ਕਾਉਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਅੰਤਰਰਾਜੀ ਹੈਰੋਇਨ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼

ਕਾਉਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਅੰਤਰਰਾਜੀ ਹੈਰੋਇਨ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼

1 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਟਾਟਾ ਸੁਮੋ ਕਾਰ ਵਿੱਚੋਂ ਦੋ ਤਸਕਰਾਂ ਨੂੰ ਕੀਤਾ ਕਾਬੂ

ਗਿਰੋਹ ਦਾ ਮੁਖੀ ਨਾਈਜੀਰੀਅਨ ਸਮਗਲਰ ਵਿਕਟਰ ਕਪੂਰਥਲਾ ਜੇਲ੍ਹ ‘ਚੋ ਫੋਨ ਰਾਹੀਂ ਚਲਾ ਰਿਹਾ ਸੀ ਨੈਟਵਰਕ

ਜਲੰਧਰ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕਰਦੇ ਹੋਏ ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਥਾਣਾ ਖੇਤਰ ਤੋਂ ਦੋ ਤਸਕਰਾਂ ਕੋਲ਼ੋਂ ਇੱਕ ਕਿੱਲੋ ਹੈਰੋਇਨ ਜ਼ਬਤ ਕਰਕੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਮੌਕੇ ਤੋਂ ਗਿਰਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾ, ਧਰਮਕੋਟ ਮੋਗਾ ਅਤੇ ਉਸਦੇ ਸਾਥੀ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 01 ਮਹਿਤਪੁਰ ਜਲੰਧਰ ਵਜੋਂ ਹੋਈ ਹੈ।

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਗੁਰਵਿੰਦਰ ਸਿੰਘ ਜੋ ਕਿ ਦਿੱਲੀ ਵਾਸੀ ਨੀਗਰੋ ਤਸਕਰਾਂ ਨਾਲ ਸੰਪਰਕ ਵਿੱਚ ਹੈ ਅਤੇ ਅੱਜ ਉਹ ਆਪਣੇ ਇਕ ਸਾਥੀ ਰਣਜੀਤ ਸਿੰਘ ਨਾਲ ਇਕ ਟਾਟਾ ਸੂਮੋ ਨੰਬਰ ਪੀ ਬੀ 29 ਪੀ 8895 ਵਿਚ ਇਕ ਵੱਡੀ ਹੈਰੋਇਨ ਦੀ ਖੇਪ ਲੈ ਕੇ ਸ਼ੇਰਪੁਰ ਦੋਨਾਂ ਤੋਂ ਤਲਵੰਡੀ ਮਾਧੋ ਖੇਤਰ ਦੇ ਸਮਗਲਰਾਂ ਨੂੰ ਵੇਚਣ ਆ ਰਿਹਾ ਹੈ, ਜੇਕਰ ਤਲਾਸ਼ੀ ਕੀਤੀ ਜਾਵੇ ਤਾਂ ਦੋਨਾਂ ਤਸਕਰਾਂ ਨੂੰ ਭਾਰੀ ਮਾਤਰਾ ‘ਚ ਹੈਰੋਇਨ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਸ੍ਰੀ ਖੱਖ ਨੇ ਤੁਰੰਤ ਇਹ ਜਾਣਕਾਰੀ ਐਸ.ਐਸ.ਪੀ. ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨਾਲ ਸਾਂਝੀ ਕਰਕੇ ਕਾਉਂਟਰ ਇੰਟੈਲੀਜੈਂਸ ਵਿੰਗ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਦੀ ਇਕ ਸਾਂਝੀ ਟੀਮ ਗਠਿਤ ਕਰਕੇ ਖੇਪ ਸਮੇਤ ਤਸਕਰਾਂ ਨੂੰ ਗਿਰਫ਼ਤਾਰ ਕਰਨ ਲਈ ਇਲਾਕੇ ਵਿਚ ਤਾਇਨਾਤ ਕੀਤਾ।

ਹੋਰ ਪੜ੍ਹੋ: ਸੰਗਰੂਰ ਦੇ ਥਾਣਾ ਛਾਜਲੀ ‘ਚ ਬੰਦੂਕ ਸਾਫ ਕਰਦਿਆ ਅਚਾਨਕ ਚੱਲੀ ਗੋਲੀ ,ਮੁਨਸ਼ੀ ਦੀ ਮੌਤ

“ਨਿਰਦੇਸ਼ਾਂ ਦਾ ਪਾਲਣ ਕਰਦਿਆਂ, ਪੁਲਿਸ ਪਾਰਟੀ ਇਲਾਕੇ ਨੂੰ ਸੀਲ ਕਰਕੇ ਚੈਕਿੰਗ ਸ਼ੁਰੂ ਕੀਤੀ ਅਤੇ ਉਸ ਟਾਟਾ ਸੁਮੋ ਕਾਰ ਨੂੰ ਸਫਲਤਾਪੂਰਵਕ ਰੋਕ ਲਿਆ ਅਤੇ ਤਲਾਸ਼ੀ ਦੌਰਾਨ ਪੁਲਿਸ ਟੀਮ ਨੇ ਤਸਕਰਾਂ ਦੇ ਕਬਜ਼ੇ ਵਿਚੋਂ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਓਹਨਾਂ ਨੂੰ ਗਿਰਫ਼ਤਾਰ ਕਰ ਲਿਆ”।

