ਕਾਨਪੁਰ- ਹਾਲਾਤ ਹੱਥੋਂ ਬੇਬਸ ਭੀਖ ਮੰਗ ਰਹੀ ਕੁੜੀ 'ਤੇ ਆਇਆ ਇਸ ਨੌਜਵਾਨ ਦਾ ਦਿਲ, ਵਿਆਹ ਦੇ ਬੰਧਨ 'ਚ ਬੱਝੇ

By Kaveri Joshi - May 24, 2020 4:05 pm

ਕਾਨਪੁਰ- ਹਾਲਾਤ ਹੱਥੋਂ ਬੇਬਸ ਭੀਖ ਮੰਗ ਰਹੀ ਕੁੜੀ 'ਤੇ ਆਇਆ ਇਸ ਨੌਜਵਾਨ ਦਾ ਦਿਲ, ਵਿਆਹ ਦੇ ਬੰਧਨ 'ਚ ਬੱਝੇ: ਪਹਿਲੀ ਨਜ਼ਰ 'ਚ ਮੁਹੱਬਤ ਦੀਆਂ ਅਨੇਕਾਂ ਕਹਾਣੀਆਂ ਸਾਡੇ ਸਨਮੁੱਖ ਆਉਂਦੀਆਂ ਰਹਿੰਦੀਆਂ ਹਨ, ਜਿਹਨਾਂ 'ਚ ਕੁਝ ਕਹਾਣੀਆਂ ਤਾਂ ਅਜਿਹੀਆਂ ਹੁੰਦੀਆਂ ਹਨ ਜੋ ਤੁਹਾਡੇ ਦਿਲ ਨੂੰ ਛੂਹ ਲੈਂਦੀਆਂ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਅਜਿਹੀ ਹੀ ਇੱਕ ਕਹਾਣੀ ਲੌਕਡਾਊਨ ਦੌਰਾਨ ਸਾਹਮਣੇ ਆਈ ਹੈ , ਜਿਸ 'ਚ ਇੱਕ ਭੀਖ ਮੰਗ ਰਹੀ ਕੁੜੀ ਨਾਲ ਨੌਜਵਾਨ ਨੂੰ ਪਿਆਰ ਹੋ ਗਿਆ ਅਤੇ ਉਹ ਵਿਆਹ ਦੇ ਬੰਧਨ 'ਚ ਬੱਝ ਗਏ ।

ਮਿਲੀ ਜਾਣਕਾਰੀ ਮੁਤਾਬਿਕ ਕੋਰੋਨਾ ਵਾਇਰਸ ਕਾਰਨ ਲਾਗੂ ਹੋਏ ਲੌਕਡਾਊਨ ਦੌਰਾਨ ਕਾਨਪੁਰ ਦੀ ਨੀਲਮ ਨੂੰ ਉਸ ਦੇ ਭਰਾ-ਭਾਬੀ ਨੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਅਤੇ ਮੁੜ ਕੇ ਵਾਤ ਤੱਕ ਨਾ ਪੁੱਛੀ , ਮੁਸੀਬਤ ਦੀ ਮਾਰੀ ਨੀਲਮ ਰੋਟੀ ਖਾਣ ਲਈ ਭਿਖਾਰੀਆਂ ਨਾਲ ਭੀਖ ਮੰਗਣ ਲਈ ਮਜਬੂਰ ਹੋ ਚੁੱਕੀ ਸੀ , ਇਸੇ ਦੌਰਾਨ ਅਨਿਲ ਨਾਮ ਦਾ ਨੌਜਵਾਨ ਉਸ ਲਈ ਰੱਬ ਬਣਕੇ ਬਹੁੜਿਆ । ਦਰਅਸਲ ਨੀਲਮ ਦੇ ਪਿਤਾ ਇਸ ਦੁਨੀਆਂ 'ਚ ਨਹੀਂ ਹਨ ਅਤੇ ਮਾਂ ਅਧਰੰਗ ਦੀ ਬਿਮਾਰੀ ਕਾਰਨ ਬੈੱਡ 'ਤੇ ਹੈ।

