‘ਕੋਰੋਨਾ’ ਦੀ ਧਮਕ ਨਾਲ ਹਿੱਲਿਆ ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ , 500 ਅਫ਼ਸਰ ਕੁਆਰੰਟੀਨ

https://www.ptcnews.tv/wp-content/uploads/2020/07/WhatsApp-Image-2020-07-08-at-1.41.38-PM.jpeg

ਚੰਡੀਗੜ੍ਹ- ‘ਕੋਰੋਨਾ’ ਦੀ ਧਮਕ ਨਾਲ ਹਿੱਲਿਆ ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ , 500 ਅਫ਼ਸਰ ਕੁਆਰੰਟੀਨ: ਕੋਰੋਨਾਵਾਇਰਸ ਦਾ ਪ੍ਰਭਾਵ ਦਿਨ-ਬਦਿਨ ਵੱਧਦਾ ਜਾ ਰਿਹਾ ਹੈ , ਦੱਸ ਦੇਈਏ ਕਿ ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਿਵਲ ਸਕੱਕਤਰੇਤ ‘ਚ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਹੈ । ਹਾਈਕੋਰਟ ਨਾਲ ਸਬੰਧ ਰੱਖਦੇ 2 ਸੈਸ਼ਨ ਜੱਜ ਅਤੇ ਹਾਈਕੋਰਟ ਦੀ ਪ੍ਰਧਾਨ ਔਰਤ ਦੇ ਪਤੀ ਅਤੇ ਇੱਕ ਕਲਰਕ ਦੇ ਕੋਰੋਨਾ ਪਾਜ਼ਿਟਿਵ ਹੋਣ ਦੇ ਬਾਅਦ ਕੋਵਿਡ -19 ਦੇ ਪ੍ਰਸਾਰ ਨੂੰ ਦੇਖਦੇ ਸਾਵਧਾਨੀ ਵਜੋਂ ਤਕਰੀਬਨ 500 ਜਿਊਡੀਸ਼ਰੀ ਕਰਮਚਾਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਲੱਗ ਕਰਦੇ ਹੋਏ ਘਰ ‘ਚ ਇਕਾਂਤਵਾਸ ਕੀਤਾ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਦਾ ਕਲਰਕ ਦਾ ਸੈਕਟਰ-16 ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ।ਦੱਸ ਦੇਈਏ ਕਿ ਜਿਸ ਔਰਤ ( Superintendent) ਦਾ ਪਤੀ ਕੋਰੋਨਾ ਤੋਂ ਪੀੜਤ ਸੀ , ਉਹ ਸਭ ਜਾਨਣ ਦੇ ਬਾਵਜੂਦ ਹਾਈਕੋਰਟ ‘ਚ ਡਿਊਟੀ ‘ਤੇ ਰਹੀ ਅਤੇ ਇਸ ਦੌਰਾਨ ਕਾਫ਼ੀ ਲੋਕਾਂ ਨਾਲ ਉਸਦਾ ਰਾਬਤਾ ਹੋਇਆ , ਜਿਸ ਨੂੰ ਵੇਖਦੇ ਹੋਏ ਹਾਈਕੋਰਟ ਦੇ ਕਈ ਮਹਿਕਮਿਆਂ ਨੂੰ ਬੰਦ ਕੀਤਾ ਗਿਆ ਹੈ , ਤਾਂ ਜੋ ਇਹ ਪ੍ਰਸਾਰ ਹੋਰਨਾਂ ਤੱਕ ਨਾ ਅੱਪੜੇ ।

