ਲੋਕ ਸਭਾ ਚੋਣਾਂ 2019 : ਪੰਜਾਬ ਕਾਂਗਰਸ ਨੂੰ ਕਿਤੇ ਭਾਰੀ ਨਾ ਪੈ ਜਾਵੇ ਵਰਕਰਾਂ ਦੀ ਅਣਦੇਖੀ !!

Lok sabha elections 2019 punjab congress workers
ਲੋਕ ਸਭਾ ਚੋਣਾਂ 2019 : ਪੰਜਾਬ ਕਾਂਗਰਸ ਨੂੰ ਕਿਤੇ ਭਾਰੀ ਨਾ ਪੈ ਜਾਵੇ ਵਰਕਰਾਂ ਦੀ ਅਣਦੇਖੀ !!

ਲੋਕ ਸਭਾ ਚੋਣਾਂ 2019 : ਪੰਜਾਬ ਕਾਂਗਰਸ ਨੂੰ ਕਿਤੇ ਭਾਰੀ ਨਾ ਪੈ ਜਾਵੇ ਵਰਕਰਾਂ ਦੀ ਅਣਦੇਖੀ !!

ਚੰਡੀਗੜ੍ਹ : ਪੰਜਾਬ ਦੀ ਸਿਆਸੀ ਧਰਾਤਲ ਪੂਰੀ ਤਰ੍ਹਾਂ ਸਿਆਸੀ ਰੰਗ ਵਿੱਚ ਭਿੱਜੀ ਨਜ਼ਰ ਆ ਰਹੀ ਹੈ। ਦਾਅਵੇ ਅਤੇ ਵਾਅਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਹਨ। ਜਿੱਥੇ ਤਮਾਮ ਸਿਆਸੀ ਜਮਾਤਾਂ ਜਨਤਾ ਜਨਾਰਦਨ ਦਾ ਮੂਡ ਭਾਂਪ ਰਹੀਆਂ ਹਨ, ਉਥੇ ਹੀ ਸੱਤਾਧਿਰ ਕਾਂਗਰਸ ਦੀ ਅੰਦਰੂਨੀ ਬਗਾਵਤ ਨੇ ਚੰਡੀਗੜ ਤੋਂ ਦਿੱਲੀ ਤੱਕ ਦੀ ਲੀਡਰਸ਼ਿਪ ਨੂੰ ਸਿਆਸੀ ਬੁਖਾਰ ਚੜਾ ਦਿੱਤਾ ਹੈ। ਪੰਜਾਬ ਕਾਂਗਰਸ ਨੇ ਆਪਣੇ ਦਮ ਤੇ ਚੋਣ ਲੜਨ ਦਾ ਐਲਾਨ ਕੀਤਾ ਤਾਂ ਹਰ ਸੀਟ ਤੋਂ ਦਾਅਵੇਦਾਰੀਆਂ ਦਾ ਦੌਰ ਤੇਜ਼ ਹੋ ਗਿਆ। 13 ਸੀਟਾਂ ਦੇ ਲਈ 180 ਦੇ ਕਰੀਬ ਉਹ ਮਜ਼ਬੂਤ ਦਾਅਵੇਦਾਰੀਆਂ ਸਨ, ਜੋ ਲਿਖਤੀ ਰੂਪ ਵਿੱਚ ਦਿੱਲੀ ਦਰਬਾਰ ਪਹੁੰਚੀਆਂ।

