ਜਦੋਂ ਡੰਡਿਆਂ ਨਾਲ ਸਿਰੇ ਚੜ੍ਹੀ 'ਵਰਮਾਲਾ' ਦੀ ਰਸਮ

By Panesar Harinder - May 04, 2020 5:05 pm

ਨਵੀਂ ਦਿੱਲੀ - ਸਾਰੀ ਦੁਨੀਆ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਅਤੇ ਇਸ ਕਰ ਕੇ ਭਾਰਤ ਵਿੱਚ ਵੀ ਦੇਸ਼-ਵਿਆਪੀ ਲੌਕਡਾਊਨ ਲੱਗਿਆ ਹੋਇਆ ਹੈ। ਸਰਕਾਰਾਂ, ਪ੍ਰਸ਼ਾਸਨ, ਪੁਲਿਸ, ਸਮਾਜ ਸੇਵੀ ਸੰਸਥਾਵਾਂ ਸਭ ਕੋਰੋਨਾ ਤੋਂ ਬਚਣ ਲਈ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਲਈ ਲੋਕਾਂ ਨੂੰ ਪ੍ਰੇਰ ਰਹੇ ਹਨ। ਇਸੇ ਦੌਰਾਨ ਕੋਰੋਨਾ ਤੋਂ ਸਾਵਧਾਨੀਆਂ ਨਾਲ ਹੀ ਜੁੜੀ 'ਸਾਵਧਾਨੀਆਂ ਭਰਪੂਰ ਵਿਆਹ' ਦੀ ਇੱਕ ਖ਼ਬਰ ਸਾਹਮਣੇ ਆਈ ਹੈ।

ਦਰਅਸਲ ਲੌਕਡਾਊਨ ਵਿਚਕਾਰ ਹੋਏ ਇਸ ਅਨੋਖੇ ਵਿਆਹ ਦੀ ਖ਼ਬਰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਤੋਂ ਆਈ ਹੈ ਜਿਸ ਵਿੱਚ ਲਾੜੀ ਨੇ ਆਪਣੇ ਲਾੜੇ ਨੂੰ ਲੱਕੜੀ ਦੇ ਡੰਡਿਆਂ ਦੀ ਮਦਦ ਨਾਲ ਵਰਮਾਲਾ ਪਾਈ ਅਤੇ ਲਾੜੇ ਨੇ ਵੀ ਇਸੇ ਸਾਵਧਾਨੀ ਨਾਲ ਇਸ ਰਸਮ ਨੂੰ ਪੂਰਾ ਕੀਤਾ।

ਲੌਕਡਾਊਨ ਦਾ ਇਹ ਇੱਕ ਸਕਾਰਾਤਮਕ ਪੱਖ ਕਿਹਾ ਜਾ ਸਕਦਾ ਹੈ ਕਿ ਕਰਜ਼ੇ ਚੁੱਕ-ਚੁੱਕ ਕੇ ਹੋਣ ਵਾਲੇ ਧੂਮ ਧਾਮ ਵਾਲੇ ਵਿਆਹਾਂ ਦੀ ਥਾਂ ਹੁਣ ਸੀਮਿਤ ਖ਼ਰਚੇ ਅਤੇ ਸੀਮਿਤ ਲੋਕਾਂ ਦੀ ਹਾਜ਼ਰੀ ਵਿੱਚ ਹੋਣ ਵਾਲੇ ਸਾਡੇ ਵਿਆਹਾਂ ਨੇ ਲੈ ਲਈ ਹੈ। ਇਨ੍ਹਾਂ ਵਿਆਹਾਂ ਵਿੱਚ ਕੋਰੋਨਾ ਵਿਰੁੱਧ ਬਚਾਅ ਵਜੋਂ 'ਸੋਸ਼ਲ ਡਿਸਟੈਂਸਿੰਗ' ਭਾਵ ਸਮਾਜਕ ਦੂਰੀਆਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਧਾਰ ਜ਼ਿਲ੍ਹੇ ਦੇ ਕੂਕਸ਼ੀ ਵਿਧਾਨ ਸਭਾ ਦੇ ਪਿੰਡ ਟੇਕੀ ਵਿੱਚ ਇਹ ਵਿਆਹ ਸ਼ਨੀਵਾਰ ਨੂੰ ਹੋਇਆ ਹੈ। ਜਿਸ ਦੀ ਵੀਡੀਓ ਵਿਆਹ ਦੀ ਸ਼ਾਮ ਨੂੰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ।

