ਕੋਰੋਨਾਵਾਇਰਸ ਦੇ ਚਲਦੇ ਵੱਡੀ ਲਾਪਰਵਾਹੀ , ਪੰਜਾਬ ਸਰਕਾਰ ਨੇ ‘ਯੂਨੀਵਰਸਿਟੀ’ ਨੂੰ ਜਾਰੀ ਕੀਤਾ ਨੋਟਿਸ

https://www.ptcnews.tv/wp-content/uploads/2020/04/WhatsApp-Image-2020-04-17-at-1.37.34-PM.jpeg

ਚੰਡੀਗੜ੍ਹ:- ਕੋਰੋਨਾਵਾਇਰਸ ਦੇ ਚਲਦੇ ਵੱਡੀ ਲਾਪਰਵਾਹੀ , ਪੰਜਾਬ ਸਰਕਾਰ ਨੇ ‘ਯੂਨੀਵਰਸਿਟੀ’ ਨੂੰ ਜਾਰੀ ਕੀਤਾ ਨੋਟਿਸ: ਜਿੱਥੇ ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਚਲਦੇ ਸਖ਼ਤੀ ਵਰਤ ਰਹੀ ਹੈ ਅਤੇ ਇਸਤੋਂ ਬਚਾਅ ਵਾਸਤੇ ਹਦਾਇਤਾਂ ਜਾਰੀ ਕਰ ਰਹੀ ਹੈ ਕਿ ਉੱਥੇ ਇੱਕ ਸਿੱਖਿਆ ਅਦਾਰੇ ਵਲੋਂ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ । ਪੰਜਾਬ ਸਰਕਾਰ ਵਲੋਂ ਤਾਲਾਬੰਦੀ ਦੌਰਾਨ “ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ” ਵਲੋਂ ਆਪਣੇ ਅਦਾਰੇ ਵਿੱਚ ਵਿਦਿਆਰਥੀ ਰੱਖਣ ਦੇ ਮਾਮਲੇ ਵਿੱਚ ਜਵਾਬ-ਤਲਬੀ ਕੀਤੀ ਗਈ ਹੈ ਅਤੇ ਸਰਕਾਰ ਦੁਆਰਾ ਇਸ ਸਬੰਧੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਦੱਸ ਦੇਈਏ ਕਿ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਨੋਟਿਸ ਜਾਰੀ ਕਰਨ ਦੀ ਪੀ.ਟੀ.ਸੀ ਕੋਲ ਪੁਸ਼ਟੀ ਕੀਤੀ ਹੈ। ਰਾਹੁਲ ਭੰਡਾਰੀ ਨੇ ਪੀ ਟੀ ਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ 13 ਮਾਰਚ ਨੂੰ ਸਾਰੇ ਵਿੱਦਿਅਕ- ਅਦਾਰੇ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਇਸਦੇ ਬਾਵਜੂਦ ਵੀ ਯੂਨੀਵਰਸਿਟੀ ਵੱਲੋਂ ਆਪਣੇ ਹੋਸਟਲ ‘ਚ 2800 ਵਿਦਿਆਰਥੀਆਂ ਅਤੇ 400 ਹੋਰ ਸਟਾਫ਼ ਨੂੰ ਰੱਖਣ ਦੀ ਘੋਰ ਕੁਤਾਹੀ ਕੀਤੀ ਗਈ ਹੈ , ਇੱਥੋਂ ਤੱਕ ਕਿ ਇਸਦੀ ਜਾਣਕਾਰੀ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਨਹੀਂ ਦਿੱਤੀ ਗਈ।

ਗ਼ੌਰਤਲਬ ਹੈ ਕਿ ਯੂਨੀਵਰਸਿਟੀ ਵਲੋਂ ਹੋਸਟਲ ‘ਚ ਰੱਖੇ 2800 ਵਿਦਿਆਰਥੀਆਂ ਵਿੱਚੋਂ ਕੇਵਲ 300 ਵਿਦਿਆਰਥੀ ਵਿਦੇਸ਼ੀ ਸਨ । ਉਕਤ ਨੋਟਿਸ ‘ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਆਦੇਸ਼ ਦੀ ਉਲੰਘਣਾ ਕਰਨ ਦੀ ਇਸ ਕੁਤਾਹੀ ਕਾਰਨ ਕਿਹਾ ਗਿਆ ਹੈ ਕਿ ਕਿਉਂ ਨਾ ਯੂਨੀਵਰਸਿਟੀ ਦੀ ਐਨਓਸੀ ਰੱਦ ਕਰ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੂੰ ਭੇਜੇ ਇਸ ਨੋਟਿਸ ਸਬੰਧੀ ਵਿਭਾਗ ਦੇ ਮੰਤਰੀ ਤ੍ਰਿਪਤ ਬਾਜਵਾ ਨੂੰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ । ਦੱਸ ਦੇਈਏ ਕਿ ਪਿਛਲੇ ਦਿਨੀਂ ਬਕਾਇਦਾ ਪ੍ਰਧਾਨ ਮੰਤਰੀ ਵਲੋਂ ਸਾਰੇ ਭਾਰਤ ਨੂੰ ਲੌਕਡਾਊਨ ਦੌਰਾਨ ਘਰੇ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਬਾਰੇ ਹਦਾਇਤ ਦਿੱਤੀ ਗਈ ਸੀ , ਇਸਦੇ ਬਾਵਜੂਦ ਲਵਲੀ ਯੂਨੀਵਰਸਿਟੀ ਵਲੋਂ ਐਨੀ ਵੱਡੀ ਲਾਪਰਵਾਹੀ ਕੀਤੀ ਜਾਣੀ ਚਿੰਤਾ ਦਾ ਵਿਸ਼ਾ ਹੈ ।

ਪਿਛਲੇ ਦਿਨੀਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੀ ਇਕ ਵਿਦਿਆਰਥਣ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ, ਜਿਸਦੇ ਚਲਦੇ ਯੂਨੀਵਰਸਿਟੀ ਨੂੰ ਸੀਲ ਕੀਤਾ ਗਿਆ ਸੀ । ਇਸ ਘਟਨਾ ਉਪਰੰਤ ਲਵਲੀ ਯੂਨੀਵਰਸਿਟੀ ਵੱਲੋਂ ਅਜਿਹੀ ਕੁਤਾਹੀ ਵਰਤੇ ਜਾਣ ‘ਤੇ ਸਰਕਾਰ ਨੇ ਕਾਰਨ-ਦੱਸੋ ਸਖ਼ਤ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ, ਫਿਲਹਾਲ ਦੇਖਦੇ ਹਾਂ ਕਿ ਯੂਨੀਵਰਸਿਟੀ ਇਸ ‘ਤੇ ਆਪਣੀ ਕੀ ਪ੍ਰਤੀਕਿਰਿਆ ਜ਼ਾਹਰ ਕਰਦੀ ਹੈ ।