ਕੋਵਿਡ-19 -ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ , ਦਿੱਲੀ ‘ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਉਮੜੀ ਭੀੜ

https://www.ptcnews.tv/wp-content/uploads/2020/05/de747184-412f-49d8-9fca-38cc34f3c645.jpg
ਨਵੀਂ-ਦਿੱਲੀ : ਕੋਵਿਡ-19 -ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ , ਦਿੱਲੀ ‘ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਉਮੜੀ ਭੀੜ: ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ‘ਚ ਲੌਕਡਾਊਨ ਲਾਗੂ ਹੋਇਆ ਹੈ । ਅੱਜ ਤਾਲਾਬੰਦੀ ਦੇ ਤੀਜੇ ਪੜਾਅ ਦੀ ਸ਼ੁਰੂਆਤ ਦੌਰਾਨ ਕੁਝ ਢਿੱਲ ਦਿਤੀ ਜਾ ਰਹੀ ਹੈ , ਦੱਸ ਦੇਈਏ ਕਿ ਅੱਜ ਦੇਸ਼ ਭਰ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲ ਗਈਆਂ ਹਨ , ਜਿਸਦੇ ਚਲਦੇ ਅੱਜ ਰਾਜਧਾਨੀ ਦਿੱਲੀ ‘ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਕਾਫ਼ੀ ਭੀੜ ਲੱਗੀ ਹੋਈ ਹੈ । ਦੁਕਾਨਾਂ ਖੁੱਲਣ ਤੋਂ ਪਹਿਲਾਂ ਹੀ ਲੋਕ ਲੰਮੀਆਂ ਕਤਾਰਾਂ ‘ਚ ਖਲੋਤੇ ਨਜ਼ਰ ਆਏ , ਇਹੀ ਨਹੀਂ ਬਲਕਿ ਸਵੇਰ ਹੁੰਦਿਆਂ ਸਾਰ ਹੀ ਇਹ ਕਤਾਰਾਂ ਇੱਕ ਕਿਲੋਮੀਟਰ ਤੱਕ ਪਹੁੰਚ ਗਈਆਂ  । ਸ਼ਰਾਬ ਲੈਣ ਲਈ ਠੇਕਿਆਂ ਦੇ ਬਾਹਰ ਉਮੜੇ ਲੋਕ ਇਸ ਇੰਤਜ਼ਾਰ ‘ਚ ਲੰਮੀਆਂ ਕਤਾਰਾਂ ‘ਚ ਲੱਗੇ ਹਨ ਕਿ ਕਦੋਂ ਉਹਨਾਂ ਦੀ ਵਾਰੀ ਆਏ ਅਤੇ ਉਹ ਸ਼ਰਾਬ ਖਰੀਦ ਕੇ ਘਰਾਂ ਨੂੰ ਜਾਣ । ਦਾਰੂ ਖਰੀਦਣ ਦੀ ਹੋੜ ‘ਚ ਕਈ ਲੋਕ ਪੇਟੀਆਂ ਦੀਆਂ ਪੇਟੀਆਂ ਖਰੀਦਣ ‘ਤੇ ਲੱਗੇ ਸਨ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਲੌਕਡਾਊਨ ‘ਚ ਢਿੱਲ ਦਿੰਦੇ ਹੋਏ ਸਾਰੇ ਹੀ ਜ਼ੋਨ ( ਲਾਲ , ਸੰਤਰੀ ਅਤੇ ਹਰੇ ) ‘ਚ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੀ ਇਜ਼ਾਜ਼ਤ ਦਿੱਤੀ ਹੈ । ਹਾਲਾਂਕਿ ਦਿੱਲੀ ਦੇ ਸਾਰੇ ਜ਼ਿਲ੍ਹੇ ਰੈੱਡ ਜ਼ੋਨ ‘ਚ ਆਉਂਦੇ ਹਨ , ਇਸਦੇ ਬਾਵਜੂਦ ਵੀ ਦਿੱਲੀ ‘ਚ ਠੇਕੇ ਖੋਲ੍ਹੇ ਗਏ ਹਨ ।
ਇਸ ਦੌਰਾਨ ਖਰੀਦਦਾਰੀ ਅਤੇ ਸ਼ਰਾਬ ਦੀ ਵਿਕਰੀ ਸਮੇਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਵਿਸ਼ੇਸ਼ ਹਦਾਇਤਾਂ ਜ਼ਾਰੀ ਹੋਈਆਂ ਹਨ । ਇਥੋਂ ਤੱਕ ਕਿ ਸ਼ਰਾਬ ਦੇ ਠੇਕਿਆਂ ਦੇ ਬਾਹਰ ਜ਼ਮੀਨ ‘ਤੇ ਨਿਸ਼ਾਨ ਲਗਾਏ ਗਏ ਹਨ ਤਾਂ ਜੋ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਸਕਣ । ਦੱਸ ਦੇਈਏ ਕਿ ਸ਼ਰਾਬ ਦੀਆਂ ਦੁਕਾਨਾਂ ਦੇ ਨਾਲ ਪਾਨ , ਗੁਟਕਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਦੁਕਾਨਾਂ ਖੋਲਣ ਦੀ ਇਜ਼ਾਜ਼ਤ ਮਿਲੀ ਹੈ ।
ਫਿਲਹਾਲ ਦਿੱਲੀ ‘ਚ ਕਨਾਟ ਪੈਲੇਸ , ਮਾਲ ਅਤੇ ਬਜ਼ਾਰ ਬੰਦ ਰਹਿਣਗੇ । ਇਸ ਦੌਰਾਨ ਇੱਕ ਦੂਜੇ ਤੋਂ ਦੂਰੀ ਬਣਾਏ ਰੱਖਣ ਅਤੇ ਕੋਰੋਨਾ ਤੋਂ ਆਪਣੇ ਬਚਾਅ ਲਈ ਵਿਸ਼ੇਸ਼ ਧਿਆਨ ਦੇਣ ਲਈ ਵੀ ਅਗਾਹ ਕੀਤਾ ਗਿਆ ਹੈ । ਲੰਮੇ ਸਮੇਂ ਦੇ ਇੰਤਜ਼ਾਰ ਦੇ ਬਾਅਦ ਸ਼ਰਾਬ ਪੀਣ ਵਾਲਿਆਂ ‘ਚ ਖੁਸ਼ੀ ਦੀ ਲਹਿਰ ਹੈ , ਇਸਦਾ ਜਿਊਂਦਾ ਜਾਗਦਾ ਸਬੂਤ ਦਿੱਲੀ ‘ਚ ਸ਼ਰਾਬ ਦੇ ਠੇਕਿਆਂ ‘ਤੇ ਲੱਗੀ ਭੀੜ ਪੇਸ਼ ਕਰ ਰਹੀ ਹੈ।