ਪਟਿਆਲਾ ਅਤੇ ਗੁਰਦਾਸਪੁਰ ਸੀਟ ਲਈ ਕਾਂਗਰਸ ਨੂੰ ਸ਼ਾਇਦ ਘੱਟ ਮੱਥਾਪੋਚੀ ਕਰਨੀ ਪਈ ਕਿaਂਕਿ ਇਹਨਾਂ ਦੋਹਾਂ ਸੀਟਾਂ ਲਈ ਸਿਰਫ ਦੋ ਦੋ ਉਮੀਦਵਾਰਾਂ ਨੇ ਹੀ ਦਾਅਵੇਦਾਰੀ ਪੇਸ਼ ਕੀਤੀ ਅਤੇ ਬਠਿੰਡਾ ਅਤੇ ਫਿਰੋਜ਼ਪੁਰ ਸੀਟ ਦੇ ਉਮੀਦਵਾਰ ਦੇ ਐਲਾਨ ਲਈ ਵੀ ਕੋਈ ਬਹੁਤਾ ਸਮਾਂ ਨਹੀਂ ਲੱਗਾ। ਗੁਰਦਾਸਪੁਰ ਤੋਂ ਸੁਨੀਲ ਜਾਖੜ ਹਾਈਕਮਾਨ ਦੀ ਪਸੰਦ ਸੀ ਤਾਂ ਪਟਿਆਲਾ ਸੀਟ ਤੋਂ ਸ਼ਾਹੀ ਪਰਿਵਾਰ ਸਾਹਮਣੇ ਦਾਅਵੇਦਾਰੀ ਦਾ ਕੋਈ ਸਿਆਸੀ ਮਤਲਬ ਹੀ ਨਹੀਂ ਬਣਦਾ ਸੀ। ਬਾਕੀ ਬਚੀਆਂ 9 ਸੀਟਾਂ ਤੇ ਉੱਠੇ ਬਗਾਵਤੀ ਸੁਰਾਂ ਨੇ ਕਾਂਗਰਸ ਨੂੰ ਵਖ਼ਤ ਪਾ ਦਿੱਤਾ ਹੈ। ਖਾਸ ਤੌਰ ਤੇ ਸੰਗਰੂਰ,ਸ੍ਰੀ ਅਨੰਦਪੁਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ ਦੇ ਲਈ ਬਾਗੀ ਤੇਵਰ ਸਭ ਤੋਂ ਜ਼ਿਆਦਾ ਹਨ। ਹਾਲਾਂਕਿ ਮੁੱਖ ਮੰਤਰੀ ਸਮੇਤ ਪੰਜਾਬ ਕਾਂਗਰਸ ਮੁਖੀ ਦਾ ਦਾਅਵਾ ਹੈ ਕਿ ਕੁਝ ਹੀ ਦਿਨਾਂ ਵਿੱਚ ਸਭ ਨੂੰ ਮਨਾ ਲਿਆ ਜਾਵੇਗਾ ਅਤੇ ਇਸ ਦੀ ਲਈ ਬਕਾਇਦਾ ਕਵਾਇਦ ਵੀ ਤੇਜ਼ ਹੋ ਚੁੱਕੀ ਹੈ।

ਇਨ੍ਹਾਂ ਬਾਗੀ ਸੁਰਾਂ ਵਿੱਚ ਸਭ ਤੋਂ ਅਹਿਮ ਹੈ ਕਾਂਗਰਸ ਲਈ ਆਪਣਿਆਂ ਦੀ ਚੁਣੌਤੀ। ਆਪਣੇ ਵੀ ਉਹ, ਜੋ ਨਾਂ ਤਾਂ ਟਿਕਟ ਦੇ ਦਾਅਵੇਦਾਰ ਸਨ ਅਤੇ ਨਾ ਹੀ ਉਨਾਂ ਦਾ ਨਾਮ ਜ਼ਿਕਰਿਆ ਜਾਂਦਾ ਹੈ। ਪਾਰਟੀ ਦੇ ਉਹ ਵਰਕਰ ਜਿਨਾਂ ਨੂੰ ਦਸ ਸਾਲ ਦੇ ਸੱਤਾ ਬਨਵਾਸ ਤੋਂ ਬਾਅਦ ਸਿਆਸੀ ਆਕਸੀਜ਼ਨ ਨਸੀਬ ਹੋਈ। ਇਹ ਉਹ ਵਰਕਰ ਸਨ, ਜਿਨਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਮ ਕੇ ਕਾਂਗਰਸ ਲਈ ਦਿਨ ਰਾਤ ਪ੍ਰਚਾਰ ਕੀਤਾ। ਘਰ-ਘਰ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ। ਪਰ ਸ਼ਾਇਦ ਹੁਣ ਇਨਾਂ ਵਰਕਰਾਂ ਦਾ ਜੋਸ਼ ਦੋ ਸਾਲ ਪਹਿਲਾਂ ਵਾਂਗ ਨਹੀਂ ਹੈ। ਇਸ ਦਾ ਪਹਿਲਾ ਕਾਰਨ ਹੈ ਕਿ ਜਿਹੜੇ ਉਮੀਦਵਾਰਾਂ ਲਈ ਇਨਾਂ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕੀਤਾ, ਵੋਟਾਂ ਮੰਗੀਆਂ ਉਨਾਂ ਦੇ ਵਿਧਾਇਕ ਬਣਨ ਤੋਂ ਬਾਅਦ ਪੈਦਾ ਹੋਇਆ ਸਿਆਸੀ ਖਲਾਅ, ਜੋ ਮੁੱਖ ਤੌਰ ‘ਤੇ ਉਸ ਸਮੇਂ ਵਧਿਆ ਜਦੋਂ ਇਨ੍ਹਾਂ ਵਰਕਰਾਂ ਦੇ ਉਹ ਕੰਮ ਨਾ ਹੋਏ, ਜਿਨਾਂ ਨੂੰ ਲੈਕੇ ਵਰਕਰ ਸਬੰਧਿਤ ਵਿਧਾਇਕਾਂ ਨੂੰ ਵਾਰ-ਵਾਰ ਮਿਲਦੇ ਤਾਂ ਰਹੇ, ਪਰ ਹੱਥ ਲੱਗਦੀ ਰਹੀ ਤਾਂ ਮਹਿਜ਼ ਨਿਰਾਸ਼ਾ।

