ਹੋਰ ਖਬਰਾਂ

2023 ਤੋਂ ਸ਼ੁਰੂ ਹੋਣ ਵਾਲੇ ਮਿਸ ਯੂਨੀਵਰਸ ਮੁਕਾਬਲੇ ਲਈ ਯੋਗ ਹੋਣਗੀਆਂ ਵਿਆਹੁਤਾ ਔਰਤਾਂ ਅਤੇ ਮਾਵਾਂ

By Jasmeet Singh -- August 22, 2022 3:11 pm -- Updated:August 22, 2022 3:16 pm

ਮੁੰਬਈ, 22 ਅਗਸਤ: ਸਪੱਸ਼ਟ ਤੌਰ 'ਤੇ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਮਿਸ ਯੂਨੀਵਰਸ ਸੁੰਦਰਤਾ ਪ੍ਰਤੀਯੋਗਿਤਾ ਮਾਵਾਂ ਅਤੇ ਵਿਆਹੁਤਾ ਔਰਤਾਂ ਨੂੰ ਦਾਖਲ ਹੋਣ ਦੀ ਆਗਿਆ ਦੇ ਕੇ ਆਪਣੇ ਮੁਕਾਬਲੇ ਲਈ ਯੋਗਤਾ ਵਧਾ ਰਿਹਾ ਹੈ। ਫੌਕਸ ਨਿਊਜ਼ ਦੇ ਅਨੁਸਾਰ ਵਿਆਹੁਤਾ ਔਰਤਾਂ ਅਤੇ ਮਾਵਾਂ ਹੁਣ 2023 ਤੋਂ ਸ਼ੁਰੂ ਹੋਣ ਵਾਲੇ ਮੁਕਾਬਲੇ ਲਈ ਪ੍ਰਤੀਯੋਗੀਆਂ ਵਜੋਂ ਯੋਗ ਹੋਣਗੇ।

ਇਸਤੋਂ ਪਹਿਲਾਂ ਮਿਸ ਯੂਨੀਵਰਸ ਮੁਕਾਬਲੇ ਦੇ ਨਿਯਮਾਂ ਦੀ ਹਮੇਸ਼ਾ ਇਹ ਲੋੜ ਰਹੀ ਹੈ ਕਿ ਜੇਤੂ ਅਣਵਿਆਹੀ ਹੋਵੇ ਅਤੇ ਟਾਈਟਲ ਰੱਖਣ ਤੱਕ ਆਪਣੀ ਕਵਾਰੀ ਸਥਿਤੀ ਨੂੰ ਕਾਇਮ ਰੱਖੇ। ਦੱਸਣਯੋਗ ਹੈ ਕਿ ਮਾਵਾਂ ਨੂੰ ਇਤਿਹਾਸਕ ਤੌਰ 'ਤੇ ਇਸ ਮੁਕਾਬਲੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਜੇਤੂਆਂ ਨੂੰ ਮਿਸ ਯੂਨੀਵਰਸ ਵਜੋਂ ਸੇਵਾ ਕਰਦੇ ਹੋਏ ਗਰਭ ਧਾਰਣ 'ਤੇ ਰੋਕ ਹੁੰਦੀ ਸੀ।

ਮਿਸ ਯੂਨੀਵਰਸ 2020 ਵਿਜੇਤਾ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਨਿਯਮਾਂ 'ਚ ਬਦਲਾਅ ਦੀ ਸ਼ਲਾਘਾ ਕੀਤੀ। ਉਸਨੇ ਸਥਾਪਿਤ ਨਿਯਮਾਂ ਨੂੰ ਗੈਰ-ਯਥਾਰਥਵਾਦੀ ਕਰਾਰ ਦਿੱਤਾ। ਉਸਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਇਸ ਬਦਲਾਅ ਤੋਂ ਬਹੁਤ ਖੁਸ਼ ਹਾਂ। ਜਿਵੇਂ ਸਮਾਜ ਬਦਲ ਰਿਹਾ ਅਤੇ ਔਰਤਾਂ ਹੁਣ ਲੀਡਰਸ਼ਿਪ ਦੇ ਅਹੁਦਿਆਂ 'ਤੇ ਕਾਬਜ਼ ਹੋ ਰਹੀਆਂ ਹਨ ਜਿੱਥੇ ਪਹਿਲਾਂ ਸਿਰਫ ਮਰਦ ਹੁੰਦੇ ਸਨ, ਇਹ ਸਮਾਂ ਹੈ ਕਿ ਮੁਕਾਬਲਾ ਹੁਣ ਪਰਿਵਾਰਾਂ ਵਾਲੀ ਔਰਤਾਂ ਲਈ ਖੁੱਲ੍ਹ ਜਾਵੇ।

ਮੇਜ਼ਾ ਨੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੀ ਆਲੋਚਨਾ ਕੀਤੀ ਤੇ ਕਿਹਾ ਕੁਝ ਲੋਕ ਇਹਨਾਂ ਤਬਦੀਲੀਆਂ ਦੇ ਵਿਰੁੱਧ ਹਨ ਕਿਉਂਕਿ ਉਹ ਹਮੇਸ਼ਾ ਇੱਕ ਅਜਿਹੀ ਸੁੰਦਰੀ ਨੂੰ ਦੇਖਣਾ ਚਾਹੁੰਦੇ ਸਨ ਜੋ ਰਿਸ਼ਤਾ ਬਣਾਉਣ ਲਈ ਉਪਲਬਧ ਹੋਵੇ। ਮਿਸ ਯੂਨੀਵਰਸ ਪ੍ਰਤੀਯੋਗਿਤਾ ਦੁਨੀਆ ਭਰ ਦੇ 163 ਤੋਂ ਵੱਧ ਖੇਤਰਾਂ ਅਤੇ ਦੇਸ਼ਾਂ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ।

ਪੰਜਾਬ ਦੀ ਹਰਨਾਜ਼ ਸੰਧੂ ਨੇ 70ਵੇਂ ਮਿਸ ਯੂਨੀਵਰਸ 2021 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਇਜ਼ਰਾਈਲ ਵਿਚ ਹੋਈ ਇਸ ਪ੍ਰਤੀਯੋਗਿਤਾ ਨੂੰ ਜਿੱਤਿਆ। ਹਰਨਾਜ਼ ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀਆਂ, 1994 ਵਿੱਚ ਅਭਿਨੇਤਰੀ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ, ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ।

ਇਹ ਵੀ ਪੜ੍ਹੋ: ਰਾਸ਼ਟਰੀ ਰਾਜਮਾਰਗ ਬਣਾਉਣ ਲਈ 1.5 ਕਰੋੜ ਰੁਪਏ ਦੀ ਕੋਠੀ ਨੂੰ ਚੁੱਕ 500 ਫੁੱਟ ਦੂਰ ਤਬਦੀਲ ਕੀਤਾ


-PTC News

  • Share