
ਬਠਿੰਡਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ‘ਚ ਰੱਖੀ ਗਈ ਰੈਲੀ ‘ਚ ਮੋਸਟ ਵਾਂਟੇਡ ਲੱਖਾ ਸਿਧਾਣਾ (Lakh Sidhana) ਪਹੁੰਚ ਗਿਆ ਹੈ।
ਦਰਅਸਲ ‘ਚ ਲੱਖਾ ਸਿਧਾਣਾ ਦਿੱਲੀ ਹਿੰਸਾ ਮਾਮਲੇ ‘ਚ ਮੁਲਜ਼ਮ ਹੈ। 1 ਲੱਖ ਦਾ ਇਨਾਮੀ ਐਲਾਨੇ ਜਾਣ ਤੋਂ ਬਾਵਜੂਦ ਲੱਖਾ ਸਿਧਾਣਾ ਮਹਿਰਾਜ ਰੈਲੀ ‘ਚ ਪਹੁੰਚਿਆ ਹੈ। ਫ਼ਿਲਹਾਲ ਇਹ ਵੀ ਚਰਚਾ ਹੈ ਕਿ ਲਾਲ ਕਿਲੇ ‘ਤੇ ਹੋਈ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ।

ਅਜਿਹੇ ਵਿਚ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਦੀ ਹੈ ਜਾਂ ਨਹੀਂ। ਬਠਿੰਡਾ ਜ਼ਿਲ੍ਹੇ ਦੇ ਪਿੰਡਮਹਿਰਾਜ ‘ਚ ਰੈਲੀ ਦਾ ਐਲਾਨ ਲੱਖਾ ਸਿਧਾਣਾ ਨੇ ਖ਼ੁਦ ਕੀਤਾ ਸੀ ,ਜਿਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਹਾਜ਼ਰੀ ਭਰੀ ਹੈ।

ਦੱਸਣਯੋਗ ਹੈ ਕਿ ਬੀਤੇ ਕੱਲ੍ਹ ਤੋਂ ਹੀ ਲੱਖਾ ਸਿਧਾਣਾ ਦੇ ਰੈਲੀ ‘ਚ ਪਹੁੰਚਣ ਜਾਂ ਨਾ ਪਹੁੰਚਣ ਸਬੰਧੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਲੱਖਾ ਸਿਧਾਣਾ ਨੇ ਰੈਲੀ ‘ਚ ਸ਼ਮੂਲੀਅਤ ਕੀਤੀ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਸਿਧਾਣੇ ਦੇ ਹੱਕ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਆਗੂ ਲੱਖਾ ਸਿਧਾਣਾ ਕੁਝ ਸਮੇਂ ਬਾਅਦ ਰੈਲੀ ਨੂੰ ਵੀ ਸੰਬੋਧਨ ਕਰੇਗਾ।

ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲੇ ‘ਤੇ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਉੱਪਰ ਇੱਕ ਲੱਖ ਰੁਪਏ ਦਾ ਇਨਾਮ ਹੈ। ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਸੋਸ਼ਲ ਮੀਡੀਆ ਉੱਪਰ ਚੁਣੌਤੀ ਦਿੱਤੀ ਸੀ ਕਿ ਉਹ 23 ਫ਼ਰਵਰੀ ਨੂੰ ਬਠਿੰਡਾ ਦੇ ਮਹਿਰਾਜ ‘ਚ ਰੈਲੀ ਕਰਨ ਵਾਲਾ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਵਿਖਾਏ।ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।
-PTCNews