News Ticker

ਰਾਜਨੀਤਿਕ ਮੈਦਾਨ 'ਚ ਭਾਜਪਾ ਨੇ ਮਚਾਈ ਖ਼ਲਬਲੀ, ਕਾਂਗਰਸ ਦੇ ਕਈ ਆਗੂ ਹੱਥ ਛੱਡ ਭਗਵੇ ਰੰਗ 'ਚ ਰੰਗੇ

By Jasmeet Singh -- June 04, 2022 9:03 pm -- Updated:June 04, 2022 9:08 pm

ਚੰਡੀਗੜ੍ਹ, 4 ਜੂਨ: ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਦੇ ਮੋਹਾਲੀ ਦੇ ਮੇਅਰ, ਚਾਰ ਸਾਬਕਾ ਮੰਤਰੀ ਅਤੇ ਇੱਕ ਸਾਬਕਾ ਵਿਧਾਇਕ ਸ਼ਨੀਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਸਾਬਕਾ ਵਿਧਾਇਕਾਂ ਨੇ ਵੀ ਭਗਵਾ ਪਾਰਟੀ ਦਾ ਪੱਲਾ ਫੜ ਲਿਆ।

ਇਹ ਵੀ ਪੜ੍ਹੋ : ਟੀਵੀ ਚੈਨਲ 'ਤੇ ਪਹਿਲੀ ਵਾਰ ਸਾਕਾ ਨੀਲਾ ਤਾਰਾ ਨਾਲ ਸੰਬੰਧਿਤ ਵੱਡੇ ਖ਼ੁਲਾਸੇ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਸਾਬਕਾ ਕਾਂਗਰਸੀ ਮੰਤਰੀ ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ।

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਚਾਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਿੱਚ ਸਾਬਕਾ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਨਜ਼ਰ ਆ ਰਹੇ ਸਨ, ਜੋ ਭਗਵਾ ਪਾਰਟੀ ਦਾ ਪੱਲਾ ਪਹਿਲਾਂ ਹੀ ਫੜ ਚੁੱਕੇ ਹਨ।

ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ 'ਚ ਕਾਂਗਰਸ 'ਚੋਂ ਕੱਢੇ ਗਏ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸ ਸਾਲ ਮਾਰਚ ਵਿੱਚ ਅਕਾਲੀ ਦਲ ਛੱਡਣ ਵਾਲੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਭਗਵਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ।

ਇਹ ਵੀ ਪੜ੍ਹੋ : ਓਡੀਸ਼ਾ 'ਚ ਵੱਡਾ ਫੇਰਬਦਲ, ਸਾਰੇ ਕੈਬਨਿਟ ਮੰਤਰੀਆਂ ਨੇ ਦਿੱਤਾ ਅਸਤੀਫ਼ਾ

ਇਸ ਦੇ ਨਾਲ ਮਾਲਵਾ ਖੇਤਰ ਦੇ ਤਿੰਨ ਸੀਨੀਅਰ ਸਿਆਸਤਦਾਨ ਕਾਂਗੜ, ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਸਿੰਗਲਾ, ਬਠਿੰਡਾ ਤੋਂ ਸਾਬਕਾ ਵਿਧਾਇਕ ਕਾਂਗੜ ਅਤੇ ਮੋਹਾਲੀ ਤੋਂ ਸਾਬਕਾ ਵਿਧਾਇਕ ਸਿੱਧੂ ਵੀ ਭਾਜਪਾ 'ਚ ਜਾ ਰਲੇ ਹਨ।

-PTC News

  • Share