ਲੁਧਿਆਣਾ ‘ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 145

Ludhiana reports 4 new cases of coronavirus; district count 145
ਲੁਧਿਆਣਾ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 145

ਲੁਧਿਆਣਾ ‘ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 145:ਲੁਧਿਆਣਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੁਧਿਆਣਾ ‘ਚ ਕੋਰੋਨਾ ਵਾਇਰਸ ਦੇ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਜਿਹੜੇ ਅੱਜ 4 ਨਵੇਂ ਮਰੀਜ਼ ਮਿਲੇ ਹਨ, ਉਨ੍ਹਾਂ ‘ਚ ਰੇਲਵੇ ਕਾਲੋਨੀ ਵਾਸੀ 31 ਸਾਲਾ ਵਿਅਕਤੀ, ਪਿੰਡ ਲਾਲਤੋਂ ਕਲਾਂ ਵਾਸੀ 71 ਸਾਲਾ ਬਜ਼ੁਰਗ, ਭਾਈ ਹਿੰਮਤ ਸਿੰਘ ਨਗਰ ਨੇੜੇ ਦੁਗਰੀ ਵਾਸੀ 50 ਸਾਲਾ ਔਰਤ ਅਤੇ ਅੰਬੇਦਕਰ ਨਗਰ ਵਾਸੀ ਇੱਕ ਵਿਅਕਤੀ ਸ਼ਾਮਲ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

ਡਾ. ਬੱਗਾ ਨੇ ਕਿਹਾ ਕਿ ਤਿੰਨ ਪਾਜ਼ੀਟਿਵ ਮਰੀਜ਼ਾਂ ਦੀਆਂ ਰਿਪੋਰਟਾਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਤੋਂ ਪ੍ਰਾਪਤ ਹੋਈਆਂ ਹਨ, ਜਦਕਿ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਪ੍ਰਾਪਤ ਰਿਪੋਰਟਾਂ ‘ਚ ਇੱਕ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕੇਸਾਂ ‘ਚ ਕੋਈ ਵੀ ਨਾਂਦੇੜ ਸਥਿਤ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂ ਨਹੀਂ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ 5 ਫ਼ੈਕਟਰੀ ਮੁਲਾਜ਼ਮ ਇਕੱਠੇ ਪਾਜ਼ੀਟਿਵ ਪਾਏ ਗਏ ਸਨ। ਇਹ ਸਾਰੇ ਮੁਲਾਜ਼ਮ ਫ਼ੋਕਲ ਪੁਆਇੰਟ ਵਿਖੇ ਇੱਕ ਟਾਇਰ ਫੈਕਟਰੀ ਦੇ ਐਡਮਿਨ ਬਲਾਕ ‘ਚ ਕੰਮ ਕਰਦੇ ਹਨ। ਹੁਣ ਲੁਧਿਆਣਾ ਜ਼ਿਲ੍ਹੇ ‘ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 145 ਹੋ ਗਈ ਹੈ।
-PTCNews