ਗੁਰਦੁਆਰਾ ਕੋੜ੍ਹੀਵਾਲਾ ਘਾਟ ਯੂਪੀ ਵਿਖੇ ਕਰਵਾਇਆ ਵਿਸ਼ਾਲ ਗੁਰਮਤਿ ਸਮਾਗਮ

sgpc
ਗੁਰਦੁਆਰਾ ਕੋੜ੍ਹੀਵਾਲਾ ਘਾਟ ਯੂਪੀ ਵਿਖੇ ਕਰਵਾਇਆ ਵਿਸ਼ਾਲ ਗੁਰਮਤਿ ਸਮਾਗਮ

ਗੁਰਦੁਆਰਾ ਕੋੜ੍ਹੀਵਾਲਾ ਘਾਟ ਯੂਪੀ ਵਿਖੇ ਕਰਵਾਇਆ ਵਿਸ਼ਾਲ ਗੁਰਮਤਿ ਸਮਾਗਮ,ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ’ਚ ਪੈਂਦੇ ਗੁਰਦੁਆਰਾ ਕੋੜ੍ਹੀਵਾਲਾ ਘਾਟ ਤ੍ਰਿਕੁਨੀਆ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਮਤਿ ਸਮਾਗਮ ਦੌਰਾਨ ਬਾਬਾ ਬਚਨ ਸਿੰਘ ਤੇ ਬਾਬਾ ਕਾਲਾ ਸਿੰਘ ਕਾਰਸੇਵਾ ਵਾਲਿਆਂ ਨੇ ਭਰਵਾਂ ਸਹਿਯੋਗ ਦਿੱਤਾ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕੁਹਾੜਕਾ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ, ਜਦਕਿ ਕਥਾਵਾਚਕ ਗਿਆਨੀ ਬਲਦੇਵ ਸਿੰਘ ਪਾਉਂਟਾ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ।

ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਭਰ ਵਿਚ ਸਜਾਏ ਜਾ ਰਹੇ ਵੱਖ-ਵੱਖ ਸਮਾਗਮਾਂ ਸਮੇਂ ਭਰਵੇਂ ਸਹਿਯੋਗ ਦੀ ਅਪੀਲ ਕੀਤੀ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਖੇ ਨਵੰਬਰ 2019 ਕਰਵਾਏ ਜਾਣ ਵਾਲੇ ਮੁੱਖ ਸਮਾਗਮਾਂ ਵਿਚ ਪੁੱਜਣ ਦਾ ਸੱਦਾ ਵੀ ਦਿੱਤਾ।

ਹੋਰ ਪੜ੍ਹੋ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

ਉਨ੍ਹਾਂ ਸਮਾਗਮ ਦੀ ਸਫਲਤਾ ਲਈ ਬਾਬਾ ਬਚਨ ਸਿੰਘ ਤੇ ਬਾਬਾ ਕਾਲਾ ਸਿੰਘ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂ.ਪੀ. ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ, ਉੱਤਰਾਖੰਡ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਹਰਜਿੰਦਰ ਸਿੰਘ, ਕਵੀਸ਼ਰ ਭਾਈ ਸਤਨਾਮ ਸਿੰਘ, ਪ੍ਰਚਾਰਕ ਭਾਈ ਕਰਮ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਜਸਬੀਰ ਸਿੰਘ ਨੇ ਵੀ ਗੁਰ-ਇਤਿਹਾਸ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

ਇਸ ਸਮੇਂ ਹੋਏ ਅੰਮ੍ਰਿਤ ਸੰਚਾਰ ਦੌਰਾਨ 161 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮੋਹਨ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਚੰਨਣ ਸਿੰਘ ਪੀਲੀਭੀਤ ਵਾਲੇ, ਬਾਬਾ ਸਿਆਮ ਸਿੰਘ ਰੀਠਾ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਬੜੂ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।

-PTC News