ਪੰਜਾਬ

ਪੰਜਾਬ 'ਚ ਲੰਪੀ ਸਕਿਨ ਕਾਰਨ ਦੁੱਧ ਦਾ ਉਤਪਾਦਨ 20 ਫੀਸਦੀ ਘਟਿਆ, ਕਿਸਾਨਾਂ ਨੇ ਕੀਤੀ ਇਹ ਮੰਗ 

By Pardeep Singh -- August 29, 2022 11:30 am

ਚੰਡੀਗੜ੍ਹ: ਲੰਪੀ ਸਕਿਨ ਦੀ ਬਿਮਾਰੀ ਕਾਰਨ ਪੰਜਾਬ ਵਿੱਚ ਗਾਵਾਂ ਮਰ ਰਹੀਆ ਹਨ। ਪਸ਼ੂ ਪਾਲਕਾਂ ਦਾ ਲੰਪੀ ਸਕਿਨ ਬਿਮਾਰੀ ਨੇ ਬਹੁਤ ਨੁਕਸਾਨ ਕੀਤਾ ਹੈ।ਪੰਜਾਬ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਦੀ ਬਿਮਾਰੀ ਫੈਲਣ ਕਾਰਨ ਦੁੱਧ ਉਤਪਾਦਨ ਵਿੱਚ 15 ਤੋਂ 20 ਫੀਸਦੀ ਦੀ ਕਮੀ ਆਈ ਹੈ। ਸੂਬੇ ਦੀ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਬਿਮਾਰੀ ਪਸ਼ੂਆਂ, ਖਾਸ ਕਰਕੇ ਗਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪਸ਼ੂਆਂ ਦੀ ਮੌਤ ਦਾ ਕਾਰਨ ਬਣਦੀ ਹੈ।

ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦਾ ਕਹਿਣਾ ਹੈ ਕਿ ਪਸ਼ੂਆਂ 'ਤੇ ਨਿਰਭਰ ਛੋਟੇ ਅਤੇ ਦਰਮਿਆਨੇ ਡੇਅਰੀ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਦੇ ਡੇਅਰੀ ਕਿਸਾਨਾਂ ਨੇ ਸਰਕਾਰ ਤੋਂ ਪ੍ਰਤੀ ਪਸ਼ੂ 50,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਦੇ ਘਰ ਦਾ ਖਰਚਾ ਡੇਅਰੀ ਨਾਲ ਚੱਲਦਾ ਸੀ ਪਰ ਗਾਵਾਂ ਦੇ ਮਾਰਨ ਕਾਰਨ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਵੀ ਔਖਾ ਹੋ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਕੁੱਲ 1.26 ਲੱਖ ਪਸ਼ੂ ਲੰਪੀ ਸਕਿਨ ਤੋਂ ਪ੍ਰਭਾਵਿਤ ਹੋਏ ਹਨ, ਜਦੋਂ ਕਿ ਬਿਮਾਰੀ ਕਾਰਨ ਹੁਣ ਤੱਕ 10,000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਸਦਰਪੁਰਾ ਦਾ ਦਾਅਵਾ ਹੈ ਕਿ ਜੁਲਾਈ ਤੋਂ ਹੁਣ ਤੱਕ ਸੂਬੇ ਵਿੱਚ ਬਿਮਾਰੀ ਕਾਰਨ ਇੱਕ ਲੱਖ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਬਿਮਾਰੀ ਦੇ ਕਾਰਨ ਪੰਜਾਬ ਵਿੱਚ ਦੁੱਧ ਦੇ ਉਤਪਾਦਨ ਵਿੱਚ ਕਰੀਬ 15 ਤੋਂ 20 ਫੀਸਦੀ ਦੀ ਕਮੀ ਆਈ ਹੈ। ਸਦਰਪੁਰਾ ਨੇ ਦੱਸਿਆ ਕਿ ਪੰਜਾਬ ਵਿੱਚ ਗਾਵਾਂ ਅਤੇ ਮੱਝਾਂ ਦਾ ਕੁੱਲ ਦੁੱਧ ਉਤਪਾਦਨ 3 ਕਰੋੜ ਲੀਟਰ ਪ੍ਰਤੀ ਦਿਨ ਹੁੰਦਾ ਹੈ, ਜਿਸ ਵਿੱਚੋਂ 1.25 ਕਰੋੜ ਲੀਟਰ ਮੰਡੀ ਵਿੱਚ ਵਿਕਦਾ ਹੈ। ਡੇਅਰੀ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਐਲਐਸਡੀ ਕਾਰਨ ਮਰਨ ਵਾਲੇ ਪਸ਼ੂ ਪ੍ਰਤੀ 50,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:ਪਾਕਿਸਤਾਨ 'ਚ ਮਹਿੰਗਾਈ ਦੀ ਵੱਡੀ ਮਾਰ, 700 ਰੁਪਏ ਤੱਕ ਪਹੁੰਚ ਸਕਦੇ ਹਨ ਟਮਾਟਰ

-PTC News

  • Share