ਮਨਜਿੰਦਰ ਸਿੰਘ ਸਿਰਸਾ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੱਖੀ ਰੰਧਾਵਾ ਖ਼ਿਲਾਫ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਪਮਾਨ ਕਰਨ ਲਈ ਸਖ਼ਤ ਕਾਰਵਾਈ ਕਰਨ ਦੀ ਅਪੀਲ

Manjinder Singh Sirsa

ਮਨਜਿੰਦਰ ਸਿੰਘ ਸਿਰਸਾ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੱਖੀ ਰੰਧਾਵਾ ਖ਼ਿਲਾਫ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਪਮਾਨ ਕਰਨ ਲਈ ਸਖ਼ਤ ਕਾਰਵਾਈ ਕਰਨ ਦੀ ਅਪੀਲ

ਕਿਹਾ ਕਿ ਸਿੱਖ ਧਰਮ ਉੱਤੇ ਹਮਲੇ ਕਰਕੇ ਕਾਂਗਰਸੀ ਆਗੂ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ

ਚੰਡੀਗੜ੍ਹ:ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਉਂਦਿਆਂ ਉਹਨਾਂ ਦੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ਦੇ ਘੋਰ ਅਤੇ ਨਾਮੁਆਫੀਯੋਗ ਅਪਰਾਧ ਲਈ ਉਹ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਸਖ਼ਤ ਕਾਰਵਾਈ ਕਰਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਇੱਕ ਫੋਟੋ ਪ੍ਰਦਰਸ਼ਨੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੇਖਦਿਆਂ ਸੁਖਜਿੰਦਰ ਰੰਧਾਵਾ ਵੱਲੋਂ ਗੁਰੂ ਸਾਹਿਬ ਬਾਰੇ ਕੀਤੀਆਂ ਨਿਰਾਦਰ ਭਰੀਆਂ ਟਿੱਪਣੀਆਂ ਬੇਹੱਦ ਨਿੰਦਣਯੋਗ ਹਨ।

ਹੋਰ ਪੜ੍ਹੋ: ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪੂਰਨ ਭਰੋਸਾ ਜਤਾਇਆ

ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਪੂਰੀ ਦੁਨੀਆਂ ਵੱਲੋਂ ਗੁਰੂ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨ ਮਨਾਉਂਦਿਆਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਪੂਰੇ ਵਿਸ਼ਵ ਅੰਦਰ ਪਹੁੰਚਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਾਂਗਰਸੀ ਆਗੂ ਪਹਿਲੀ ਪਾਤਸ਼ਾਹੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਕੇ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ। ਉਹਨਾਂ ਕਿਹਾ ਕਿ ਰੰਧਾਵਾ ਵੱਲੋਂ ਕੀਤੀ ਘਿਨੌਣੀ ਹਰਕਤ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਮਾਰੀ ਹੈ, ਇਸ ਲਈ ਕਾਂਗਰਸੀ ਆਗੂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸਿਰਸਾ ਨੇ ਕਿਹਾ ਕਿ ਰੰਧਾਵਾ ਵੱਲੋਂ ਕੀਤੀ ਗੁਰੂ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਤੁਲਨਾ ਵਾਲੀ ਹੋਛੀ ਹਰਕਤ ਨੇ ਕਾਂਗਰਸੀਆਂ ਦੀ ਸਿੱਖ-ਵਿਰੋਧੀ ਮਾਨਸਿਕਤਾ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਰੰਧਾਵਾ ਮੁੱਖ ਮੰਤਰੀ ਦੀ ਖੁਸ਼ਾਮਦ ਕਰਨ ਸਮੇਂ ਇੰਨਾ ਥੱਲੇ ਡਿੱਗ ਗਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਜੀ ਲਈ ਘਟੀਆ ਵਿਸੇਸ਼ਣ ਇਸਤੇਮਾਲ ਕਰਦਿਆਂ ਬਿਲਕੁੱਲ ਵੀ ਸ਼ਰਮ ਨਹੀਂ ਆਈ।

ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਨਾਲ ਹਮਲਾ ਕਰਨ ਅਤੇ 1984 ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਸਿੱਖ ਧਰਮ ਉੱਤੇ ਹਮਲੇ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਜਿਹਾ ਕਰਕੇ ਉਹ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਕਿਹਾ ਕਿ ਰੰਧਾਵਾ ਵੱਲੋਂ ਗੁਰੂ ਸਾਹਿਬ ਦਾ ਕੀਤਾ ਅਪਮਾਨ ਵੀ ਉਸੇ ਸਾਜ਼ਿਸ਼ ਦਾ ਹਿੱਸਾ ਹੈ, ਜੋ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਵੱਲੋਂ ਸਿੱਖੀ ਨੂੰ ਨਿਸ਼ਾਨਾ ਬਣਾਉਣ ਲਈ ਸਿੱਖਾਂ ਖ਼ਿਲਾਫ ਲਗਾਤਾਰ ਰਚੀ ਜਾ ਰਹੀ ਹੈ।

-PTC News