ਬਿਕਰਮ ਮਜੀਠੀਆ ਵੱਲੋਂ ਕਰਤਾਰਪੁਰ ਲਾਂਘੇ ਅਤੇ ਕਾਲੀ ਸੂਚੀ ਖ਼ਤਮ ਕਰਨ ਲਈ PM ਮੋਦੀ ਅਤੇ ਅਮਿਤ ਸ਼ਾਹ ਦੀ ਸ਼ਲਾਘਾ

Bikram Majithia

ਬਿਕਰਮ ਮਜੀਠੀਆ ਵੱਲੋਂ ਕਰਤਾਰਪੁਰ ਲਾਂਘੇ ਅਤੇ ਕਾਲੀ ਸੂਚੀ ਖ਼ਤਮ ਕਰਨ ਲਈ PM ਮੋਦੀ ਅਤੇ ਅਮਿਤ ਸ਼ਾਹ ਦੀ ਸ਼ਲਾਘਾ,ਚੰਡੀਗੜ੍ਹ: ਆਜ਼ਾਦੀ ਦੇ 70 ਸਾਲ ਬਾਅਦ ਨਨਕਾਣਾ ਸਾਹਿਬ ਵਾਸਤੇ ਲਾਂਘਾ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤਿਕ ਕਲਾ ਦੀ ਸ਼ਲਾਘਾ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਜ਼ਾਦੀ ਦੀ ਲੜਾਈ ਵਿਚ ਚੱਟਾਨ ਵਾਂਗ ਖਲੋ ਕੇ ਕੁਰਬਾਨੀਆਂ ਦੇਣ ਵਾਲੇ ਬਹਾਦਰ ਸਿੱਖਾਂ ਦੇ ਧਾਰਮਿਕ ਹਿੱਤਾਂ ਦੀ ਰਾਖੀ ਨਾ ਕਰਨ ਲਈ ਪੂਰੀ ਤਰ੍ਹਾਂ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ।

ਇੱਥੇ ਇੱਕ ਸਖ਼ਤ ਪ੍ਰੈਸ ਬਿਆਨ ਜਾਰੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਬਹਾਦਰ ਸਿੱਖਾਂ ਦੀ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਬੜੀ ਆਸਾਨੀ ਨਾਲ ਨਨਕਾਣਾ ਸਾਹਿਬ ਨੂੰ ਭਾਰਤੀ ਖੇਤਰ ਅੰਦਰ ਸ਼ਾਮਿਲ ਕਰਵਾ ਸਕਦੀ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਉੱਤੇ ਰਾਜ ਕਰਨ ਵਾਲੇ ਨਹਿਰੂ ਅਤੇ ਉਸ ਦੇ ਖਾਨਦਾਨ ਨੇ ਨਨਕਾਣਾ ਸਾਹਿਬ ਦੇ ਖੇਤਰ ਨੂੰ ਭਾਰਤ ਨਾਲ ਮਿਲਾਉਣ ਵਾਸਤੇ ਕੋਈ ਸੁਹਿਰਦ ਯਤਨ ਨਹੀਂ ਕੀਤਾ ਅਤੇ ਨਾ ਹੀ ਸਿੱਖਾਂ ਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਾਣ ਵਾਸਤੇ ਲਾਂਘਾ ਤਿਆਰ ਕਰਨ ਲਈ ਕੋਈ ਉਪਰਾਲਾ ਕੀਤਾ।

ਅਕਾਲੀ ਆਗੂ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਆਜ਼ਾਦੀ ਦੇ 72 ਸਾਲ ਬਾਅਦ ਐਨਡੀਏ ਨੇ ਗੁਰੂ ਸਾਹਿਬ ਦੇ ਜਨਮ ਅਸਥਾਨ ਅਤੇ ਸਿੱਖਾਂ ਵਿਚਕਾਰ ਰਾਬਤਾ ਕਾਇਮ ਕਰਨ ਦੇ ਕਾਰਜ ਨੂੰ ਪੂਰਾ ਕਰਨ ਲਈ ਦਲੇਰਾਨਾ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਐਨਡੀਏ ਨੇ ਤਣਾਅ ਪੂਰਨ ਹਾਲਾਤ ਹੋਣ ਦੇ ਬਾਵਜੂਦ ਲੰਬੇ ਦੇਰ ਤੋਂ ਉਡੀਕੇ ਜਾ ਰਹੇ ਇਸ ਲਾਂਘੇ ਦੀ ਉਸਾਰੀ ਲਈ ਰਾਹ ਪੱਧਰਾ ਕਰ ਦਿੱਤਾ ਹੈ।

ਹੋਰ ਪੜ੍ਹੋ: ਕਾਂਗਰਸ ਵੱਲੋਂ ਬਣਾਈ ਕਾਲੀ ਸੂਚੀ ਖ਼ਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ

