ਲੌਕਡਾਊਨ 4.0 ਦੌਰਾਨ ਸਖ਼ਤੀ ਰਹਿਣ ਵਾਲੇ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ ਵੀ ਸ਼ਾਮਲ

By Panesar Harinder - May 17, 2020 5:05 pm

ਚੰਡੀਗੜ੍ਹ - ਕੋਰੋਨਾ ਮਹਾਮਾਰੀ ਨਾਲ ਸਾਰੀ ਦੁਨੀਆ ਜੂਝ ਰਹੀ ਹੈ ਅਤੇ ਇਸ ਵਿਸ਼ਵ-ਵਿਆਪੀ ਮਹਾਮਾਰੀ ਦਾ ਮੁਕਾਬਲਾ ਕਰ ਰਹੇ ਭਾਰਤ ਅਤੇ ਪੰਜਾਬ 'ਚ 18 ਮਈ ਤੋਂ ਲੌਕਡਾਊਨ ਦਾ ਚੌਥਾ ਚਰਣ ਸ਼ੁਰੂ ਹੋਣ ਜਾ ਰਿਹਾ ਹੈ। ਲੌਕਡਾਊਨ 4.0 ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਲੋਕਾਂ ਨੂੰ ਪਹਿਲਾਂ ਨਾਲੋਂ ਕਾਫ਼ੀ ਛੂਟ ਮਿਲੇਗੀ ਤੇ ਇਨ੍ਹਾਂ ਰਾਹਤਾਂ ਨਾਲ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਆਵੇਗੀ। ਪਰ ਕੋਰੋਨਾ ਦੀ ਸਭ ਤੋਂ ਵੱਧ ਤਬਾਹੀ ਹੇਠ ਆਏ ਦੇਸ਼ ਦੇ 30 ਜ਼ਿਲ੍ਹਿਆਂ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਇੱਥੇ ਸਖ਼ਤ ਲੌਕਡਾਊਨ ਹਾਲੇ ਹੋਰ ਸਮਾਂ ਜਾਰੀ ਰਹਿ ਸਕਦਾ ਹੈ। ਦੇਸ਼ ਦੇ ਇਨ੍ਹਾਂ 30 ਜ਼ਿਲ੍ਹਿਆਂ ਵਿੱਚ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵੀ ਸ਼ਾਮਲ ਹੈ, ਜਿੱਥੇ ਸਖ਼ਤੀ ਜਾਰੀ ਰਹਿਣ ਦਾ ਅੰਦਾਜ਼ਾ ਹੈ।

ਲੌਕਡਾਊਨ 4.0 ਦੌਰਾਨ ਭਾਰਤ ਦੇ ਜਿਹੜੇ ਜ਼ਿਲ੍ਹਿਆਂ ਵਿੱਚ ਸਖ਼ਤੀ ਜਾਰੀ ਰਹਿਣ ਬਾਰੇ ਕਿਹਾ ਜਾ ਰਿਹਾ ਹੈ, ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ -

ਪੰਜਾਬ - ਅੰਮ੍ਰਿਤਸਰ

ਮਹਾਰਾਸ਼ਟਰਾ - ਬ੍ਰਿਹਨਮੁੰਬਈ, ਥਾਣੇ, ਪੁਣੇ, ਸੋਲਾਪੁਰ, ਨਾਸ਼ਿਕ, ਔਰੰਗਾਬਾਦ ਤੇ ਪਾਲਘਰ

ਤਾਮਿਲਨਾਡੂ - ਗ੍ਰੇਟਰ ਚੇਨਈ, ਤਿਰੁਵੱਲੂਰ, ਕੁੱਡਾਲੋਰ, ਚੇਂਗਲਪੱਟੂ, ਅਰਿਯਾਲੂਰ ਅਤੇ ਵਿੱਲੂਪੁਰਮ

ਗੁਜਰਾਤ - ਅਹਿਮਦਾਬਾਦ, ਸੂਰਤ, ਵੜੋਦਰਾ

ਰਾਜਸਥਾਨ - ਜੈਪੁਰ, ਜੋਧਪੁਰ ਅਤੇ ਉਦੇਪੁਰ

ਪੱਛਮੀ ਬੰਗਾਲ - ਕੋਲਕਾਤਾ ਅਤੇ ਹਾਵੜਾ

ਮੱਧ ਪ੍ਰਦੇਸ਼ - ਇੰਦੌਰ ਅਤੇ ਭੋਪਾਲ

ਉੱਤਰ ਪ੍ਰਦੇਸ਼ - ਆਗਰਾ ਅਤੇ ਮੇਰਠ

ਤੇਲੰਗਾਨਾ - ਗ੍ਰੇਟਰ ਹੈਦਰਾਬਾਦ

ਆਂਧਰਾ ਪ੍ਰਦੇਸ਼ - ਕੁਰਨੂਲ

ਓੜੀਸ਼ਾ - ਬ੍ਰਹਮਪੁਰ

ਗੁਰੂ ਕੀ ਨਗਰੀ ਵਜੋਂ ਜਾਣਿਆ ਜਾਂਦਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦੇ ਉਨ੍ਹਾਂ ਇਲਾਕਿਆਂ ਵਿੱਚ ਸ਼ਾਮਲ ਰਿਹਾ ਹੈ ਜਿੱਥੇ ਕੋਰੋਨਾ ਦਾ ਪ੍ਰਕੋਪ ਵੱਡੇ ਪੱਧਰ 'ਤੇ ਦੇਖਣ ਨੂੰ ਮਿਲਿਆ। ਇਹੀ ਕਾਰਨ ਹੈ ਕਿ ਫ਼ਿਲਹਾਲ ਇਸ ਜ਼ਿਲ੍ਹੇ ਅੰਦਰ ਸਖ਼ਤੀ ਬਣਾਏ ਰੱਖਣ ਦਾ ਨਿਰਣਾ ਲਿਆ ਗਿਆ ਹੈ।