ਜਾਣਕਾਰੀ ਅਨੁਸਾਰ ਬੰਦ ਹੋਏ ਦਫ਼ਤਰਾਂ ‘ਚ ਗਜਟ ਗਰੇਸ 11, ਜੀ. ਪੀ. ਐੱਫ. ਬ੍ਰਾਂਚ, ਟ੍ਰਾਂਸਲੇਸ਼ਨ ਬ੍ਰਾਂਚ, ਰਜਿਸਟਰਾਰ ਦਫ਼ਤਰ, ਸਹਾਇਕ ਰਜਿਸਟਰਾਰ ਦਫ਼ਤਰ, ਉਪ ਰਜਿਸਟਰਾਰ ਦਫ਼ਤਰ ਅਤੇ ਪੈਨਸ਼ਨ ਬ੍ਰਾਂਚ ਸ਼ਾਮਲ ਹਨ । ਕਿਹਾ ਜਾ ਰਿਹਾ ਹੈ ਕਿ ਹਾਈਕੋਰਟ ‘ਚ ਜ਼ਰੂਰੀ ਕੇਸ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਚਲਦੇ ਰਹਿਣਗੇ । ਦੂਜੇ ਪਾਸੇ ਹਾਈਕੋਰਟ ਨੂੰ ਪ੍ਰਾਪਤ ਹੋਏ ਪੱਤਰਾਂ ਅਨੁਸਾਰ ਅਦਾਲਤਾਂ ‘ਚ ਆਮ ਦਿਨਾਂ ‘ਚ ਕੀਤੇ ਜਾਂਦੇ ਕੰਮਾਂ ਵਾਂਗ ਹੀ ਕੰਮ ਚੱਲਣ ਦੀ ਗੱਲ ਆਖੀ ਗਈ ਹੈ , ਪਰ ਸਥਿੱਤੀ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਸਟਾਫ਼ ਦੀ ਘੱਟ ਗਿਣਤੀ ਨਾਲ ਦਫ਼ਤਰੀ ਕੰਮਕਾਜ ਕੀਤੇ ਜਾਣਗੇ , ਕਿਉਂਕਿ ਅਜਿਹੀ ਸਥਿਤੀ ‘ਚ ਜ਼ਿਆਦਾ ਸਟਾਫ਼ ਨਾਲ ਕੰਮ ਕਰਨਾ ਮੁਸੀਬਤ ਖੜੀ ਕਰ ਸਕਦਾ ਹੈ ।

ਇਸ ਤੋਂ ਇਲਾਵਾ , ਪੰਜਾਬ ਸਿਵਲ ਸਕੱਤਰੇਤ ਦੀਆਂ 2 ਬ੍ਰਾਂਚਾਂ ਦੇ 25 ਮੁਲਾਜ਼ਮਾਂ ਨੂੰ ਵੀ ਕੋਰੋਨਾ ਦਾ ਡਰ ਸਤਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਯੂ. ਟੀ. ਸਕੱਤਰੇਤ ‘ਚ ਤਾਇਨਾਤ ਇੱਕ ਕਰਮਚਾਰੀ ਦੇ ਕੋਰੋਨਾ ਪਾਜ਼ਿਟਿਵ ਹੋਣ ਦਾ ਪਤਾ ਲੱਗਾ ਹੈ , ਜਿਸ ਕਾਰਨ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ‘ਤੇ ਵੀ ਚਿੰਤਾ ਦਾ ਪ੍ਰਭਾਵ ਹੈ , ਕਿਉਂਕਿ ਉਕਤ ਮਰੀਜ਼ ਦਾ ਪਿਤਾ ਪੰਜਾਬ ਸਕੱਤਰੇਤ ਦੀ ਰਿਕਾਰਡ ਬ੍ਰਾਂਚ ਅਤੇ ਲਾਈਬ੍ਰੇਰੀ ‘ਚ ਡਿਊਟੀ ‘ਤੇ ਹੈ । ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੁੱਤ ਕਾਰਨ ਪਿਤਾ ਦੇ ਵੀ ਕੋਰੋਨਾ ਦੀ ਲਪੇਟ ‘ਚ ਆਉਣ ਦਾ ਖ਼ਤਰਾ ਹੈ ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਜਾਬ ਸਕੱਤਰੇਤ ਦੀਆਂ ਦੋ ਬ੍ਰਾਂਚਾਂ ਦੇ 25 ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਆਖਿਆ ਹੈ ਅਤੇ 3 ਦਿਨ ਦੀ ਛੁੱਟੀ ‘ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ, ਸਿਰਫ਼ ਇਹੀ ਨਹੀਂ ਉਹਨਾਂ ਨੂੰ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਹ ਦਫ਼ਤਰ ਆਉਣ ਲਈ ਕਿਹਾ ਗਿਆ ਹੈ । ਦੂਜੇ ਪਾਸੇ ਯੂ. ਟੀ. ਸਕੱਤਰੇਤ ‘ਚ ਸਿਰਫ਼ 50% ਸਟਾਫ ਦੀ ਆਗਿਆ ਦਿੱਤੇ ਜਾਣ ਦੀ ਖ਼ਬਰ ਹੈ , ਓਥੋਂ ਦੇ ਕਰਮਚਾਰੀਆਂ ਨੂੰ ਬਦਲਵੇਂ ਦਿਨਾਂ ‘ਤੇ ਦਫ਼ਤਰ ਆਉਣ ਅਤੇ ਬਾਕੀ ਦਿਨਾਂ’ ਤੇ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।