ਮਜੀਠੀਆ ਨੇ ਸਿੱਖਾਂ ਦੀ 35 ਸਾਲ ਪੁਰਾਣੀ ਕਾਲੀ ਸੂਚੀ ਖ਼ਤਮ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਸੂਚੀ ਦੇ ਕਾਰਣ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਦੇਸ਼ ਅੰਦਰ ਵੱਖ ਵੱਖ ਗੁਰਧਾਮਾਂ ਅੰਦਰ ਮੱਥਾ ਟੇਕਣ ਵਾਸਤੇ ਵੀ ਭਾਰਤ ਅੰਦਰ ਦਾਖ਼ਲ ਨਹੀਂ ਹੋ ਸਕਦੇ ਸਨ। ਆਪਣੇ ਇਸ ਵੱਡੇ ਫੈਸਲੇ ਨਾਲ ਐਨਡੀਏ ਸਰਕਾਰ ਨੇ ਸਿਰਫ ਦੇਸ਼ ਦੇ ਸਿੱਖਾਂ ਦਾ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਦਾ ਮਨ ਜਿੱਤ ਲਿਆ ਹੈ।

ਮਜੀਠੀਆ ਨੇ ਕਿਹਾ ਕਿ ਮੋਦੀ ਦਾ ਵਿਵਹਾਰ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਨਾਲੋਂ ਬਿਲਕੁੱਲ ਹੀ ਉਲਟ ਹੈ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵਜ਼ੀਰੀਆਂ ਦੇ ਕੇ ਨਿਵਾਜਿਆ ਸੀ ਅਤੇ ਹਾਲ ਹੀ ਵਿਚ ਵੀ ਇਸ ਨੇ 1984 ਕਤਲੇਆਮ ਦੇ ਇੱਕ ਮਾਮਲੇ ਵਿਚ ਲੋੜੀਂਦੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ।

ਮਜੀਠੀਆ ਨੇ ਕਿਹਾ ਕਿ ਮੋਦੀ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ਵਿਚ ਕਮਲ ਨਾਥ ਵਿਰੁੱਧ ਖੋਲ੍ਹੇ ਕੇਸਾਂ ਨੂੰ ਅੰਤਿਮ ਸਿੱਟੇ ਉੱਤੇ ਪਹੁੰਚਾ ਕੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾ ਕੇ ਸਿੱਖ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਵੇਗਾ।ਪਾਕਿਸਤਾਨ ਵਿਚ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰ ਸ਼ਰਧਾਲੂ ਉੱਤੇ ਲੱਗਣ ਵਾਲੇ ਪ੍ਰਸਤਾਵਿਤ 1400 ਰੁਪਏ ਦੇ ਸਹੂਲਤ ਟੈਕਸ ਬਾਰੇ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿਚ ਮੱਦਦ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਰਾਹੁਲ ਅਤੇ ਪਾਕਿਸਤਾਨ ਵਿਚਕਾਰ ਗੂੜ੍ਹੀ ਸਾਂਝ ਹੈ , ਇਸ ਲਈ ਉਹ ਆਸਾਨੀ ਨਾਲ ਇਹ ਮਸਲਾ ਹੱਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਕਸਰ ਰਾਹੁਲ ਗਾਂਧੀ ਦੀ ਸਿਆਣਪ ਦੀ ਤਾਰੀਫ ਕਰਦਾ ਹੈ ਅਤੇ ਰਾਹੁਲ ਗਾਂਧੀ ਭਾਰਤ ਸਰਕਾਰ ਅਤੇ ਭਾਰਤੀ ਫੌਜ ਵਿਰੁੱਧ ਬਿਆਨ ਜਾਰੀ ਕਰਕੇ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਮੋੜਵੀਂ ਤਾਰੀਫ ਕਰਦਾ ਹੈ। ਉਹਨਾਂ ਕਿਹਾ ਕਿ ਇਹ ਜਜ਼ੀਆ ਟੈਕਸ ਖ਼ਤਮ ਹੋਣਾ ਚਾਹੀਦਾ ਹੈ। ਉਹਨਾਂ ਸਲਾਹ ਦਿੱਤੀ ਕਿ ਇਮਰਾਨ ਰਾਹੁਲ ਦੀ ਇਸ ਮੰਗ ਨੂੰ ਨਹੀਂ ਠੁਕਰਾਏਗਾ।

ਮਜੀਠੀਆ ਨੇ ਇਹ ਵੀ ਕਿਹਾ ਕਿ ਰਾਹੁਲ ਇਸ ਮਾਮਲੇ ਵਿਚ ਆਪਣੇ ਚਹੇਤੇ ਪਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੀ ਵੀ ਮੱਦਦ ਲੈ ਸਕਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇੱਕ ਪਰਿਵਾਰ ਦੇ ਚਾਰ ਪੰਜ ਜੀਆਂ ਵੱਲੋਂ ਸਰਹੱਦ ਪਾਰ ਜਾ ਕੇ ਮੱਥਾ ਟੇਕਣ ਵਾਸਤੇ ਇੰਨੀ ਵੱਡੀ ਰਕਮ ਦੇਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਹੈ।

-PTC News