ਵਿਆਹ ਵਿੱਚ ਵਰਮਾਲਾ ਦੀ ਰਸਮ ਵੇਲੇ ਲਾੜੀ ਭਾਰਤੀ ਨੇ ਲਾੜੇ ਰਾਜੇਸ਼ ਨੂੰ ਲੱਕੜ ਦੇ ਡੰਡਿਆਂ ਦੀ ਸਹਾਇਤਾ ਨਾਲ ਵਰਮਾਲਾ ਪਹਿਨਾਈ, ਜਦੋਂ ਕਿ ਲਾੜੇ ਨੇ ਵੀ ਅਜਿਹਾ ਹੀ ਕੀਤਾ। ਵਿਆਹ ਪਿੰਡ ਦੇ ਹਨੂੰਮਾਨ ਮੰਦਰ ਵਿੱਚ ਹੋਇਆ ਜਿਸ 'ਚ ਲਾੜੀ ਭਾਰਤੀ ਮੰਡਲੋਈ ਨੇ ਵੈਟਰਨਰੀ ਡਾਕਟਰ ਰਾਜੇਸ਼ ਨਿਗਮ ਦੇ ਨਾਲ ਵਿਆਹ ਕਰਦੇ ਸਮੇਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੀ ਮਿਸਾਲ ਕੀਤੀ। ਲਾੜੀ ਭਾਰਤੀ ਮੰਡਲੋਈ ਦੇ ਪਿਤਾ, ਜਗਦੀਸ਼ ਮੰਡਲੋਈ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਅਸੀਂ ਮੰਦਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਅਤੇ ਉਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਵਿਆਹ ਵਿੱਚ ਹਾਜ਼ਰ ਬਾਕੀ ਲੋਕਾਂ ਵੱਲੋਂ ਵੀ ਕੋਰੋਨਾ ਨੂੰ ਲੈ ਕੇ ਸਮਾਜਿਕ ਦੂਰੀਆਂ ਤੇ ਹੋਰ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।

ਵਿਆਹ ਵਰਗੇ ਨਾਜ਼ੁਕ ਸਮੇਂ ਦੌਰਾਨ ਵੀ ਸਮਾਜਿਕ ਦੂਰੀਆਂ ਨੂੰ ਬਰਕਰਾਰ ਰੱਖੇ ਜਾਣ ਦਾ ਇਹ ਮਾਮਲਾ ਲੋਕਾਂ ਲਈ ਚਰਚਾ ਤੇ ਪ੍ਰੇਰਨਾ ਦਾ ਵਿਸ਼ਾ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲੇ, ਇਸ ਦੇ ਪ੍ਰਕੋਪ ਅਤੇ ਦੇਸ਼-ਵਿਆਪੀ ਲੌਕਡਾਊਨ ਨੂੰ ਲੰਮਾ ਹੁੰਦਾ ਦੇਖ, ਲੋੜ ਹੈ ਕਿ ਅਜਿਹੇ ਮੌਕਿਆਂ ਤੋਂ ਪ੍ਰੇਰਨਾ ਲੈ ਕੇ ਲੋਕ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਕਿਉਂ ਕਿ ਆਪਣਾ ਅਤੇ ਦੂਜਿਆਂ ਦਾ ਬਚਾਅ ਇਸੇ ਤਰੀਕੇ ਹੀ ਸੰਭਵ ਹੈ।

adv-img
adv-img