ਕੁੱਝ ਨਹੀਂ ਦੇ ਰਹੀ, ਸਰਦਾਰ ਬਾਦਲ ਨੇ ਕਿਹਾ ਕਿ ਤਾਜ਼ਾ ਝੂਠ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੱਧ ਪ੍ਰਦੇਸ਼ ਵਿਚ ਬੋਲਿਆ ਗਿਆ ਹੈ, ਜਿੱਥੇ ਉਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਪੰਜਾਬ ਵਿਚ ਇਹ ਕੰਮ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਰਾਹੁਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਸਰਕਾਰ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਸਰਕਾਰ ਸਰਦਾਰ ਬਾਦਲ ਵੱਲੋਂ ਕਾਇਮ ਕੀਤੇ ਸੇਵਾ ਕੇਂਦਰਾਂ ਅਤੇ ਹੋਣਹਾਰ ਬੱਚਿਆਂ ਲਈ ਸ਼ੁਰੂ ਕੀਤੇ ਮੈਰੀਟੋਰੀਅਸ ਸਕੂਲਾਂ ਨੂੰ ਵੀ ਬੰਦ ਕਰ ਚੁੱਕੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਰਣੀਕੇ, ਚਰਨਜੀਤ ਸਿੰਘ ਅਟਵਾਲ, ਹੀਰਾ ਸਿੰਘ ਗਾਬੜੀਆ, ਬੀਬੀ ਜੰਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਸੋਹਨ ਸਿੰਘ ਠੰਡਲ, ਗੁਰਪ੍ਰਤਾਪ ਸਿੰਘ ਵਡਾਲਾ,ਸੁਖਵਿੰਦਰ ਸੁਖੀ, ਬਲਦੇਵ ਖਹਿਰਾ, ਸਰਬਜੀਤ ਮੱਕੜ, ਬਲਜੀਤ ਨੀਲਾਮਹਿਲ, ਸਤਪਾਲ ਮੱਲ ਅਤੇ ਆਰ ਐਸ ਕਲੇਰ ਨੇ ਵੀ ਸੰਬੋਧਨ ਕੀਤਾ। ਆਦਮਪੁਰ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ ਨੇ ਇਸ ਮੌਕੇ ਉੱਤੇ ਬੋਲਦਿਆਂ ਮੰਗ ਕੀਤੀ ਕਿ ਸਾਰੇ ਸਿੱਖਿਆ ਸੰਸਥਾਨਾਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਦਲਿਤ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਬੈਠਣ ਤੋਂ ਨਾ ਰੋਕਣ, ਕਿਉਂਕਿ ਵਜ਼ੀਫਿਆਂ ਦੀ ਰਾਸ਼ੀ ਨਾ ਜਾਰੀ ਕਰਨ ਲਈ ਕਾਂਗਰਸ ਸਰਕਾਰ ਕਸੂਰਵਾਰ ਹੈ।

—PTC News