ਲੁਧਿਆਣਾ: ‘ਰੰਧਾਵਾ ਖ਼ਿਲਾਫ ਮਾਮਲਾ ਦਰਜ ਕਰਕੇ ਮੰਤਰੀ ਅਹੁਦੇ ਤੋਂ ਕੀਤਾ ਜਾਵੇ ਬਰਖ਼ਾਸਤ’: ਸ਼੍ਰੋਮਣੀ ਅਕਾਲੀ ਦਲ

SAD

ਲੁਧਿਆਣਾ: ‘ਰੰਧਾਵਾ ਖ਼ਿਲਾਫ ਮਾਮਲਾ ਦਰਜ ਕਰਕੇ ਮੰਤਰੀ ਅਹੁਦੇ ਤੋਂ ਕੀਤਾ ਜਾਵੇ ਬਰਖ਼ਾਸਤ’: ਸ਼੍ਰੋਮਣੀ ਅਕਾਲੀ ਦਲ,ਲੁਧਿਆਣਾ: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਉਂਦਿਆਂ ਉਹਨਾਂ ਦੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ‘ਚ ਪ੍ਰੈਸ ਕਾਨਫਰੰਸ ਕਰ ਸੁੱਖੀ ਰੰਧਾਵਾ ਦੀ ਵਾਇਰਲ ਹੋਈ ਵੀਡੀਓ ਦਾ ਮੁੱਦਾ ਚੁੱਕਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਸੁੱਖੀ ਰੰਧਾਵਾ ਨੂੰ ਘੇਰਿਆ। ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਖੀ ਖ਼ਿਲਾਫ ਬੋਲਣਾ ਸੁਖਜਿੰਦਰ ਰੰਧਾਵਾ ਦੀ ਪੁਰਾਣੀ ਆਦਤ ਹੈ।

ਕੁਝ ਸਮਾਂ ਪਹਿਲਾਂ ਸੁੱਖੀ ਨੇ ‘ਸਿੱਖੀ ‘ਤੇ ਜ਼ੁਲਮ ਢਾਹੁਣ ਵਾਲੇ ਔਰੰਗਜ਼ੇਬ ਨੂੰ ‘ਸਾਹਿਬ’ ਕਹਿ ਕੇ ਸੰਬੋਧਿਤ’ ਕੀਤਾ ਸੀ ਤੇ ਇੱਕ ਵਾਰ ਉਸ ਨੇ ਸਿੱਖਾਂ ਦੀਆਂ ਭਾਵਨਾਵਾਂ ਨਣੁ ਠੇਸ ਪਹੁੰਚਾਈ ਹੈ। ਅੱਗੇ ਉਹਨਾਂ ਕਿਹਾ ਕਿ ਸੁੱਖੀ ਰੰਧਾਵਾ ਦੇ ਪਿਓ ਸੰਤੋਖ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦਾ ਸਮਰਥਨ ਕੀਤਾ ਸੀ।

ਮਜੀਠੀਆ ਨੇ ਕਿਹਾ ਕਿ ਸੁੱਖੀ ਰੰਧਾਵਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਅਕਾਲੀ ਦਲ ਲੋਕਾਂ ਦੇ ਨਾਲ ਖੜ੍ਹੇਗਾ। ਉਥੇ ਹੀ ਡਾ. ਦਲਜੀਤ ਸਿੰਘ ਚੀਮਾ ਵੀ ਸੁੱਖੀ ਰੰਧਾਵਾ ‘ਤੇ ਰੱਜ ਕੇ ਵਰ੍ਹੇ। ਉਹਨਾਂ ਕਿਹਾ ਕਿ ਰੰਧਾਵਾ ਵੱਲੋਂ ਗੁਰੂ ਨਾਨਕ ਦੇਵ ਜੀ ਲਈ ਵਰਤੀ ਸ਼ਬਦਾਵਲੀ ਅਸਹਿਣਯੋਗ ਹੈ ਤੇ ਮੁੱਖ ਮੰਤਰੀ ਤੁਰੰਤ ਰੰਧਾਵਾ ਖ਼ਿਲਾਫ ਕਰਨ ਸਖ਼ਤ ਕਾਰਵਾਈ ਕਰਨ। ਉਹਨਾਂ ਮੰਗ ਕੀਤੀ ਕਿ ‘ਰੰਧਾਵਾ ਖ਼ਿਲਾਫ ਮਾਮਲਾ ਦਰਜ ਕਰਕੇ ਮੰਤਰੀ ਅਹੁਦੇ ਤੋਂ ਕੀਤਾ ਬਰਖ਼ਾਸਤ’ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ‘ਚ ਉਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਂਦੇ ਦਿਖਾਈ ਦੇ ਰਹੇ ਸਨ, ਇਨ੍ਹਾਂ ਹੀ ਨਹੀਂ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਨਾਲ ਕਰ ਦਿੱਤੀ ਸੀ, ਹਾਲਾਂਕਿ ਪੀਟੀਸੀ ਨਿਊਜ਼ ਵੱਲੋਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ, ਪਰ ਵੀਡੀਓ ਨੂੰ ਦੇਖ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।

-PTC News