ਲੁਧਿਆਣਾ 'ਚ 3 ਸ਼ੱਕੀ ਔਰਤਾਂ ਦੀ ਇਲਾਜ ਦੌਰਾਨ ਮੌਤ, ਸਿਹਤ ਵਿਭਾਗ 'ਚ ਮਚਿਆ ਹੜਕੰਪ

By Shanker Badra - April 09, 2020 12:04 pm

ਲੁਧਿਆਣਾ 'ਚ 3 ਸ਼ੱਕੀ ਔਰਤਾਂ ਦੀ ਇਲਾਜ ਦੌਰਾਨ ਮੌਤ, ਸਿਹਤ ਵਿਭਾਗ 'ਚ ਮਚਿਆ ਹੜਕੰਪ:ਲੁਧਿਆਣਾ : ਲੁਧਿਆਣਾ 'ਚ ਤਿੰਨ ਸ਼ੱਕੀ ਔਰਤਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਤਿੰਨੋਂ ਔਰਤਾਂ ਦੀ ਮੌਤ ਹੋਣ ਤੋਂ ਬਾਅਦ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ ਅਤੇ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਕ ਮੈਂਬਰਾਂ ਨੂੰ ਫਿਲਹਾਲ ਨਹੀਂ ਸੌਂਪੀਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕੇ ਇਨ੍ਹਾਂ ਤਿੰਨੇ ਔਰਤਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਹੈ।

ਓਥੇ ਟਿੱਬਾ ਰੋਡ 'ਤੇ ਰਹਿਣ ਵਾਲੀ 65 ਸਾਲਾ ਔਰਤ ਬੀਤੇ ਇਕ ਮਹੀਨੇ ਤੋਂ ਖਾਂਸੀ ਤੋਂ ਪੀੜਤ ਸੀ, ਜਿਸ ਕਰਕੇ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਔਰਤ ਨੂੰ ਕਫ, ਖਾਂਸੀ ਤੇ ਸਾਹ ਲੈਣ ਵਿਚ ਤਕਲੀਫ ਸੀ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਲਿਆ ਤੇ ਉਸਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਜਾਣਕਾਰੀ ਮੁਤਾਬਕ ਔਰਤ ਨੂੰ ਬੁੱਧਵਾਰ ਸਵੇਰੇ ਕਾਰਡਿਕ ਅਰੈਸਟ ਹੋਇਆ ਤੇ ਉਸਨੇ ਦਮ ਤੋੜ ਦਿੱਤਾ।

ਇਸੇ ਤਰ੍ਹਾਂ ਬਾਵਾ ਕਾਲੋਨੀ ਦੀ ਰਹਿਣ ਵਾਲੀ 65 ਸਾਲਾ ਔਰਤ ਨੂੰ ਬੁੱਧਵਾਰ ਦੁਪਹਿਰ ਸਮੇਂ ਸਿਵਲ ਹਸਪਤਾਲ 'ਚਭਰਤੀ ਕਰਵਾਇਆ ਗਿਆ ਸੀ। ਔਰਤ ਦੇ ਸ਼ਰੀਰ ਵਿਚ ਆਕਸੀਜ਼ਨ ਦਾ ਲੈਵਲ 44 ਫੀਸਦੀ ਸੀ। ਜਦਕਿ ਬੀਪੀ ਤੇ ਪਲਸ ਰੇਟ ਰਿਕਾਰਡ ਹੀ ਨਹੀਂ ਹੋ ਰਹੀ ਸੀ। ਔਰਤ ਦੇ ਪੁੱਤਰ ਨੇ ਦੱਸਿਆ ਕਿ ਉਸਨੂੰ ਪੰਜ ਦਿਨ ਤੋਂ ਕਫ ਤੇ ਤਿੰਨ ਦਿਨ ਤੋਂ ਸਾਹ ਲੈਣ ਵਿਚ ਤਕਲੀਫ ਸੀ। ਇਸ ਵਿਚਕਾਰ ਐਮਰਜੰਸੀ ਸਟਾਫ ਵਲੋਂ ਔਰਤ ਦੇ ਸੈਂਪਲ ਜਾਂਚ ਲਈ ਲਏ ਗਏ ਹਨ।

ਤੀਜੀ ਔਰਤ ਬਰਨਾਲਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ, ਜੋ ਕਿ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਦਾਖਲ ਸੀ। ਬਰਨਾਲਾ ਤੋਂ ਇਲਾਜ ਲਈ 55 ਸਾਲਾ ਸ਼ੱਕੀ ਔਰਤ ਨੂੰ 6 ਅਪ੍ਰੈਲ ਨੂੰ ਸਾਹ ਫੁੱਲਣ ਤੇ ਛਾਤੀ ਵਿਚ ਦਰਦ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਵਲੋਂ 7 ਅਪ੍ਰੈਲ ਨੂੰ ਸਵੇਰੇ ਉਸਦੇ ਸੈਂਪਲ ਜਾਂਚ ਲਈ ਲਏ ਗਏ ਸਨ ਪਰ ਇਸ ਤੋਂ ਪਹਿਲਾਂ ਕਿ ਰਿਪੋਰਟ ਆਉਂਦੀ, ਔਰਤ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਔਰਤਾਂ ਦੇ ਕੋਰੋਨਾ ਸੈਂਪਲ ਵੀ ਲੈ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਨੇ ਫ਼ਿਲਹਾਲ ਔਰਤਾਂ ਦੀ ਮੌਤ ਦਾ ਕਾਰਨ ਕੋਰੋਨਾ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਪੁਸ਼ਟੀ ਹੋਵੇਗੀ ਕਿ ਔਰਤਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਜਾਂ ਕਿਸੇ ਹੋਰ ਬੀਮਾਰੀ ਨਾਲ। ਇਨ੍ਹਾਂ ਔਰਤਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
-PTCNews

adv-img
adv-img