ਏ.ਆਈ.ਜੀ ਖੱਖ ਨੇ ਦੱਸਿਆ ਕੇ ਤਸਕਰਾਂ ਖ਼ਿਲਾਫ਼ ਸੁਲਤਾਨਪੁਰ ਲੋਧੀ ਥਾਣੇ ਵਿੱਚ ਐਨ ਡੀ ਪੀ ਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।“ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਇਹ ਦੋਵੇਂ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਤਸਕਰੀ ਦੇ ਨਜਾਇਜ਼ ਕਾਰੋਬਾਰ ਵਿੱਚ ਸ਼ਾਮਲ ਸਨ। ਉਹ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸਾਂ ਵਿਚ ਗਿਰਫ਼ਤਾਰ ਹੋਏ ਸਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਵੀ ਬੰਦ ਰਹੇ ਸਨ”।

ਉਸਨੇ ਅੱਗੇ ਕਿਹਾ ਕਿ ਗੁਰਵਿੰਦਰ ਸਿੰਘ ਇਸ ਸਾਲ ਅਪ੍ਰੈਲ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ, ਜਦੋਂਕਿ ਉਸਦਾ ਸਾਥੀ ਰਣਜੀਤ ਸਿੰਘ ਦਸੰਬਰ 2018 ਵਿੱਚ ਜ਼ਮਾਨਤ ਬਾਹਰ ਆਇਆ ਸੀ। ਜੇਲ੍ਹ ਵਿਚ ਇਹਨਾਂ ਤਸਕਰਾਂ ਦੀ ਨੇੜਤਾ ਦਿੱਲੀ ਵਾਸੀ ਨੀਗਰੋ ਤਸਕਰਾਂ ਨਾਲ ਹੋਈ ਅਤੇ ਬਾਹਰ ਆ ਕੇ ਇਹਨਾਂ ਨੇ ਐਨਡੀਪੀਐਸ ਐਕਟ ਵਿੱਚ ਕਪੂਰਥਲਾ ਜੇਲ੍ਹ ਵਿੱਚ ਬੰਦ ਨਾਇਜੀਰਿਆ ਮੂਲ ਦੇ ਸਮੱਗਲਰ ਵਿਕਟਰ ਨਾਲ ਸੰਪਰਕ ਬਣਾਇਆ ਅਤੇ ਉਸਦੇ ਇਸ਼ਾਰੇ ’ਤੇ ਹੈਰੋਇਨ ਨੂੰ ਦਿੱਲੀ ਤੋਂ ਪੰਜਾਬ ਲਿਆ ਕੇ ਵੇਚਣਾ ਸ਼ੁਰੂ ਕਰ ਦਿੱਤਾ।

ਏ.ਆਈ.ਜੀ. ਖੱਖ ਨੇ ਦੱਸਿਆ ਕੇ ਨਾਈਜੀਰੀਅਨ ਸਮੱਗਲਰ ਵਿਕਟਰ ਬਾਰੇ ਜਾਣਕਾਰੀ ਨੂੰ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਅਤੇ ਜੇਲ੍ਹ ਵਿੱਚ ਇਕ ਵਿਸ਼ੇਸ ਤਲਾਸ਼ੀ ਕਾਰਵਾਈ ਗਈ।ਤਲਾਸ਼ੀ ਦੌਰਾਨ ਵਿਕਟਰ ਕੋਲੋਂ 2 ਮੋਬਾਇਲ ਫੋਨ ਅਤੇ ਇਕ ਸਿਮ ਕਾਰਡ ਬਰਾਮਦ ਹੋਏ। ਜਿਸ ਤੇ ਜੇਲ੍ਹ ਵਿਭਾਗ ਵਲੋਂ ਉਸ ਖਿਲਾਫ ਜੇਲ੍ਹ ਅਧਿਨਿਯਮ 1894 ਦੀਆਂ ਧਾਰਾਵਾਂ ਤਹਿਤ ਇਕ ਅਲੱਗ ਮੁਕਦਮਾਂ ਦਰਜ ਕੀਤਾ ਗਿਆ ਹੈ।

ਏ.ਆਈ.ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਨੂੰ ਪੁਲਿਸ ਵੱਲੋਂ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਏਗੀ ਤਾਂ ਜੋ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਸਕੇ ਅਤੇ ਇਸ ਰੈਕੇਟ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।

ਉਹਨਾਂ ਦੱਸਿਆ ਕਿ ਗਿਰੋਹ ਦੇ ਕਿੰਗਪਿੰਨ ਵਿਕਟਰ ਨੂੰ ਵੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਪਰੋਕਤ ਐਨਡੀਪੀਐਸ ਐਕਟ ਵਿਚ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੁਲਿਸ ਨੂੰ ਰਿਮਾਂਡ ‘ਤੇ ਲਿਆ ਜਾਵੇਗਾ।ਏ.ਆਈ.ਜੀ. ਨੇ ਅੱਗੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਇਸ ਗਿਰੋਹ ਦੇ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਪੂਰੀ ਜਾਣਕਾਰੀ ਐਸਟੀਐਫ ਨਾਲ ਸਾਂਝੀ ਕੀਤੀ ਗਈ ਹੈ।

-PTC News