ਇਸ ਦਾ ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਹੁਣ ਇਹ ਵਰਕਰ ਜਨਤਾ ਵਿਚਕਾਰ ਜਾਣ ਤੋਂ ਵੀ ਕੰਨੀ ਕਤਰਾ ਰਹੇ ਹਨ, ਕਿਉਂਕਿ “ਯੇ ਜੋ ਪਬਲਿਕ ਹੈ, ਯੇ ਸਭ ਜਾਣਤੀ ਹੈ” ਦੀ ਫਿਲਾਸਫੀ ਇਹਨਾਂ ਵਰਕਰਾਂ ‘ਤੇ ਭਾਰੀ ਪੈਂਦੀ ਦਿਖਣ ਲੱਗਦੀ ਹੈ ਅਤੇ ਜਨਤਾ ਇਨਾਂ ਵਰਕਰਾਂ ਨੂੰ ਉਨਾਂ ਦੇ ਉਹ ਵਾਅਦੇ ਚੇਤੇ ਕਰਵਾਉਂਦੀ ਹੈ ਜੋ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਸਨ ਅਤੇ ਭਰੋਸਾ ਜਤਾਇਆ ਗਿਆ ਸੀ ਕਿ ਉਨਾਂ ਦੇ ਸਾਰੇ ਕੰਮ ਇੱਕ ਵਾਰ ਦੇ ਕਹਿਣ ‘ਤੇ ਹੋਣਗੇ, ਪਰ ਹਕੀਕਤ ਵਿੱਚ ਅਜਿਹਾ ਕੁਝ ਵੀ ਨਾ ਹੋ ਪਾਇਆ। ਜੇਕਰ ਕਾਂਗਰਸੀ ਵਰਕਰਾਂ  ਦੀ ਮੰਨੀਏ ਤਾਂ ਉਨਾਂ ਦਾ ਸਾਫ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।

