ਮੌੜ ਮੰਡੀ ਬੰਬ ਧਮਾਕਾ ਮਾਮਲਾ :ਹਾਈਕੋਰਟ ਵੱਲੋਂ ਐੱਸ.ਆਈ.ਟੀ. ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ

Maur Mandi bomb blast case :High Court SIT status report submit Order

ਮੌੜ ਮੰਡੀ ਬੰਬ ਧਮਾਕਾ ਮਾਮਲਾ :ਹਾਈਕੋਰਟ ਵੱਲੋਂ ਐੱਸ.ਆਈ.ਟੀ. ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ:ਮੌੜ ਮੰਡੀ ਬੰਬ ਧਮਾਕੇ ਮਾਮਲੇ ਵਿੱਚ ਅੱਜ ਹਾਈਕੋਰਟ ਨੇ ਐੱਸ.ਆਈ.ਟੀ. ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।ਦੱਸਣਯੋਗ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ ਦੀ ਸ਼ਾਮ ਨੂੰ ਵਿਧਾਨ ਸਭਾ ਹਲਕਾ ਮੌੜ ਮੰਡੀ ‘ਚ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਨੁੱਕੜ ਮੀਟਿੰਗ ਨੇੜੇ ਵੱਡਾ ਬਲਾਸਟ ਹੋ ਗਿਆ ਸੀ।ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ 4 ਦਿਨ ਪਹਿਲਾਂ ਹੀ ਇਹ ਬੰਬ ਧਮਾਕਾ ਹੋਇਆ ਸੀ।

ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਮੌੜ ਮੰਡੀ ਵਿਖੇ ਨੁੱਕੜ ਮੀਟਿੰਗ ਦੌਰਾਨ ਹੋਏ 2 ਕਾਰ ਬੰਬ ਧਮਾਕਿਆਂ ਵਿਚ 7 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚ 5 ਬੱਚੇ ਵੀ ਸ਼ਾਮਿਲ ਸਨ।ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਐੱਸ.ਆਈ.ਟੀ.ਟੀਮ ਦੇ ਮੁਖੀ ਡੀ.ਆਈ.ਜੀ.ਰਣਬੀਰ ਸਿੰਘ ਖੱਟੜਾ ਹਨ।

ਇਸ ਸਬੰਧੀ ਅਦਾਲਤ ਨੇ ਅੱਜ ਸੁਣਵਾਈ ਦੌਰਾਨ ਐੱਸ.ਆਈ.ਟੀ. ਮੁਖੀ ਰਣਬੀਰ ਸਿੰਘ ਖੱਟੜਾ ਨੂੰ ਮਾਮਲੇ ਸਬੰਧੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਨੂੰ 25 ਸਤੰਬਰ ਤੱਕ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।ਅਦਾਲਤ ਨੇ ਖੱਟੜਾ ਨੂੰ ਫ਼ਟਕਾਰ ਲਾਉਂਦਿਆਂ ਕਿਹਾ, “ਬਹੁਤ ਹੋ ਗਿਆ ਤੁਸੀਂ ਕਾਫ਼ੀ ਭਰੋਸੇ ਦਿੱਤੇ।ਹੁਣ ਅਦਾਲਤ ਨਤੀਜਾ ਚਾਹੁੰਦੀ ਹੈ।ਜੇ ਤੁਸੀਂ ਇਹ ਜਾਣਕਾਰੀ ਸਾਰਿਆਂ ਸਾਹਮਣੇ ਪੇਸ਼ ਨਹੀਂ ਕਰ ਸਕਦੇ ਤਾਂ ਸੀਲਬੰਦ ਲਿਫ਼ਾਫ਼ੇ ‘ਚ ਪਾ ਕੇ ਦੇ ਸਕਦੇ ਹੋ।ਸੁਣਵਾਈ ਦੌਰਾਨ ਉਨ੍ਹਾਂ ਦੱਸਿਆ ਕਿ ਫ਼ਰਾਰ ਦੋਸ਼ੀਆਂ ਵਿਰੁੱਧ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਦੀ ਭਾਲ ਲਈ ਕੇਰਲ ਤੱਕ ਛਾਪੇਮਾਰੀ ਕੀਤੀ ਗਈ ਹੈ।

ਪਿਛਲੀ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਸਟੇਟਸ ਰਿਪੋਰਟ ‘ਤੇ ਨਾਖੁਸ਼ੀ ਜਤਾਈ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਸੁਣਵਾਈ ਦੇ ਵਿੱਚ ਐੱਸ.ਆਈ.ਟੀ. ਟੀਮ ਦੇ ਮੁਖੀ ਨੂੰ ਪੇਸ਼ ਹੋਣ ਲਈ ਕਿਹਾ ਹੈ।
-PTCNews