
ਨਵੀਂ ਦਿੱਲੀ : ਸੁਪਰੀਮ ਕੋਰਟ (Supreme Court) ਖੇਤੀ ਕਾਨੂੰਨਾਂ (Farm Laws) ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨਾਂ (Farmers Protest) ਨਾਲ ਸਬੰਧਤ ਪਟੀਸ਼ਨਾਂ ‘ਤੇ ਅੱਜ ਫ਼ਿਰ ਸੁਣਵਾਈ ਕਰੇਗਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਇਸ ਅੰਦੋਲਨ ਦੇ ਹੱਲ ਲਈ ਬਣਾਈ ਕਮੇਟੀ ਦੇ ਕਿਸੇ ਮੈਂਬਰ ਦੇ ਵੱਖ ਹੋਣ ਦੇ ਮਾਮਲੇ ਨੂੰ ਵੀ ਵਿਚਾਰ ਸਕਦੀ ਹੈ।

ਪੜ੍ਹੋ ਹੋਰ ਖ਼ਬਰਾਂ : 10 ਮਹੀਨਿਆਂ ਤੋਂ ਬੰਦ ਪਏ ਦਿੱਲੀ ਦੇ ਸਕੂਲ ਅੱਜ ਮੁੜ ਖੁੱਲ੍ਹਣਗੇ
ਦਰਅਸਲ ‘ਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ (Farmers Protest) ਕਰਦਿਆਂ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ‘ਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਣੀ ਹੈ। ਦਿੱਲੀ ਪੁਲਿਸ ਨੇ ਇਸ ਸਬੰਧ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।

ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦਾਇਰ ਆਪਣੀ ਪਟੀਸ਼ਨ ਵਿੱਚ 26 ਜਨਵਰੀ ਨੂੰ ਹੋਣ ਜਾ ਰਹੇ ਕਿਸਾਨਾਂ ਦੇ ਟਰੈਕਟਰ ਮਾਰਚ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦਿੱਲੀ ਪੁਲਿਸ ਨੇ ਇਸ ਲਈ ਕਾਨੂੰਨ ਵਿਵਸਥਾ ਦਾ ਹਵਾਲਾ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਸਵੇਰੇ 11.45 ਵਜੇ ਹੋਵੇਗੀ।

ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਦੀ ਆਪਣੀ ਪੂਰੀ ਯੋਜਨਾ ਜਾਰੀ ਕੀਤੀ ਹੈ। ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਟਰੈਕਟਰ ਮਾਰਚ ਨੂੰ ਕੋਈ ਨਹੀਂ ਰੋਕ ਸਕਦਾ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 26 ਜਨਵਰੀ ਨੂੰ ਅਸੀਂ ਦਿੱਲੀ ਵਿਚ ਟਰੈਕਟਰ ਮਾਰਚ ਕਰਾਂਗੇ ਤੇ ਇਸ ਸਬੰਧੀ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਹੈ।

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਲਈ ਬਜ਼ਿੱਦ ਹਨ। ਸੰਯੁਕਤ ਕਿਸਾਨ ਮੋਰਚੇ ਨੇ ਐਤਵਾਰ ਨੂੰ ਟਰੈਕਟਰ ਮਾਰਚ ਦੇ ਰੂਟ ਦਾ ਐਲਾਨ ਕੀਤਾ। ਇਹ ਮਾਰਚ ਦਿੱਲੀ ਦੇ ਆਊਟਰ ਰਿੰਗ ਰੋਡ ਦੀ ਪਰਿਕਰਮਾ ਕਰੇਗਾ ਤੇ ਗਣਤੰਤਰ ਦਿਵਸ ਦੀ ਪਰੇਡ ਵਿਚ ਕੋਈ ਖ਼ਲਲ ਨਹੀਂ ਪਾਇਆ ਜਾਵੇਗਾ। ਟਰੈਕਟਰ ਮਾਰਚ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ ਤੇ ਹਰੇਕ ਟਰੈਕਟਰ ਤਿਰੰਗਾ ਤੇ ਕਿਸੇ ਇਕ ਕਿਸਾਨ ਜਥੇਬੰਦੀ ਦਾ ਝੰਡਾ ਵੀ ਲੱਗਾ ਹੋਵੇਗਾ।
-PTCNews