Lok sabha elections 2019 punjab congress
Punjab Congress

ਦੱਬੀ ਅਵਾਜ਼ ‘ਚ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਰਟੀ ਸੱਤਾ ਵਿੱਚ ਤਾਂ ਜ਼ਰੂਰ ਆਈ ਪਰ ਵਰਕਰਾਂ ਦੀ ਸੁਣਵਾਈ ਕਿਤੇ ਨਹੀਂ ਹੋਈ। ਵਰਕਰ ਅੱਜ ਵੀ ਇਸੇ ਭੰਬਲਭਬੂਸੇ ਵਿੱਚ ਨੇ, ਕਿ  ਜੋ ਉਮੀਦਵਾਰ ਅਸੀਂ 2017 ਵਿੱਚ ਜਿਤਾ ਕੇ ਭੇਜੇ ਸਨ, ਉਹ ਸਾਡੇ ਕਦੇ ਸੀ ਵੀ ਜਾਂ ਨਹੀਂ। ਇਹ ਸਥਿਤੀ ਇਸ ਲਈ ਬਣੀ ਕਿਉਂਕਿ ਜਿੰਨ੍ਹਾਂ ਨੂੰ ਵਿਧਾਇਕਾਂ ਦੀਆਂ ਕੁਰਸੀਆਂ ਮਿਲੀਆਂ, ਉਹਨਾਂ ਨੂੰ ਤਾਂ ਖੁਦ ਮੁੱਖ ਮੰਤਰੀ ਨਾਲ ਮਹਿਜ਼ ਮੁਲਾਕਾਤ ਲਈ ਸੀ.ਐੱਮ ਹਾਊਸ ਵਿੱਚ ਬੈਠੀ ਵੱਡੀ ਟੀਮ ਦੇ ਤਰਲੇ ਕਰਨੇ ਪੈਂਦੇ ਹਨ। ਹਰ ਵਿਭਾਗ, ਹਰ ਵਿਧਾਇਕ ਦੀ ਸਿੱਧੀ ਰਿਪੋਰਟ ਸੀਐੱਮ ਹਾਊਸ ਨੂੰ ਹੈ, ਜਿਸ ਨੂੰ ਲੈਕੇ ਕਾਂਗਰਸੀ ਵਿਧਾਇਕਾਂ ਦਾ ਕਈ ਵਾਰ ਦਰਦ ਵੀ ਛਲਕ ਚੁੱਕਾ ਹੈ।

ਕਈ ਵਿਧਾਇਕ ਜ਼ਿਲਾ ਪੱਧਰੀ ਅਧਿਕਾਰੀਆਂ ਦੀ ਬਦਲੀ ਚਾਹੁੰਦੇ ਸਨ ਅਤੇ ਕਈ ਵਿਧਾਇਕ ਆਪਣੀ ਇੱਛਾ ਅਨੁਸਾਰ ਨਿਯੁਕਤੀ ਪਰ ਮਾਮਲਾ ਉਥੇ ਦਾ ਉਥੇ ਹੀ ਲਟਕ ਕੇ ਰਹਿ ਗਿਆ।

ਪਰ, ਹੁਣ ਇੱਕ ਵਾਰ ਫਿਰ ਵੋਟਾਂ ਵਾਲਾ ਮੈਦਾਨ ਸਰਗਰਮ ਹੈ, ਖਿਡਾਰੀ ਵੀ ਮੈਦਾਨ ਵਿੱਚ ਬੜਕਾਂ ਮਾਰ ਰਹੇ ਹਨ। ਪਰ ਇਨਾਂ ਬੜਕਾਂ ‘ਤੇ ਵਾਹੋ ਵਾਹੀ ਕਰਨ ਵਾਲੇ ਸਮਰਥਕ ਚੁੱਪ ਅਤੇ ਦੁਬਿਧਾ ਵਿੱਚ ਜਾਪਦੇ ਦਿਖਾਈ ਦਿੰਦੇ ਹਨ ਤੇ ਇਸ ਦੁਬਿਧਾ ਦੇ ਕਿਤੇ ਨਾ ਕਿਤੇ ਸੱਤਾਧਿਰ ਨੂੰ ਭਾਰੀ ਪੈਣ ਦੇ ਆਸਾਰ ਵੀ ਹਨ, ਜਿਸਦਾ ਅੰਜਾਮ ਯਕੀਨਨ ਪਾਰਟੀ ਦੇ ਹੱਕ ‘ਚ ਹੁੰਦਾ ਤਾਂ ਦਿਖਾਈ ਨਹੀਂ ਦਿੰਦਾ।

ਹੁਣ, ਦੇਖਣਾ ਇਹ ਹੋਵੇਗਾ ਕਿ ਵਰਕਰਾਂ ਨੂੰ “ਮਹਿਜ਼ ਵਰਕਰ” ਜਾਣਨ ਦੀ ਇਸ ਗਲਤੀ ਦਾ ਸੱਤਾਧਿਰ ਨੂੰ ਕੀ ਖਾਮਿਆਜ਼ਾ ਭੁਗਤਣਾ ਪੈਂਦਾ ਹੈ?

– ਰਮਨਦੀਪ ਕੁਮਾਰ