ਇਸੇ ਦੌਰਾਨ ਉਸਦੇ ਭਰਾ-ਭਰਜਾਈ ਵੱਲੋਂ ਉਸਦਾ ਸਹਾਰਾ ਬਣਨ ਦੀ ਥਾਂ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਜਿਸਦੇ ਚਲਦੇ ਉਹ ਪੇਟ ਭਰਨ ਦੀ ਖਾਤਰ ਭਿਖਾਰੀਆਂ ਨਾਲ ਰੋਟੀ ਮੰਗਣ ਆਉਂਦੀ ਸੀ। ਉਕਤ ਲੜਕਾ ਅਨਿਲ ਭਿਖਾਰੀਆਂ ਨੂੰ ਰੋਟੀ ਦੇਣ ਆਉਂਦਾ ਸੀ , ਇਸੇ ਦੌਰਾਨ ਉਸਦੀ ਮੁਲਾਕਾਤ ਨੀਲਮ ਨਾਲ ਹੋਈ ਅਤੇ ਉਸਨੂੰ ਨੀਲਮ ਦੇ ਘਰ ਦੀ ਹਾਲਤ ਬਾਰੇ ਪਤਾ ਲੱਗਾ। ਗੱਲਾਂ ਹੀ ਗੱਲਾਂ 'ਚ ਨੌਜਵਾਨ ਨੂੰ ਨੀਲਮ ਨਾਲ ਪਿਆਰ ਹੋ ਗਿਆ ਅਤੇ ਉਹਨਾਂ ਨੇ ਵਿਆਹ ਕਰਾ ਲਿਆ  ।

ਦੱਸ ਦੇਈਏ ਕਿ ਅਨਿਲ ਅਤੇ ਨੀਲਮ ਦੇ ਵਿਆਹ ਨੂੰ ਸਿਰੇ ਚੜ੍ਹਾਉਣ ਵਾਲਾ ਉਸਦਾ ਮਾਲਕ ਹੈ, ਜੋ ਕਿ ਇੱਕ ਪ੍ਰਾਪਰਟੀ ਡੀਲਰ ਹੈ । ਇਸੇ ਪ੍ਰਾਪਰਟੀ ਡੀਲਰ ਲਈ ਅਨਿਲ ਗੱਡੀ ਚਲਾਉਂਦਾ ਹੈ । ਅਨਿਲ ਦੇ ਮਾਲਕ ਦੇ ਦੱਸਣ ਅਨੁਸਾਰ ਅਨਿਲ ਖਾਣਾ ਵੰਡਣ ਉਨ੍ਹਾਂ ਦੇ ਨਾਲ ਜਾਂਦਾ ਸੀ , ਜਿੱਥੇ ਅਨਿਲ ਦਾ ਦਿਲ ਉਸ ਲੜਕੀ 'ਤੇ ਆ ਗਿਆ ।

ਇਸ ਬਾਰੇ ਜਾਨਣ ਤੋਂ ਬਾਅਦ ਅਨਿਲ ਦੇ ਮਾਲਕ ਲਾਲਤਾ ਪ੍ਰਸਾਦ ਨੇ ਵਿਚੋਲੇ ਦਾ ਕੰਮ ਕੀਤਾ ਅਤੇ ਅਨਿਲ ਦੇ ਪਿਤਾ ਨੂੰ ਵਿਆਹ ਲਈ ਮਨਾਇਆ , ਜਿਸ ਉਪਰੰਤ ਦੋਨੋਂ ਵਿਆਹ ਦੇ ਬੰਧਨ 'ਚ ਬੱਝ ਗਏ। ਅਨਿਲ ਅਤੇ ਨੀਲਮ ਦੀ ਮੁਹੱਬਤ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

adv-img
adv-img