ਕੋਰੋਨਾ ਕਾਰਨ ਮਰਨ ਵਾਲਿਆਂ ਨੂੰ ਪਰਿਵਾਰ ਛੱਡੇ ‘ਲਾਵਾਰਿਸ’, ਤਾਂ ਇਹ ਇਨਸਾਨ ਨਿਭਾਉਂਦਾ ਹੈ ਅਨੋਖੀ ਸੇਵਾ

last rituals for unclaimed dead bodies Covid -19

ਅੰਮ੍ਰਿਤਸਰ – ਛੂਤ ਰਾਹੀਂ ਫ਼ੈਲਣ ਵਾਲੀ ਕੋਰੋਨਾ ਮਹਾਮਾਰੀ ਦੀ ਪਈ ਮਾਰ ਦੀਆਂ ਕਈ ਖ਼ਬਰਾਂ ਦਿਲ-ਦਿਮਾਗ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ, ਜਦੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਵੱਲੋਂ ਪੂਰੇ ਸੁਰੱਖਿਆ ਇੰਤਜ਼ਾਮ ਦੇ ਯਕੀਨ ਦੁਆਉਣ ਦੇ ਬਾਵਜੂਦ, ਕਿਸੇ ਪਰਿਵਾਰ ਨੇ ਕੋਰੋਨਾ ਕਾਰਨ ਅਕਾਲ ਚਲਾਣਾ ਕਰ ਗਈ ਆਪਣੀ ਮਾਂ ਦੇ ਸਸਕਾਰ ਤੋਂ ਮਨ੍ਹਾ ਕਰ ਦਿੱਤਾ ਤੇ ਕਿਸੇ ਨੇ ਕਿਸੇ ਹੋਰ ਸਕੇ-ਸੰਬੰਧੀ ਦੇ ਸਸਕਾਰ ਤੋਂ। ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਅਜਿਹੇ ਬਦਨਸੀਬਾਂ ਲਈ ‘ਆਪਣਾ’ ਬਣ ਕੇ ਬਹੁੜਿਆ ਹੈ ਇੱਕ ਸ਼ਖ਼ਸ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਉਸ ਦੀ ਸੇਵਾ ਦੀ ਲੋਕੀ ਦਿਲੋਂ ਸ਼ਲਾਘਾ ਕਰ ਰਹੇ ਹਨ।

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਲਾਕੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਸਸਕਾਰ ਕਰਨ ਤੋਂ ਮਨ੍ਹਾ ਕਰ ਦੇਣ ਵਾਲੇ ਮ੍ਰਿਤਕਾਂ ਲਈ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੰਤਿਮ ਸੰਸਕਾਰਾਂ ਦੀ ਅਨੋਖੀ ਸੇਵਾ ਨਿਭਾ ਰਿਹਾ ਇਹ ਸ਼ਖ਼ਸ ਹੈ ਪਟਵਾਰੀ ਕਰਤਾਰ ਸਿੰਘ। ਪਟਵਾਰੀ ਕਰਤਾਰ ਸਿੰਘ ਨੇ ਇਸ ਅਨੋਖੀ ਸੇਵਾ ਦਾ ਬੀੜਾ ਚੁੱਕਿਆ ਹੈ ਅਤੇ ਹੁਣ ਤੱਕ ਉਹ ਅੰਮ੍ਰਿਤਸਰ ‘ਚ ਕੋਰੋਨਾ ਨਾਲ ਮਰਨ ਵਾਲੇ 4 ਲੋਕਾਂ ਦਾ ਅੰਤਿਮ ਸਸਕਾਰ ਕਰ ਚੁੱਕੇ ਹਨ, ਅਤੇ ਉਹ ਵੀ ਮ੍ਰਿਤਕਾਂ ਦੀਆਂ ਧਾਰਮਿਕ ਤੇ ਸਮਾਜਿਕ ਰਸਮਾਂ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹੋਏ।

