ਪੰਜਾਬ

ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ, 4 SHO ਤੇ 6 ਮੁਨਸ਼ੀ ਲਾਈਨ ਹਾਜ਼ਰ

By Riya Bawa -- August 17, 2022 11:05 am -- Updated:August 17, 2022 12:02 pm

ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ (Ludhiana CP Kaustubh Sharma) ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਜ਼ਾਦੀ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ 4 SHO ਅਤੇ 6 ਮੁਨਸ਼ੀ ਜ਼ਿਲ੍ਹਾ ਪੁਲਿਸ ਨੇ ਲਾਈਨ ਹਾਜ਼ਰ ਕਰ ਦਿੱਤੇ ਹਨ। ਲਾਈਨ ਹਾਜ਼ਰ ਦਿਖਾਉਣ ਦਾ ਮੁੱਖ ਕਾਰਨ ਆਜ਼ਾਦੀ ਦਿਵਸ ਮੌਕੇ ਆਪਣੇ ਥਾਣਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਨ੍ਹਾਂ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਹੈ।

ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ, 4 SHO ਤੇ 6 ਮੁਨਸ਼ੀ ਲਾਈਨ ਹਾਜ਼ਰ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮ ਸਨ ਕਿ ਸ਼ਹਿਰ ਦੇ ਹਰ ਕੋਨੇ ਵਿੱਚ ਨਾਕਾਬੰਦੀ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਕਮਿਸ਼ਨਰ ਸ਼ਰਮਾ ਨੇ ਖ਼ੁਦ ਥਾਣਾ ਇੰਚਾਰਜਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਜੇਕਰ 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ਵਿੱਚ ਆਉਂਦੇ ਹਨ ਤਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਹਰ ਸਟੇਸ਼ਨ ਇੰਚਾਰਜ ਵੱਲੋਂ ਆਪਣੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨੀ ਚਾਹੀਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਆਪਣੀ ਡਿਊਟੀ ਨਿਭਾਉਣ ਵਿੱਚ ਲਾਪਰਵਾਹੀ ਵਰਤੀ।

ਇਹ ਵੀ ਪੜ੍ਹੋ : ਰਣਜੀਤ ਸਾਗਰ ਡੈਮ ਦੇ ਅੱਜ ਖੋਲ੍ਹੇ ਜਾਣਗੇ ਫਲੱਡ ਗੇਟ, ਲੋਕਾਂ ਨੂੰ ਹਦਾਇਤਾਂ ਜਾਰੀ

14 ਅਗਸਤ ਦੀ ਰਾਤ ਨੂੰ ਥਾਣਾ ਦੁੱਗਰੀ ਦੀ ਐੱਸਐੱਚਓ ਮਨਜੀਤ ਕੌਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਇਲਾਕੇ 'ਚ ਨਾਕਾਬੰਦੀ ਬਾਰੇ ਪੁੱਛਿਆ ਤਾਂ ਜਵਾਬ 'ਚ ਕਿਹਾ ਗਿਆ ਕਿ ਇਲਾਕੇ 'ਚ ਨਾਕਾਬੰਦੀ ਨਹੀਂ ਕੀਤੀ ਗਈ, ਕਿਉਂਕਿ ਸਟੇਡੀਅਮ 'ਚ ਫੋਰਸ ਭੇਜੀ ਗਈ ਹੈ। ਐੱਸ.ਐੱਚ.ਓ ਨੇ ਇਲਾਕੇ ਦੀ ਨਾਕਾਬੰਦੀ ਨਾ ਹੋਣ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਵੀ ਨਹੀਂ ਕੀਤਾ। ਸਰਾਭਾ ਨਗਰ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਵੀ ਨਾਕਾਬੰਦੀ ਨਾ ਲਗਾਉਣ ਕਰਕੇ ਲਾਈਨ ਹਾਜ਼ਰ ਹੋਏ।

ਦੱਸ ਦੇਈਏ ਕਿ ਜਦੋਂ ਪੁਲਿਸ ਕਮਿਸ਼ਨਰ ਨੇ 14 ਅਗਸਤ ਨੂੰ ਦੁਪਹਿਰ 2 ਵਜੇ ਪਿੰਡ ਝਾਂਡੇ ਨੇੜੇ ਇਲਾਕੇ ਦਾ ਦੌਰਾ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਸੀਆਰਪੀਐਫ ਦੇ ਕੁਝ ਜਵਾਨ ਡਿਊਟੀ ਕਰਨ ਦੀ ਬਜਾਏ ਸੁੱਤੇ ਪਏ ਸਨ। ਇਹ ਦੇਖ ਕੇ ਗੁੱਸੇ ਵਿੱਚ ਆਏ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਡਿਊਟੀ 'ਤੇ ਤਾਇਨਾਤ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਸੀਆਰਪੀਐਫ ਦੇ ਜਵਾਨਾਂ ਨੇ ਜਵਾਬ ਦਿੱਤਾ ਕਿ ਪੁਲਿਸ ਜਾਂ ਇਲਾਕੇ ਦੇ ਥਾਣੇ ਦਾ ਐਸਐਚਓ ਉਨ੍ਹਾਂ ਕੋਲ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੇ ਨਾਕਾਬੰਦੀ ਕਰਨ ਲਈ ਕੋਈ ਫੋਰਸ ਭੇਜੀ ਹੈ।

ਕਮਿਸ਼ਨਰ ਨੇ ਇਸ ਮਾਮਲੇ ਸਬੰਧੀ ਸੀਆਰਪੀਐਫ (CRPF) ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਜਦਕਿ ਥਾਣਾ ਸਰਾਭਾ ਨਗਰ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੀਏਯੂ ਥਾਣੇ ਦੇ ਐਸਐਚਓ ਸਤਪਾਲ ਨੇ ਵੀ 14 ਅਗਸਤ ਦੀ ਰਾਤ ਨੂੰ ਕੋਈ ਨਾਕਾਬੰਦੀ ਨਹੀਂ ਕੀਤੀ ਤਾਂ ਕਮਿਸ਼ਨਰ ਸ਼ਰਮਾ ਨੇ ਉਨ੍ਹਾਂ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ। ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਕਮਲਜੀਤ ਸਿੰਘ ਦਾ ਮਾਮਲਾ ਵੱਖਰਾ ਹੈ। ਪੁਲਿਸ ਕਮਿਸ਼ਨਰ ਨੂੰ ਉਸਦੇ ਖਿਲਾਫ ਕਈ ਸ਼ਿਕਾਇਤਾਂ ਮਿਲੀਆਂ ਸਨ। ਕਮਲਜੀਤ ਲੋਕਾਂ ਨਾਲ ਨਰਮੀ ਨਾਲ ਗੱਲ ਨਹੀਂ ਕਰਦਾ। ਇਸ ਦੇ ਨਾਲ ਹੀ ਇਲਾਕੇ ਵਿੱਚ ਐਸਐਚਓ ਦੀ ਕਾਰਜਸ਼ੈਲੀ ਵੀ ਢਿੱਲੀ ਸੀ, ਜਿਸ ਕਾਰਨ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।

(ਨਵੀਨ ਸ਼ਰਮਾ ਦੀ ਰਿਪੋਰਟ )

-PTC News

  • Share