
ਵਿਦੇਸ਼ੀ ਫ਼ੰਡਿੰਗ ਮਾਮਲਾ : ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰਾਂ ’ਤੇ CBI ਵੱਲੋਂ ਛਾਪੇ:ਨਵੀਂ ਦਿੱਲੀ : ਵਿਦੇਸ਼ੀ ਫ਼ੰਡਿੰਗ ਦੇ ਮਾਮਲੇ ਵਿੱਚ ਸੀ.ਬੀ.ਆਈ. ਵੱਲੋਂ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈ ਸਿੰਘ ਤੇ ਪਤੀ ਅਨੰਦ ਗਰੋਵਰ ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਤੇ ਘਰਾਂ 'ਤੇ ਅੱਜ ਵੀਰਵਾਰ ਸਵੇਰੇ ਛਾਪੇਮਾਰੀ ਕੀਤੀ ਹੈ। ਦੋਸ਼ ਹੈ ਕਿ ਇਨ੍ਹਾਂ ਨੇ ਦਿੱਲੀ ਸਥਿਤ ਐਨ.ਜੀ.ਓ. ਲਾਇਰਜ਼ ਕਲੈਕਟਿਵ ਲਈ ਵਿਦੇਸ਼ੀ ਚੰਦੇ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ।
ਦਿੱਲੀ ’ਚ ਵਕੀਲ ਜੋੜੀ ਦੇ 54–ਨਿਜ਼ਾਮੁੱਦੀਨ ਸਥਿਤ ਘਰ ਤੇ ਵਕੀਲਾਂ ਦੇ ਸਮੂਹਕ ਦਫ਼ਤਰ ਸੀ–65 ਨਿਜ਼ਾਮੁੱਦੀਨ ਦੇ ਪੂਰਬੀ ਦਫ਼ਤਰ ਉੱਤੇ ਛਾਪੇ ਮਾਰੇ ਗਏ ਹਨ।
ਵਰਨਣਯੋਗ ਹੈ ਕਿ ਜਾਂਚ ਏਜੰਸੀ ਨੇ 18 ਜੂਨ, 2019 ਨੂੰ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ ਉੱਤੇ ਐੱਫ਼ਸੀਆਰਏ (FCRA) ਦੀ ਉਲੰਘਣਾ ਦੇ ਦੋਸ਼ ਹੇਠ ਇੱਕ ਅਪਰਾਧਕ ਮਾਮਲਾ ਦਰਜ ਕੀਤਾ ਸੀ।
ਆਨੰਦ ਗਰੋਵਰ ਸੰਗਠਨ ਦੇ ਟਰੱਸਟੀ ਤੇ ਡਾਇਰੈਕਟਰ ਹਨ। ਐੱਨਜੀਓ ਦੇ ਅਣਪਛਾਤੇ ਅਧਿਕਾਰੀਆਂ ਤੇ ਕੁਝ ਹੋਰ ਨਿਜੀ ਵਿਅਕਤੀਆਂ ਨੂੰ ਵੀ ਐੱਫ਼ਆਈਆਰ ਵਿੱਚ ਮੁਲਜ਼ਮ ਬਣਾਇਆ ਗਿਆ ਹੈ।
-PTCNews