ਮਿਲੀ ਜਾਣਕਾਰੀ ਮੁਤਾਬਕ ਪਟਵਾਰੀ ਕਰਤਾਰ ਸਿੰਘ ਹੁਣ ਤੱਕ ਪੰਥ ਪ੍ਰਸਿੱਧ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ, ਨਗਰ-ਨਿਗਮ ਦੇ ਸਾਬਕਾ ਐੱਸ.ਈ. ਜਸਵਿੰਦਰ ਸਿੰਘ, ਬਾਗ ਰਾਮਾਨੰਦ ਵਾਸੀ ਮਿਥੁਨ ਸਵਾਮੀ ਤੇ ਹਾਲ ਹੀ ਵਿੱਚ ਬੀਤੇ ਵੀਰਵਾਰ ਇੱਕ ਛੋਟੇ ਬੱਚੇ ਅਦਿੱਤਿਆ ਦਾ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾ ਚੁੱਕੇ ਹਨ। ਇਨ੍ਹਾਂ ਸਾਰਿਆਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਐੱਸ.ਈ. ਜਸਵਿੰਦਰ ਸਿੰਘ ਦੀ ਜਦੋਂ ਕੋਰੋਨਾ ਕਾਰਨ ਮੌਤ ਹੋਈ ਤਾਂ ਉਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸਸਕਾਰ ਤੋਂ ਮਨ੍ਹਾਂ ਕਰ ਦਿੱਤਾ ਸੀ।

ਇਸ ਸਬੰਧੀ ਗੱਲਬਾਤ ਕਰਦੇ ਪਟਵਾਰੀ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਕਾਰਜ ਉਹ ਸੇਵਾ ਭਾਵਨਾ ਨਾਲ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹ ਪ੍ਰਸ਼ਾਸਨ ਦਾ ਇੱਕ ਅੰਗ ਹਨ, ਅਤੇ ਇਸ ਕਰਕੇ ਵੀ ਇਹ ਉਨ੍ਹਾਂ ਦੀ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਡਿਊਟੀ ਬਣਦੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਵੱਡੇ-ਵਡੇਰਿਆਂ ਤੋਂ ਮਿਲੇ ਸੰਸਕਾਰਾਂ ਨੂੰ ਸਭ ਤੋਂ ਅਹਿਮ ਦੱਸਿਆ, ਜਿਨ੍ਹਾਂ ਉੱਤੇ ਚੱਲਦਿਆਂ ਉਹ ਸਮਾਜ ਦੀ ਕਿਸੇ ਵੀ ਤਰ੍ਹਾਂ ਦੀ ਸੇਵਾ ਤੋਂ ਪਿੱਛੇ ਨਹੀਂ ਹਟ ਸਕਦੇ। ਕਰਤਾਰ ਸਿੰਘ ਦੀ ਇਸ ਅਨੂਠੀ ਸੇਵਾ, ਬਹਾਦਰੀ ਤੇ ਦਲੇਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਐੱਸ.ਡੀ.ਐੱਮ. ਵਿਕਾਸ ਹੀਰਾ ਵੀ ਸਨਮਾਨ ਪੱਤਰ ਦੇ ਚੁੱਕੇ ਹਨ।

ਆਖ਼ਰੀ ਸਮੇਂ ‘ਚ ਆਪਣੇ ਅਜ਼ੀਜ਼ਾਂ ਨਾਲ ਅਜਿਹਾ ਅਣਮਨੁੱਖੀ ਵਤੀਰੇ ਦੀਆਂ ਖ਼ਬਰਾਂ ਸੁਨ ਕੇ ਸਮਾਜ ‘ਚੋਂ ਰਿਸ਼ਤਿਆਂ ਦੀ ਕਦਰ ਦੇ ਮਨਫ਼ੀ ਹੋਣ ਦਾ ਦੁਖਦਾਈ ਪੱਖ ਸਾਹਮਣੇ ਆਉਂਦਾ ਹੈ, ਪਰ ਨਾਲ ਹੀ ਕਰਤਾਰ ਸਿੰਘ ਪਟਵਾਰੀ ਵਰਗੇ ਲੋਕਾਂ ਵੱਲੋਂ ਆਪਣੀਆਂ ਜਾਨਾਂ ਦਾਅ ‘ਤੇ ਲਾ ਕੇ ਅਜਿਹੀਆਂ ਸੇਵਾਵਾਂ ਨਿਭਾਉਣ ਬਾਰੇ ਸੁਨ ਕੇ ਇੱਕ ਉਮੀਦ ਮੁੜ ਜਾਗ ਜਾਂਦੀ ਹੈ ਕਿ ਇਨਸਾਨੀਅਤ ਹਾਲੇ ਜ਼ਿੰਦਾ ਹੈ।