ਹਾਲਾਂਕਿ ਬਾਕੀ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਕੰਟੇਨਮੈਂਟ ਜ਼ੋਨ ਹੋਣਗੇ, ਉੱਥੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਮਿਲੇਗੀ। ਰੈੱਡ ਜ਼ੋਨ ਦੇ ਕੰਟੇਨਮੈਂਟ ਇਲਾਕਿਆਂ ਵਿੱਚ ਢਿੱਲ ਮਿਲਣ ਦੀ ਵੀ ਕੋਈ ਸੰਭਾਵਨਾ ਨਹੀਂ ਜਤਾਈ ਜਾ ਰਹੀ। ਪਰ ਬਾਕੀ ਸਥਾਨਾਂ ’ਤੇ ਜ਼ਿੰਦਗੀ ਮੁੜ ਲੀਹ 'ਤੇ ਚੜ੍ਹਨ ਦੀਆਂ ਕੋਸ਼ਿਸ਼ਾਂ ਜ਼ਰੂਰ ਕਰੇਗੀ।

ਲੌਕਡਾਊਨ 3.0 ਦੀ ਮਿਆਦ ਐਤਵਾਰ 17 ਮਈ ਨੂੰ ਖ਼ਤਮ ਹੋ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੀ ਵਾਰ ਜਦੋਂ ਬੀਤੀ 12 ਮਈ ਨੂੰ ਜਦੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ, ਤਦ ਉਨ੍ਹਾਂ ਇਹ ਤਾਂ ਆਖਿਆ ਸੀ ਕਿ ਲੌਕਡਾਊਨ ਹਾਲੇ ਦੇਸ਼ ਵਿੱਚ ਲਾਗੂ ਰਹੇਗਾ ਪਰ ਇਹ ਕਦੋਂ ਤੱਕ ਰਹੇਗਾ, ਇਸ ਬਾਰੇ ਕੋਈ ਸਾਫ਼ ਜਾਣਕਾਰੀ ਨਹੀਂ ਪ੍ਰਾਪਤ ਹੋਈ ਸੀ। ਦੇਸ਼ ਵਿੱਚ ਲੌਕਡਾਊਨ ਦੋ ਹੋਰ ਹਫ਼ਤੇ ਵਧ ਸਕਦਾ ਹੈ। ਲੌਕਡਾਊਨ 4.0 ਦੌਰਾਨ ਕੀ ਰਿਆਇਤਾਂ ਮਿਲਣਗੀਆਂ, ਤੇ ਕਿਹੋ ਜਿਹੇ ਬਦਲਾਅ ਹੋਣਗੇ ਇਸ ਬਾਰੇ ਅੱਜ ਸ਼ਾਮ ਤੱਕ ਜਾਣਕਾਰੀ ਸਾਹਮਣੇ ਆਉਣ 'ਤੇ ਹੀ ਤਸਵੀਰ ਸਾਫ਼ ਹੋਵੇਗੀ।

ਕੰਮਾਂ-ਕਾਰਾਂ ਤੋਂ ਬਿਨਾਂ ਬੈਠ ਕੇ ਘਰ-ਪਰਿਵਾਰ ਚਲਾ ਰਹੀ ਬਹੁਤ ਵੱਡੀ ਜਨਸੰਖਿਆ, ਅਤੇ ਮੱਧ-ਵਰਗੀ ਤੇ ਨਿਚਲੇ ਤਬਕੇ ਦੇ ਲੋਕ ਇੱਕ-ਇਕ ਦਿਨ ਉਮੀਦਾਂ ਨਾਲ ਕੱਢ ਰਹੇ ਹਨ ਕਿ ਲੌਕਡਾਊਨ ਤੋਂ ਬਾਅਦ ਉਨ੍ਹਾਂ ਦੇ ਛੋਟੇ-ਵੱਡੇ ਕਾਰੋਬਾਰ ਮੁੜ ਗਤੀ ਫ਼ੜਨ ਤੇ ਉਨ੍ਹਾਂ ਨੂੰ ਆਰਥਿਕ ਪੱਖ ਤੋਂ ਰਾਹਤ ਮਿਲੇ। ਇਸ ਤੋਂ ਇਲਾਵਾ ਜਿਹੜੀ ਵੱਡੀ ਉਡੀਕ ਲੋਕਾਂ ਨੂੰ ਹੈ, ਉਹ ਹੈ ਕੋਰੋਨਾ ਦੀ ਵੈਕਸੀਨ ਅਤੇ ਇਸ ਵਾਸਤੇ ਸਾਰਾ ਦੇਸ਼, ਸਾਰੀ ਦੁਨੀਆ ਦੀਆਂ ਸ਼ੁਭਕਾਮਨਾਵਾਂ ਤੇ ਦੁਆਵਾਂ ਸੰਸਾਰ ਭਰ ਦੇ ਸਿਹਤ ਤੇ ਦਵਾਈ ਵਿਗਿਆਨੀਆਂ ਦੇ ਨਾਲ ਹਨ।

adv-img
adv-img